ਸੁੁਪਿੰਦਰ ਸਿੰਘ ਰਾਣਾ
ਵਿਆਹ ਦੀ ਹਰ ਵਰ੍ਹੇਗੰਢ ’ਤੇ ਇੰਦਰਜੀਤ ਮੁਬਾਰਕਾਂ ਦੇਣੋਂ ਨਾ ਖੁੰਝਦਾ। ਉਹ ਮੇਰੇ ਛੋਟੇ ਮਾਮੇ ਦਾ ਜਵਾਈ ਸੀ। ਉਹ ਬਿਜਲੀ ਬੋਰਡ ਵਿਚ ਲਾਈਨਮੈਨ ਭਰਤੀ ਹੋਇਆ ਤੇ ਹੁਣ ਜੇਈ ਬਣ ਗਿਆ ਸੀ। ਜਦੋਂ ਕੋਈ ਸਮਾਗਮ ਹੋਣਾ, ਅਸੀਂ ਦੋਵੇਂ ਇਕੱਠੇ ਬੈਠ ਕੇ ਆਪਣੇ ਦੁੱਖ-ਸੁੱਖ ਫਰੋਲਦੇ। ਸਾਡੇ ਬੈਠਣ ਦਾ ਮੁਢਲਾ ਕਾਰਨ ਇਹੀ ਸੀ ਕਿ ਅਸੀਂ ਦੋਵੇਂ ਨੌਕਰੀਪੇਸ਼ਾ ਸਾਂ। ਮੈਂ ਉਸ ਦੀ ਇਸ ਗੱਲੋਂ ਕਦਰ ਕਰਦਾ ਸੀ ਕਿ ਖੇਤੀ ਅਤੇ ਨੌਕਰੀ ਕਰਨ ਦੇ ਨਾਲ ਨਾਲ ਛੇ ਭੈਣਾਂ ਦਾ ਭਰਾ, ਵਿਧਵਾ ਮਾਂ ਦਾ ਪੁੱਤ ਤੇ ਵਿਧਵਾ ਭਾਬੀ ਤੇ ਭਤੀਜੀਆਂ ਦਾ ਸਹਾਰਾ ਬਣਨ ਵਾਲਾ ਹਰ ਇਕ ਲਈ ਸਮਾਂ ਕੱਢ ਲੈਂਦਾ ਸੀ। ਜਦ ਉਹਨੂੰ ਕਹਿਣਾ ‘ਤੂੰ ਭਾਈ ਕਦੇ ਅਰਾਮ ਵੀ ਕਰ ਲਿਆ ਕਰ’ ਤਾਂ ਉਸ ਨੇ ਕਹਿਣਾ- ‘ਕਬੀਲਦਾਰੀ ਨਜਿੱਠ ਕੇ ਇਕੱਠਾ ਹੀ ਕਰਾਂਗੇ ਅਰਾਮ’।
ਪੰਜ ਭੈਣਾਂ ਤਾਂ ਉਸ ਦੀਆਂ ਵਿਆਹੀਆਂ ਹੋਈਆਂ ਸਨ, ਇੱਕ ਮੰਦਬੁੱਧੀ ਹੋਣ ਕਾਰਨ ਉਹਦੇ ਨਾਲ ਰਹਿੰਦੀ ਸੀ। ਵਿਆਹ ਦੀ ਵਰ੍ਹੇਗੰਢ ਸ਼ਾਇਦ ਉਸ ਨੂੰ ਇਸ ਕਰਕੇ ਯਾਦ ਰਹਿੰਦੀ ਕਿਉਂ ਜੋ ਉਸ ਦਾ ਵਿਆਹ ਵੀ ਉਸੇ ਦਿਨ ਹੋਇਆ ਸੀ। ਮੈਂ ਹਰ ਵਾਰ ਸੋਚਦਾ ਕਿ ਇਸ ਵਾਰ ਉਸ ਤੋਂ ਪਹਿਲਾਂ ਮੁਬਾਰਕਾਂ ਦੇਵਾਂ ਪਰ ਉਹ ਮੈਥੋਂ ਪਹਿਲਾਂ ਹੀ ਬਾਜ਼ੀ ਮਾਰ ਜਾਂਦਾ।
ਫਿਰ ਕਿਸੇ ਗੱਲੋਂ ਮਾਮੇ ਦੇ ਮੁੰਡਿਆਂ ਦੀ ਉਸ ਨਾਲ ਅਣਬਣ ਹੋ ਗਈ ਅਤੇ ਬੋਲ-ਚਾਲ ਵੀ ਬੰਦ ਹੋ ਗਈ। ਮਾਮੇ ਦੇ ਮੁੰਡਿਆਂ ਨੇ ਮੈਨੂੰ ਵੀ ਹੁਕਮ ਚਾੜ੍ਹ ਦਿੱਤਾ ਕਿ ‘ਵੀਰ, ਤੈਂ ਹੁਣ ਉਸ ਨਾਲ ਨਹੀਂ ਬੋਲਣਾ’। ਬਥੇਰਾ ਕਿਹਾ ਕਿ ਨਹੁੰਆਂ ਨਾਲੋਂ ਮਾਸ ਅਲੱਗ ਨਹੀਂ ਹੁੰਦਾ ਪਰ ਉਹ ਨਾ ਮੰਨੇ। ਮਾਮੇ ਦੇ ਮੁੰਡਿਆਂ ਨਾਲ ਮੇਰੀ ਵਧੇਰੇ ਸਾਂਝ ਹੋਣ ਕਾਰਨ ਇੰਦਰਜੀਤ ਨੇ ਵੀ ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਫੋਨ ਕਰਨਾ ਬੰਦ ਕਰ ਦਿੱਤਾ। ਕਈ ਵਰ੍ਹੇ ਬੀਤ ਗਏ। ਵਿਆਹ ਦੀ ਵਰ੍ਹੇਗੰਢ ਮੌਕੇ ਉਹਦਾ ਫੋਨ ਨਾ ਆਉਂਦਾ। ਉਂਜ, ਜਦੋਂ ਕਿਸੇ ਸਮਾਗਮ ਵਿਚ ਮਿਲ ਜਾਣਾ, ਫਿਰ ਸਭ ਬੰਦਿਸ਼ਾਂ ਭੁੱਲ ਕੇ ਗੱਲਾਂ ਵਿਚ ਰੁੱਝ ਜਾਣਾ ਪਰ ਪਹਿਲਾਂ ਵਾਲੀ ਗੱਲ ਨਹੀਂ ਸੀ ਰਹੀ।
ਪਿਤਾ ਜੀ ਦੇ ਗੁਜ਼ਰਨ ’ਤੇ ਭੈਣ-ਭਣੋਈਆ ਦੋਵੇਂ ਜੀਅ ਆਏ, ਤੇ ਮਗਰੋਂ ਭੋਗ ਵੇਲੇ ਵੀ ਹਾਜ਼ਰੀ ਭਰੀ। ਭੈਣ ਨੂੰ ਦੇਖ ਕੇ ਭੂਆ ਦੀ ਯਾਦ ਆ ਗਈ। … ਸਾਡੀਆਂ ਪੰਜ ਭੂਆ ਸਨ ਪਰ ਸਭ ਤੋਂ ਛੋਟੀ ਨਾਲ ਪਿਤਾ ਜੀ ਦੀ ਘੱਟ ਹੀ ਬਣਦੀ ਸੀ। ਪਿਤਾ ਜੀ ਦੇ ਸਖ਼ਤ ਸੁਭਾਅ ਕਾਰਨ ਕਦੇ ਇਸ ਬਾਬਤ ਪੁੱਛਣ ਦੀ ਹਿੰਮਤ ਨਾ ਹੋਈ। ਇਸੇ ਕਾਰਨ ਅਸੀਂ ਸਾਰੀ ਉਮਰ ਇਸ ਭੂਆ ਨਾਲ ਘੱਟ ਹੀ ਬੋਲਦੇ, ਸਮਾਗਮਾਂ ਵਿਚ ਦਿਖਾਵੇ ਮਾਤਰ ਦੁਆ ਸਲਾਮ ਹੁੰਦੀ। ਭੂਆ ਨੂੰ ਮਨਾਉਣ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਫਿਰ ਜਦੋਂ ਪਿਤਾ ਜੀ ਅਧਰੰਗ ਕਾਰਨ ਮੰਜੇ ’ਤੇ ਪੈ ਗਏ ਤਾਂ ਇੱਕ ਦੋ ਵਾਰੀ ਭੂਆ ਦੇ ਘਰ ਵੀ ਹੋ ਆਇਆ, ਕਿਹਾ ਕਿ ਜੱਗ ਜਿਊਂਦਿਆਂ ਦੇ ਹੀ ਮੇਲੇ ਨੇ, ਉਹ ਹੀ ਆਪਣੇ ਭਰਾ ਨੂੰ ਮਿਲ ਲਿਆ ਕਰੇ ਪਰ ਭੂਆ ਵੀ ਅੜਬ ਸੁਭਾਅ ਦੀ ਮਾਲਕ ਸੀ ਤੇ ਪਿਤਾ ਜੀ ਵੀ ਕਿਸੇ ਤੋਂ ਘੱਟ ਨਹੀਂ ਸਨ!
