ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਕੋਵਿਡ ਕਾਰਨ ਜਾਰੀ ਪਾਬੰਦੀਆਂ ਤੋਂ ਬਾਅਦ ਬੰਦ ਪਿਆ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਇਸ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕਾਰ ਬਾਜ਼ਾਰ ਦੇ ਡੀਲਰਾਂ ਨੂੰ ਦਿੱਤੀ ਗਈ ਰਾਹਤ ਬਾਰੇ ਅੱਜ ਚੰਡੀਗੜ੍ਹ ਕਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਵਫ਼ਦ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਮਿਲਿਆ ਤੇ ਕਾਰ ਬਾਜ਼ਾਰ ਡੀਲਰਾਂ ਨੂੰ ਫੀਸ ਵਿੱਚ ਦਿੱਤੀ ਰਾਹਤ ਲਈ ਧੰਨਵਾਦ ਕੀਤਾ। ਵਫ਼ਦ ਦੇ ਨਾਲ ਨਗਰ ਨਿਗਮ ਦੇ ਕੌਂਸਲਰ ਦਵੇਸ਼ ਮੌਦਗਿਲ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਾਰ ਬਾਜ਼ਾਰ ਡੀਲਰਾਂ ਦੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਦੇ ਬੀਤੇ ਦਿਨ ਨਿਗਮ ਹਾਊਸ ਦੀ ਮੀਟਿੰਗ ਵਿੱਚ ਇੱਥੇ ਮਨੀਮਾਜਰਾ ਵਿੱਚ ਲੱਗਣ ਵਾਲੇ ਹਫ਼ਤਾਬਾਰੀ ਬਾਜ਼ਾਰ ਲਈ ਪ੍ਰਤੀ ਡੀਲਰ ਵਸੂਲੀ ਜਾਣ ਵਾਲੀ ਫੀਸ ਨੂੰ ਸਤੰਬਰ ਤੱਕ ਅੱਧਾ ਵਸੂਲਣ ਦਾ ਫ਼ੈਸਲਾ ਕੀਤਾ ਸੀ।