ਪਰਸ਼ੋਤਮ ਬੱਲੀ
ਬਰਨਾਲਾ, 27 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਇੱਥੇ ਰੇਲਵੇ ਸਟੇਸ਼ਨ ’ਤੇ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਮੋਰਚੇ ਦੇ 5ਵੇਂ ਮਹੀਨੇ ’ਚ ਦਾਖ਼ਲ ਹੋਣ ’ਤੇ ਅੱਜ ਗ਼ਦਰ ਲਹਿਰ ਦੇ ਪਹਿਲੇ ਸ਼ਹੀਦ ਪੰਡਤ ਕਾਂਸ਼ੀ ਰਾਮ ਮੜੌਲੀ ਅਤੇ ਤਿੰਨ ਹੋਰ ਗ਼ਦਰੀਆਂ ਬਖਸ਼ੀਸ਼ ਸਿੰਘ, ਜੀਵਨ ਸਿੰਘ ਅਤੇ ਧਿਆਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਅੱਜ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਜਗਸੀਰ ਸਿੰਘ ਸੀਰਾ, ਪ੍ਰੇਮਪਾਲ ਕੌਰ ਆਦਿ ਬੁੁਲਾਰਿਆਂ ਨੇ ਬੰਦ ਨੂੰ ਭਰਪੂਰ ਹੁੰਗਾਰੇ ਲਈਹ ਕਿਸਾਨਾਂ, ਮਜ਼ਦੂਰਾਂ, ਮੁੁਲਾਜ਼ਮਾਂ, ਨੌਜਵਾਨਾਂ, ਜਨਤਕ ਜਮਹੂਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ 29 ਮਾਰਚ ਨੂੰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲਾ ਮਹੱਲਾ ਮਨਾਇਆ ਜਾਵੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਅੰਦੋਲਨ ਦੇ 4 ਮਹੀਨੇ ਬੀਤਣ ’ਤੇ ਬੀਤੇ ਦਿਨ ਭਾਰਤ ਬੰਦ ਦੇ ਸੱਦੇ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਅੱਜ ਮਾਲਵਾ ਖੇਤਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਧਰਨਿਆਂ ਦੌਰਾਨ ਮੋਦੀ ਖ਼ਿਲਾਫ਼ ਨਾਅਰਿਆਂ ਦੀ ਆਵਾਜ਼ ਹੋਰ ਉੱਚੀ ਹੋਈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 28 ਮਾਰਚ ਨੂੰ ਸਾਰੇ ਧਰਨਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲੀ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੋਲੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਧਰਨੇ ਨੂੰ ਨਿਰਮਲ ਸਿੰਘ ਝੰਡੂਕੇ ਨੇ ਸੰਬੋਧਨ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਮਹਿਲ ਕਲਾਂ ਵਿੱਚ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਅੱਜ ਕਿਸਾਨਾਂ ਨੇ 27 ਮਾਰਚ, 1915 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ’ਤੇ ਲਟਕਾ ਕੇ ਸ਼ਹੀਦ ਕੀਤੇ ਗਏ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੇ ਦਿਨ ਅੰਗਰੇਜ਼ ਹਕੂਮਤ ਵੱਲੋਂ ਗ਼ਦਰ ਲਹਿਰ ਦੇ ਮਹਾਨ ਯੋਧਿਆਂ ਹਜ਼ਾਰਾ ਸਿੰਘ, ਜੀਵਨ ਸਿੰਘ, ਅਰਜਨ ਸਿੰਘ, ਬਖਸ਼ੀਸ਼ ਸਿੰਘ ਨੂੰ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ ਸੀ ਤੇ ਅੱਜ ਦੀ ਕਿਸਾਨ ਲਹਿਰ ਉਨ੍ਹਾਂ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲ ਰਹੀ ਹੈ। ਆਗੂਆਂ ਨੇ ਇਲਾਕੇ ਦੇ ਸਮੂਹ ਵਸਨੀਕਾਂ ਤੇ ਦੁਕਾਨਦਾਰਾਂ ਦਾ ਭਾਰਤ ਬੰਦ ਲਈ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪੈਟਰੋਲ ਪੰਪ ’ਤੇ ਚੱਲ ਰਹੇ ਧਰਨੇ ਵਿੱਚ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਸੂਬਾ ਆਗੂ ਸਰੋਜ ਦਿਆਲਪੁਰਾ ਨੇ ਕਿਹਾ ਕਿ ਜਥੇਬੰਦੀ ਦੇ ਵਾਧੇ ਲਈ ਤੇ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਜਥੇਬੰਦੀ ਵਿੱਚ ਔਰਤਾਂ ਦੀ ਪੁਰਸ਼ਾਂਂ ਦੇ ਬਰਾਬਰ ਸ਼ਮੂਲੀਅਤ ਜ਼ਰੂੁਰੀ ਹੈ। ਇਸ ਲਈ ਪਿੰਡ ਦੇ ਡੇਰੇ ਵਿੱਚ ਔਰਤਾਂ ਦਾ ਇਕੱਠ ਕਰ ਕੇ ਸਰਬਸੰਮਤੀ ਨਾਲ ਫੂਲਮਤੀ ਕੌਰ ਨੂੰ ਜਨਰਲ ਸਕੱਤਰ, ਗੁਰਮੀਤ ਕੌਰ ਖ਼ਜਾਨਚੀ, ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚਿਆਂ ਵਿੱਚ ਬਲਾਕ ਨਥਾਣਾ ਅਤੇ ਬਲਾਕ ਰਾਮਪੁਰਾ ਦੇ ਲੋਕਾਂ ਵੱਲੋਂ ਭਾਰਤ ਬੰਦ ਦੌਰਾਨ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਆਗੂ ਮੋਠੂ ਸਿੰਘ, ਪਰਮਜੀਤ ਪਿੱਥੋ, ਹੁਸ਼ਿਆਰ ਸਿੰਘ, ਬਲਜੀਤ ਸਿੰਘ, ਲਖਵੀਰ ਸਿੰਘ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ, ਇਸ ਖ਼ਿਲਾਫ਼ ਦੇਸ਼ ਦਾ ਹਰ ਵਰਗ ਵਿਰੋਧ ਜਤਾ ਰਿਹਾ ਹੈ। ਇਸ ਮੌਕੇ ਬਲਕਰਨ ਸਿੰਘ, ਸੁਖਵੀਰ ਸਿੰਘ, ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ, ਜਗਜੀਤ ਸਿੰਘ, ਜਗਜੀਤ ਸਿੰਘ, ਸਿਮਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਦਿੱਲੀ ਮੋਰਚੇ ’ਚ ਭੈਣੀਬਾਘਾ ਦਾ ਕਿਸਾਨ ਜ਼ਖ਼ਮੀ
ਮਾਨਸਾ: ਦਿੱਲੀ ਕਿਸਾਨ ਮੋਰਚੇ ਦੌਰਾਨ ਗਰਮੀ ਤੋਂ ਬਚਾਅ ਲਈ ਬਾਂਸ ਦਾ ਕਮਰਾ ਬਣਾ ਰਿਹਾ ਪਿੰਡ ਭੈਣੀਬਾਘਾ ਦਾ ਨੌਜਵਾਨ ਕਿਸਾਨ ਤੇ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਛੋਟਾ ਭਰਾ ਬਘੇਲ ਸਿੰਘ ਉਸ ਵੇਲੇ ਜ਼ਖ਼ਮੀ ਹੋ ਗਿਆ, ਜਦੋਂ ਬਾਂਸ ਦੀ ਲੱਕੜ ਨੂੰ ਕੱਟਣ ਵਾਲਾ ਕਟਰ ਹੱਥ ’ਚੋਂ ਨਿਕਲ ਕੇ ਉਸ ਦੀ ਲੱਤ ਵਿੱਚ ਜਾ ਲੱਗਿਆ। ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਰੋਹਤਕ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੋਰਾ ਸਿੰਘ ਭੈਣੀਬਾਘਾ ਨੇ ਫੋਨ ’ਤੇ ਦੱਸਿਆ ਕਿ ਬਘੇਲ ਸਿੰਘ ਦੀ ਲੱਤ ਦੀ ਹੱਡੀ ਕੱਟੀ ਗਈ ਹੈ, ਜਿਸ ਨੂੰ ਇਲਾਜ ਲਈ ਪਹਿਲਾਂ ਬਹਾਦਰਗੜ੍ਹ ਤੇ ਫਿਰ ਪੀਜੀਆਈ ਰੋਹਤਕ ’ਚ ਦਾਖ਼ਲ ਕਰਵਾਇਆ ਗਿਆ।
ਸਿਰਸਾ ’ਚ ਰੇਲਗੱਡੀ ਰੋਕਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ
ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੌਰਾਨ ਸਿਰਸਾ ਵਿੱਚ ਰੇਲ ਗੱਡੀ ਰੋਕਣ ਵਾਲੇ ਕਿਸਾਨਾਂ ਖ਼ਿਲਾਫ਼ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਭਾਰਤ ਬੰਦ ਦੌਰਾਨ ਰਿਵਾੜੀ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੇਲਗੱਡੀ ਨੂੰ ਸਿਰਸਾ ਰੇਲਵੇ ਸਟੇਸ਼ਨ ’ਤੇ ਰੋਕਣ ਵਾਲੇ ਸੈਂਕੜੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰੇਲਵੇ ਪੁਲੀਸ ਫੋਰਸ ਵੱਲੋਂ ਸਟੇਸ਼ਨ ਮਾਸਟਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਔਰਤਾਂ ਦਾ ਜਥਾ ਦਿੱਲੀ ਰਵਾਨਾ
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਕੁਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਆਗੂ ਸੁਖਵਿੰਦਰ ਕੌਰ ਬੋੜਾਵਾਲ ਦੀ ਅਗਵਾਈ ਹੇਠ ਔਰਤਾਂ ਦਾ ਜਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਜਥੇ ਨਾਲ ਇੱਕ ਦਰਜਨ ਕਿਸਾਨ-ਮਜ਼ਦੂਰ ਵੀ ਸ਼ਾਮਲ ਸਨ। ਇਸ ਮੌਕੇ ਕਿਸਾਨ ਹਰਮੀਤ ਸਿੰਘ ਬੋੜਾਵਾਲ ਨੇ ਕਿਹਾ ਕਿ ਬੀਤੇ ਦਿਨ ਦੇ ਬੰਦ ਦੌਰਾਨ ਉਪਜੀ ਸਥਿਤੀ ਵਿੱਚ ਕਿਸਾਨ ਔਰਤਾਂ ਤੇ ਮਜ਼ਦੂਰਾਂ ਵਿੱਚ ਕਿਸਾਨੀ ਸੰਘਰਸ਼ ਪ੍ਰਤੀ ਡੂੰਘੀ ਹਮਦਰਦੀ ਦੇਖਣ ਨੂੰ ਮਿਲੀ। ਇਸੇ ਕਰਕੇ ਨੇੜਲੇ ਪਿੰਡਾਂ ਦੀਆਂ ਔਰਤਾਂ ਦਿੱਲੀ ਮੋਰਚੇ ’ਚ ਜਾਣ ਲਈ ਉਤਾਵਲੀਆਂ ਹੋ ਰਹੀਆਂ ਹਨ। ਬੀਬੀ ਕਲਾਵੰਤੀ ਨੇ ਦੱਸਿਆ ਕਿ ਉਹ ਦੋ ਵਾਰ ਦਿੱਲੀ ਦੇ ਟਿਕਰੀ ਬਾਰਡਰ ’ਤੇ ਜਾ ਕੇ ਆਈ ਸੀ ਪਰ ਕਿਸਾਨਾਂ ਦਾ ਦਰਦ ਮਹਿਸੂਸ ਕਰਦਿਆਂ ਉਹ ਅੱਜ ਫਿਰ ਦਿੱਲੀ ਜਾ ਰਹੀ ਹੈ। ਇਸ ਜਥੇ ਵਿੱਚ ਕਾਲਜ ਵਿਦਿਆਰਥਣ ਜਸ਼ਨਦੀਪ ਕੌਰ ਸੇਖੋਂ, ਬਰਿੰਦਰਦੀਪ ਕੌਰ, ਜਸਪ੍ਰੀਤ ਕੌਰ ਸੇਖੋਂ, ਅਮਰਜੀਤ ਕੌਰ, ਸਹਿਜਪ੍ਰੀਤ ਕੌਰ ਸ਼ਾਮਲ ਸਨ।