ਕਰਮਜੀਤ ਸਿੰਘ ਚਿੱਲਾ
ਬਨੂੜ, 30 ਜੂਨ
ਪਿਛਲੇ ਪੰਜ ਦਿਨਾਂ ਤੋਂ ਘਰੇਲੂ ਬਿਜਲੀ ਸਪਲਾਈ ਵਿੱਚ ਸਾਰਾ-ਸਾਰਾ ਦਿਨ ਲੱਗ ਰਹੇ ਅਣਐਲਾਨੇ ਕੱਟਾਂ ਅਤੇ ਪਾਵਰ ਸਪਲਾਈ ਮਸੀਂ ਦੋ ਤਿੰਨ ਘੰਟੇ ਮਿਲਣ ਦੇ ਵਿਰੋਧ ਵਿੱਚ ਕਿਸਾਨ ਸਭਾ ਨੇ ਅੱਜ ਬਨੂੜ ਦੇ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਕਿਸਾਨ ਸਭਾ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਅਗਲੇ ਦੋ ਦਿਨਾਂ ਦੌਰਾਨ ਪਾਵਰ ਬਿਜਲੀ ਸਪਲਾਈ ਰੋਜ਼ਾਨਾ ਅੱਠ ਘੰਟੇ ਅਤੇ ਘਰੇਲੂ ਬਿਜਲੀ ਸਪਲਾਈ ਚੌਵੀ ਘੰਟੇ ਬਹਾਲ ਨਾ ਹੋਈ ਤਾਂ ਬਨੂੜ ਬੈਰੀਅਰ ’ਤੇ ਜਾਮ ਲਗਾਇਆ ਜਾਵੇਗਾ।
ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਸੱਤਪਾਲ ਸਿੰਘ ਸਰਪੰਚ ਰਾਜੋਮਾਜਰਾ, ਗੁਰਚਰਨ ਸਿੰਘ ਸਾਬਕਾ ਸਰਪੰਚ ਮਮੌਲੀ, ਅਵਤਾਰ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਕਾਮਰੇਡ ਹਰੀ ਚੰਦ, ਗੁਰਮੇਲ ਸਿੰਘ ਸਾਬਕਾ ਸਰਪੰਚ ਬੂਟਾਸਿੰਘ ਵਾਲਾ ਆਦਿ ਨੇ ਆਖਿਆ ਕਿ ਅਤਿ ਦੀ ਗਰਮੀ ਵਿੱਚ ਪਿੰਡਾਂ ਵਿੱਚ ਦਿਨ ਭਰ ਬਿਜਲੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਖੇਤਾਂ ਵਾਲੀ ਸਪਲਾਈ ਵੀ ਦੋ-ਤਿੰਨ ਘੰਟੇ ਆ ਰਹੀ ਹੈ ਤੇ ਥੋੜ੍ਹੇ ਸਮੇਂ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਝੋਨੇ ਦੇ ਸੀਜ਼ਨ ਲਈ ਅੱਠ ਘੰਟੇ ਬਿਜਲੀ ਦੇਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਈ ਬਿਜਲੀ ਦੀ ਭਰਪਾਈ ਲਈ ਵਾਧੂ ਬਿਜਲੀ ਦਿੱਤੀ ਜਾਵੇ।
ਪਾਵਰਕੌਮ ਦੇ ਬਨੂੜ ਸਥਿਤ ਐਸਡੀਓ ਨਵਜੋਤ ਸਿੰਘ ਨੇ ਧਰਨਾਕਾਰੀ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਗੇ।
ਦੈੜੀ ਗਰਿੱਡ ਅਧੀਨ ਪਿੰਡਾਂ ਵੱਲੋਂ ਜਾਮ ਦੀ ਚਿਤਾਵਨੀ
ਦੈੜੀ ਬਿਜਲੀ ਗਰਿੱਡ ਤੋਂ ਬਿਜਲੀ ਹਾਸਲ ਕਰਨ ਵਾਲੇ ਪਿੰਡ ਮਾਣਕਪੁਰ ਕੱਲਰ, ਪੱਤੋਂ, ਤੰਗੌਰੀ, ਨਗਾਰੀ, ਦੈੜੀ, ਗੀਗੇਮਾਜਰਾ, ਮੀਂਢੇਮਾਜਰਾ, ਗੁਡਾਣਾ, ਬਠਲਾਣਾ, ਢੇਲਪੁਰ, ਧੀਰਪੁਰ, ਸਨੇਟਾ, ਚਾਉਮਾਜਰਾ, ਦੁਰਾਲੀ, ਮਨੌਲੀ ਆਦਿ ਦੇ ਵਸਨੀਕਾਂ ਨੇ ਬਿਜਲੀ ਦੇ ਰੋਜ਼ਾਨਾ ਲੱਗਦੇ ਪੰਜ ਤੋਂ ਛੇ ਘੰਟੇ ਦੇ ਕੱਟਾਂ ਦੇ ਵਿਰੋਧ ਵਿੱਚ ਦੈੜੀ ਵਿਚ ਕੌਮੀ ਮਾਰਗ ਉੱਤੇ ਜਾਮ ਲਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਘਰੇਲੂ ਅਤੇ ਖੇਤਾਂ ਵਾਲੀ ਸਪਲਾਈ ਵਿੱਚ ਸੁਧਾਰ ਨਾ ਹੋਣ ਦੀ ਸੂਰਤ ਵਿੱਚ ਜਾਮ ਲਾਇਆ ਜਾਵੇਗਾ।