ਨਰਿੰਦਰ ਸਿੰਘ
ਭਿੱਖੀਵਿੰਡ, 16 ਅਕਤੂਬਰ
ਪੰਜਾਬ ਦੇ ਕਾਲੇ ਦੌਰ ਵਿਚ ਅਤਿਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਯਾ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਅੱਜ ਇਥੇ ਉਨ੍ਹਾਂ ਵਲੋਂ ਚਲਾਏ ਜਾ ਰਹੇ ਨਿੱਜੀ ਸਕੂਲ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਐੱਸਐੱਸਪੀ ਸਮੇਤ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਹਨ। ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਉੱਪਰ ਹੁਣ ਤੱਕ 42 ਹਮਲੇ ਹੋ ਚੁੱਕੇ ਹਨ, ਜੋ ਪੁਲੀਸ ਕੋਲ਼ ਰਜਿਸਟਰਡ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅਤਿਵਾਦੀਆਂ ਦੀ ਹਿੱਟ ਲਿਸਟ ’ਤੇ ਹੈ, ਜਿਸ ਕਰਕੇ ਉਹ ਮੰਨਦੇ ਹਨ ਕਿ ਇਹ ਅਤਿਵਾਦੀ ਹਮਲੇ ਹੈ।
ਕਾਮਰੇਡ ਬਲਵਿੰਦਰ ਸਿੰਘ ਨੇ ਪੰਜਾਬ ਦੇ ਅਤਿਵਾਦ ਦੇ ਕਾਲੇ ਦੌਰ ਦੌਰਾਨ ਅਤਿਵਾਦੀਆਂ ਨਾਲ ਕਈ ਵਾਰ ਮੁਕਾਬਲਾ ਕਰਕੇ ਉਨ੍ਹਾਂ ਨੂੰ ਖਦੇੜਿਆ ਸੀ ਅਤੇ ਪਿਛਲੇ ਸਮੇ ਦੌਰਾਨ ਉਨ੍ਹਾਂ ’ਤੇ ਕਈ ਜਾਨਲੇਵਾ ਹਮਲੇ ਹੋਏ। ਅੱਜ ਉਨ੍ਹਾਂ ਦਾ ਸਵੇਰ ਸਮੇਂ ਉਨ੍ਹਾਂ ਦੀ ਰਿਹਾਇਸ਼ ਅਤੇ ਨਿੱਜੀ ਸਕੂਲ ਵਿਚ ਗੋਲੀਆਂ ਮਾਰਕੇ ਕਤਲ ਕੀਤਾ ਗਿਆ। ਪਰਿਵਾਰਕ ਮੈਂਬਰ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕਾਂ ਵਲੋਂ ਅੱਜ ਪਿਸਟਲ ਨਾਲ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਐੱਸਐੱਸਪੀ ਧਰੁਮਨ ਨਿੰਬਲੇ ਨੇ ਕਿਹਾ ਕਿ ਪੁਲੀਸ ਸੀਸੀਟੀਵੀ ਕੈਮਰਿਆਂ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੀ ਜਲਦੀ ਹੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ। ਬਲਵਿੰਦਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਨੇ ਤਰਨਤਾਰਨ ਪੁਲੀਸ ਦੀ ਸਿਫਾਰਸ਼ ’ਤੇ ਸਾਲ ਪਹਿਲਾਂ ਉਨ੍ਹਾਂ ਦਾ ਸੁਰੱਖਿਆ ਘੇਰਾ ਵਾਪਸ ਲੈ ਲਿਆ ਸੀ। ਉਸ ਦਾ ਪੂਰਾ ਪਰਿਵਾਰ ਨੂੰ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਹੈ। 1993 ਵਿੱਚ ਰੱਖਿਆ ਮੰਤਰਾਲੇ ਨੇ ਬਲਵਿੰਰ ਸਿੰਘ ਨੂੰ ਸ਼ੌਰਯਾ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।