ਖ਼ੈਰ, ਪਿਤਾ ਜੀ ਦੇ ਗੁਜ਼ਰਨ ਮਗਰੋਂ ਭਾਵੇਂ ਭੂਆ ਆਈ ਪਰ ਪਿੱਛੋਂ ਸਾਡਾ ਭੂਆ ਕੋਲ ਜਾਣ ਦਾ ਹੀਆ ਨਾ ਪਿਆ। ਇੰਨੇ ਸਾਲਾਂ ਦੇ ਵਕਫ਼ੇ ਕਾਰਨ ਨਾ ਭੂਆ ਦੇ ਨਿਆਣੇ ਸਾਡੇ ਨਾਲ ਖੁੱਲ੍ਹ ਕੇ ਗੱਲ ਕਰਦੇ ਤੇ ਨਾ ਹੀ ਅਸੀਂ। ਮੈਨੂੰ ਭੈਅ ਜਿਹਾ ਆਇਆ ਕਿ ਕਿਤੇ ਛੋਟੇ ਮਾਮੇ ਦੀ ਧੀ ਨਾਲ ਵੀ ਇਹੀ ਕੁਝ ਨਾ ਹੋ ਜਾਵੇ, ਤੇ ਸਾਡੀ ਆਉਣ ਵਾਲੀ ਪੀੜ੍ਹੀ ਕਿਤੇ ਆਪਣੀ ਭੂਆ ਤੋਂ ਵਿਰਵੀ ਨਾ ਰਹਿ ਜਾਵੇ!
ਦੋਵਾਂ ਪਰਿਵਾਰਾਂ ਨੂੰ ਮਿਲਾਉਣ ਦਾ ਕਈ ਵਾਰ ਯਤਨ ਕੀਤਾ। ਹੋਰ ਰਿਸ਼ਤੇਦਾਰਾਂ ਨੂੰ ਵੀ ਵਿਚ ਪਾਇਆ ਪਰ ਮਾਮੇ ਦੇ ਮੁੰਡਿਆਂ ਨੇ ਮਿਲਣ ਵਾਲੇ ਪਾਸੇ ਰੁਖ਼ ਹੀ ਨਾ ਕੀਤਾ। ਮਾਮੀ ਕਈ ਵਾਰ ਤਰਲਾ ਜਿਹਾ ਮਾਰਦੀ, “ਪੁੱਤ, ਇਨ੍ਹਾਂ ਨੂੰ ਕਰ ਇਕੱਠੇ ਕਿਸੇ ਤਰ੍ਹਾਂ ਮੇਰੇ ਜਿਊਂਦੇ ਜੀਅ। ਰਿਸ਼ਤਿਆਂ ਵਿਚ ਫਿੱਕ ਵਧ ਗਈ ਤਾਂ ਫਿਰ ਭਰਨੀ ਮੁਸ਼ਕਿਲ ਹੋ ਜਾਣੀ।” ਸਮਾਂ ਬੀਤਦਾ ਗਿਆ। ਤਿੱਥ ਤਿਉਹਾਰ ਨੂੰ ਭੈਣ ਹਰ ਵੇਲੇ ਯਾਦ ਆਉਂਦੀ। ਮੈਨੂੰ ਯਾਦ ਹੈ, ਵਿਆਹ ਮਗਰੋਂ ਭੈਣ ਦੇ ਘਰ ਜਾਣਾ ਤਾਂ ਉਸ ਨੂੰ ਚਾਅ ਚੜ੍ਹ ਜਾਣਾ। ਉਹਨੇ ਹਰ ਕਿਸੇ ਨੂੰ ਦੱਸਦੀ ਫਿਰਨਾ, “ਮੇਰੀ ਭੂਆ ਦੇ ਮੁੰਡੇ ਆਏ ਨੇ।” ਹੁਣ ਕਿਤੇ ਮਿਲ ਜਾਂਦੇ ਤਾਂ ਬੈਠ ਕੇ ਚੱਜ ਨਾਲ ਦੁੱਖ-ਸੁੱਖ ਵੀ ਨਾ ਫਰੋਲ ਸਕਦੇ।
ਇੱਕ ਦਿਨ ਇੰਦਰਜੀਤ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਖ਼ਬਰ ਮਿਲੀ। ਮੈਂ ਹਸਪਤਾਲ ਪਹੁੰਚ ਗਿਆ। ਮੈਨੂੰ ਉਸ ਦਾ ਪਿਆਰ ਖਿੱਚ ਕੇ ਲੈ ਗਿਆ ਸੀ। ਮੈਂ ਆਪ ਹੈਰਾਨ ਸੀ ਕਿ ਮੈਂ ਕਿਵੇਂ ਹਸਪਤਾਲ ਪਹੁੰਚ ਗਿਆ! ਅਗਾਂਹ ਉਸ ਦੇ ਆਕਸੀਜਨ ਲੱਗੀ ਹੋਈ ਸੀ। ਮੈਨੂੰ ਦੇਖ ਕੇ ਉਹਦੀਆਂ ਅੱਖਾਂ ਨਮ ਹੋ ਗਈਆਂ। ਲੱਗਿਆ ਜਿਵੇਂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਆਵਾਜ਼ ਬਾਹਰ ਨਹੀਂ ਸੀ ਆ ਰਹੀ। ਪੰਦਰਾਂ ਵੀਹ ਮਿੰਟ ਉਸ ਕੋਲ ਖੜ੍ਹਾ ਰਿਹਾ, ਫਿਰ ਡਾਕਟਰਾਂ ਦੇ ਕਹਿਣ ’ਤੇ ਕਮਰੇ ਵਿਚੋਂ ਬਾਹਰ ਨਿਕਲ ਆਇਆ। ਕਈ ਦਿਨ ਉਸ ਬਾਰੇ ਸੋਚਦਾ ਰਿਹਾ ਕਿ ਇਸ ਵਾਰੀ ਭਾਵੇਂ ਜੋ ਮਰਜ਼ੀ ਹੋ ਜਾਵੇ, ਉਹਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈਆਂ ਦੇਣ ਦੀ ਪਹਿਲ ਮੈਂ ਕਰਾਂਗਾ ਤੇ ਦੋਵਾਂ ਪਰਿਵਾਰਾਂ ਨੂੰ ਮਿਲਾ ਕੇ ਹਟਾਂਗਾ।
ਫਿਰ ਇੱਕ ਦਿਨ ਖ਼ਬਰ ਆ ਗਈ ਕਿ ਇੰਦਰਜੀਤ ਦੀ ਮੌਤ ਹੋ ਗਈ ਹੈ। ਬੜਾ ਝਟਕਾ ਲੱਗਿਆ। ਜਿਸ ਦਿਨ ਉਸ ਦਾ ਸਸਕਾਰ ਹੋਇਆ, ਕੁਦਰਤੀ ਉਸ ਤੋਂ ਇੱਕ ਦਿਨ ਬਾਅਦ ਉਸ ਦੀ ਵਿਆਹ ਵਰ੍ਹੇਗੰਢ ਸੀ। ਸਸਕਾਰ ਮੌਕੇ ਤਾਂ ਭੈਣ ਨਾਲ ਬਹੁਤੀ ਗੱਲਬਾਤ ਨਾ ਹੋਈ, ਫਿਰ ਇੱਕ ਦਿਨ ਹਿੰਮਤ ਕਰਕੇ ਭੈਣ ਦੇ ਘਰ ਪਹੁੰਚ ਗਿਆ। ਸਹਿਜ ਪਾਠ ਚੱਲ ਰਿਹਾ ਸੀ। ਮੱਥਾ ਟੇਕਣ ਮਗਰੋਂ ਭੈਣ ਕੋਲ ਜਾ ਬੈਠਿਆ। ਉਹਨੇ ਮੈਨੂੰ ਜੱਫੀ ਪਾ ਲਈ ਤੇ ਰੋਣ ਲੱਗ ਪਈ। ਫਿਰ ਕਿੰਨੀ ਹੀ ਦੇਰ ਉਹਦਾ ਰੋਣਾ ਨਾ ਰੁਕਿਆ। ਇੱਕ ਦੋ ਔਰਤਾਂ ਨੇ ਅਗਾਂਹ ਹੋ ਕੇ ਸਾਨੂੰ ਇੱਕ ਦੂਜੇ ਤੋਂ ਵੱਖ ਕੀਤਾ। ਰਤਾ ਕੁ ਸੰਭਲਿਆ ਤਾਂ ਮਾਮੇ ਦੇ ਪੋਤੇ ਆਪਣੀ ਭੂਆ ਦੇ ਘਰ ਕੰਮ ਕਰਦੇ ਦਿਸੇ। ਮਾਮੇ ਦੇ ਮੁੰਡੇ ਵੀ ਗ਼ਿਲੇ ਸ਼ਿਕਵੇ ਮੁਕਾ ਕੇ ਵਿਦੇਸ਼ਾਂ ਵਿਚੋਂ ਭੈਣ ਨੂੰ ਫੋਨ ’ਤੇ ਢਾਰਸ ਦੇ ਰਹੇ ਸਨ। ਭੋਗ ਮਗਰੋਂ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਹੁਣ ਭੈਣ ਦੇ ਘਰ ਉਸ ਦੇ ਭਤੀਜੇ ਆਉਣ ਲੱਗ ਪਏ ਸਨ। ਮੈਂ ਵੀ ਦੂਜੇ ਤੀਜੇ ਫੋਨ ਕਰ ਲੈਂਦਾ। ਭਾਈ, ਭੈਣ ਦੇ ਹਰ ਦੁੱਖ ਸੁੱਖ ਵਿਚ ਖੜ੍ਹਨ ਦੀ ਹਾਮੀ ਭਰ ਰਹੇ ਸਨ। ਇਕ ਵਾਰ ਫਿਰ ਭੂਆ ਦੀ ਯਾਦ ਆਈ। ਪਿਤਾ ਜੀ ਦੇ ਮਰਨ ਤੱਕ ਭੂਆ ਅਤੇ ਉਨ੍ਹਾਂ ਦੇ ਗ਼ਿਲੇ ਸ਼ਿਕਵੇ ਨਹੀਂ ਸਨ ਮੁੱਕੇ। ਮਗਰੋਂ ਸਾਡਾ ਵੀ ਭੂਆ ਦੇ ਨਿਆਣਿਆਂ ਨਾਲ ਬਹੁਤਾ ਮੇਲਜੋਲ ਨਾ ਰਿਹਾ ਪਰ ਮਾਮੇ ਦੇ ਮੁੰਡੇ ਤੇ ਉਨ੍ਹਾਂ ਦੇ ਬੱਚੇ ਸਭ ਗੱਲਾਂ ਭੁਲਾ ਕੇ ਆਪਣੀ ਭੈਣ ਤੇ ਭੂਆ ਦੀਆਂ ਮਜ਼ਬੂਤ ਬਾਹਾਂ ਬਣ ਗਏ ਸਨ।
ਸੰਪਰਕ: 98152-33232