ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਕਤੂਬਰ
ਖੇਤੀ ਕਾਨੂੰਨ ਖ਼ਿਲਾਫ਼ ਕਿਸਾਨ ਅੰਦੋਲਨਾਂ ਕਾਰਨ ਜਿੱਥੇ ਰੇਲਵੇ ਸਟੇਸ਼ਨਾਂ ’ਤੇ ਸੁੰਨ ਪਸਰੀ ਹੋਈ ਹੈ ਉਥੇ ਸੂਬੇ ਵਿੱਚ ਟੌਲ ਪਲਾਜ਼ਾ, ਰੇਲਵੇ ਅਤੇ ਪੈਟਰੋਲ ਪੰਪਾਂ ’ਤੇ ਮਾਲੀ ਘਾਟਾ ਵਧਦਾ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੰਜਾਬ ਵਿੱਚ 33 ਵੱਖ ਵੱਖ ਥਾਵਾਂ ’ਤੇ ਕਿਸਾਨ ‘ਰੇਲ ਰੋਕੋ ਅੰਦੋਲਨ’ ਦੌਰਾਨ ਰੇਲ ਪਟੜੀਆਂ ’ਤੇ ਅੱਸੂ ਮਹੀਨੇ ਦੀਆਂ ਰਾਤਾਂ ਕੱਟ ਰਹੇ ਹਨ। ਕੇਂਦਰ ਸਰਕਾਰ ਨੇ ਭਾਵੇਂ ਸੰਘਰਸ਼ ਨੂੰ ਕਥਿਤ ਢਾਹ ਲਾਉਣ ਦੇ ਮਕਸਦ ਨਾਲ ਇਸ ਵਾਰ ਝੋਨੇ ਦੀ ਖਰੀਦ 27 ਸਤੰਬਰ ਨੂੰ ਸ਼ੁਰੂ ਕਰਵਾ ਦਿੱਤੀ ਪਰ ਝੋਨੇ ਦੀ ਵਾਢੀ ਵੀ ਕਿਸਾਨੀ ਸੰਘਰਸ਼ ਮੱਠਾ ਨਹੀਂ ਪਾ ਸਕੀ। ਪੰਜਾਬ ਵਿੱਚ ਸਮੁੱਚੀ ਰੇਲ ਆਵਾਜਾਈ ਮੁਕੰਮਲ ਠੱਪ ਹੋਣ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹਨ ਉੱਥੇ ਹੀ ਰੇਲਵੇ ਨੂੰ ਕਰੀਬ 300 ਕਰੋੜ ਦਾ ਘਾਟਾ ਪਿਆ ਹੈ। ਉੱਤਰੀ ਰੇਲਵੇ ਦੇ ਸੂਤਰਾਂ ਮੁਤਾਬਕ ‘ਰੇਲ ਰੋਕੋ ਅੰਦੋਲਨ’ ਸ਼ੁਰੂ ਹੋਣ ਤੋਂ ਪਹਿਲਾਂ 24 ਸਤੰਬਰ ਨੂੰ ਰੋਜ਼ਾਨਾ ਲਗਭਗ 28 ਮਾਲ ਤੇ 14 ਯਾਤਰੀ ਗੱਡੀਆਂ ਪੰਜਾਬ ਤੋਂ ਚੱਲ ਰਹੀਆਂ ਸਨ ਅਤੇ ਫਿਰੋਜ਼ਪੁਰ ਡਵੀਜ਼ਨ ਸੂਬੇ ਤੋਂ ਰੋਜ਼ਾਨਾ ਲਗਭਗ 14 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰ ਰਿਹਾ ਸੀ। ਪੰਜਾਬ ਤੋਂ 650 ਮਾਲ ਗੱਡੀਆਂ ਰਾਹੀਂ 23 ਸਤੰਬਰ ਤੱਕ ਰੇਲਵੇ ਨੂੰ ਮਾਲੀਏ ਵਜੋਂ 327 ਕਰੋੜ ਰੁਪਏ ਦੀ ਆਮਦਨ ਹੋਈ ਸੀ ਪਰ ਹੁਣ ਰੇਲਵੇ ਨੂੰ ਮਾਲ ਢੁਆਈ ਦੀ ਆਮਦਨ ਦੇ ਹਿਸਾਬ ਨਾਲ 23 ਦਿਨਾਂ ਵਿੱਚ ਲਗਭਗ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ’ਚ 7 ਅਕਤੂਬਰ ਤੱਕ ਯਾਤਰੀਆਂ ਨੂੰ 55 ਲੱਖ ਰੁਪਏ ਦਾ ਰਿਫੰਡ ਕੀਤਾ ਹੈ। ਪੰਜਾਬ ਵਿੱਚ 8 ਅਕਤੂਬਰ ਤੱਕ ਐੱਨਐੱਚਏਆਈ ਨੂੰ ਲਗਭਗ 8 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਉੱਤਰੀ ਰੇਲਵੇ ਫਿਰੋਜ਼ਪੁਰ ਡਵੀਜ਼ਨਲ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਮੁਤਾਬਕ ਹਰ ਇੱਕ ਨੂੰ ਰੋਸ ਪ੍ਰਗਟਾਵਾ ਕਰਨ ਅਧਿਕਾਰ ਹੈ। ਉਨ੍ਹਾਂ ਕਿਸਾਨਾਂ ਦੇ ਸ਼ਾਂਤੀਪੂਰਵਕ ਧਰਨਿਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਿਸਾਨਾਂ ਨੇ ਰੇਲਵੇ ਸੰਪਤੀ ਦਾ ਕੋਈ ਨੁਕਸਾਨ ਨਹੀਂ ਕੀਤਾ। ਹੁਣ ਧਰਨਿਆਂ ਕਾਰਨ ਉਨ੍ਹਾਂ ਦੀ ਆਵਾਜ਼ ਕੇਂਦਰ ਸਰਕਾਰ ਕੋਲ ਪਹੁੰਚ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਲੋਕ ਹਿੱਤ ਵਿੱਚ ਧਰਨੇ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਥੇ ਸਰਕਾਰੀ ਮੁਲਾਜ਼ਮ, ਆਮ ਲੋਕ ਖ਼ੁਆਰ ਹੋ ਰਹੇ ਹਨ ਉਥੇ ਖਾਦ ਤੇ ਕੋਲੇ ਦੀ ਘਾਟ ਰੜਕਣ ਲੱਗੀ ਹੈ।
ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਅਹਿਦ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ‘ਰੇਲ ਰੋਕੋ ਅੰਦੋਲਨ’ ਅੱਜ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਦੇਵੀਦਾਸਪੁਰ ਵਿੱਚ ਅੱਜ ਦਾ ‘ਰੇਲ ਰੋਕੋ ਅੰਦੋਲਨ’ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ। ਕਿਸਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਅਹਿਦ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ ਅਤੇ ਗੁਰਬਚਨ ਸਿੰਘ ਚੱਬਾ ਨੇ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਝੂਠਾ ਕਤਲ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਕਿਸਾਨ ਅੰਦੋਲਨਾਂ ਦੌਰਾਨ ਸੰਗਰੂਰ, ਬੁਢਲਾਢਾ ਅਤੇ ਬਰਨਾਲਾ ਵਿੱਚ ਹੋਈਆਂ ਸ਼ਹਾਦਤਾਂ ਸਬੰਧੀ ਪੀੜਤ ਪਰਿਵਾਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਤੇਜ਼ ਕਰਦਿਆਂ 23 ਅਕਤੂਬਰ ਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਕਿਸਾਨ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਸ ਤਰ੍ਹਾਂ ਡੀਸੀ ਦਫ਼ਤਰ ਤਰਨ ਤਾਰਨ, ਫਿਰੋਜ਼ਪੁਰ, ਜ਼ੀਰਾ, ਗੁਰੂ ਹਰਸਹਾਏ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਟਾਂਡਾ ਵਿੱਚ ਮੋਦੀ, ਅੰਬਾਨੀ ਤੇ ਅਡਾਨੀ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ।