ਇੰਜੀ. ਡੀ.ਐਮ. ਸਿੰਘ
ਕਹਾਣੀ
‘‘ਕਰਮਵੀਰ ਆ ਗਿਐਂ, ਜਿਉਂਦਾ ਰਹੁ, ਵਾਹਿਗੁਰੂ ਵਾਹਿਗੁਰੂ।’’ ਵੱਡੇ ਸਾਰੇ ਬੈੱਡਰੂਮ ’ਚ ਬੈੱਡ ’ਤੇ ਨਿਢਾਲ ਪਈ ਸਤਵੰਤ ਕੌਰ ’ਚ ਜਿਵੇਂ ਮੋਈ ਪਈ ’ਚ ਜਾਨ ਪੈ ਗਈ ਸੀ। ਸਿਰਫ਼ ਇਹ ਦੇਖ ਕੇ ਕਿ ਉਸ ਦਾ ਪੁੱਤਰ ਉਸ ਕੋਲ ਪੁੱਜ ਗਿਆ। ਮਾਤਾ ਸਤਵੰਤ ਕੌਰ ਬੜੀ ਔਖੀ ਹੋ ਕੇ ਸਾਹ ਲੈਂਦੀ ਬੋਲ ਰਹੀ ਸੀ। ਪਰ ਇੰਜ ਲੱਗਦਾ ਸੀ ਕਿ ਚਾਹੇ ਔਖੀ, ਪਰ ਬੜੇ ਮਾਨਸਿਕ ਸਕੂਨ ’ਚ ਬੋਲ ਰਹੀ ਹੈ ਤੇ ਇਹ ਸਕੂਨ ਯਕੀਨਨ ਇੰਨੇ ਦੂਰੋਂ ਪੁੱਜੇ ਪੁੱਤਰ ਦਾ ਉਸ ਦੇ ਸਿਰਹਾਣੇ ਹੋਣ ਕਰਕੇ ਹੀ ਸੀ।
ਪੈਂਹਠ ਕੁ ਵਰ੍ਹਿਆਂ ਦੀ ਸਤਵੰਤ ਕੌਰ ਦੀ ਸਿਹਤ ਅੱਜ ਤੋਂ ਕੋਈ ਅੱਠ-ਨੌਂ ਮਹੀਨੇ ਪਹਿਲਾਂ ਕਾਫ਼ੀ ਠੀਕ ਸੀ। ਭਾਵੇਂ ਸ਼ੂਗਰ ਤੇ ਲੋਅ ਬਲੱਡ ਪ੍ਰੈਸ਼ਰ ਸੀ, ਪਰ ਪੂਰਨ ਪਰਹੇਜ਼ ਦੀ ਆਦੀ ਹੋਣ ਕਰਕੇ ਉਸ ਨੂੰ ਜ਼ਿਆਦਾ ਕਰਕੇ ਕਿਸੇ ਵੱਡੀ ਬਿਮਾਰੀ ਨੇ ਨਹੀਂ ਘੇਰਿਆ ਸੀ। ਵੈਸੇ ਵੀ ਨਿੱਤ-ਨੇਮਣ ਸੀ- ਅੰਮ੍ਰਿਤ ਵੇਲੇ ਜਾਗ, ਇਸ਼ਨਾਨ ਕਰਕੇ ਸਿਮਰਨ ਕਰਨਾ ਉਸ ਦੇ ਜੀਵਨ ਦਾ ਪੱਕਾ ਅੰਗ ਸੀ। ਸਵੈ-ਅਨੁਸ਼ਾਸਨ ਸਤਵੰਤ ਕੌਰ ਵਰਗਾ ਸ਼ਾਇਦ ਹੀ ਕਿਸੇ ’ਚ ਹੋਵੇਗਾ। ਸੁਭਾਅ ਬਹੁਤ ਨਰਮ ਅਤੇ ਖ਼ਿਆਲਾਂ ਵਿਚ ਸਾਦਗੀ ਸੀ। ਇਸੇ ਲਈ ਉਸ ਦੇ ਦੋਵੇਂ ਪੁੱਤਰ ਧਰਮ ਨੂੰ ਮੰਨਦੇ, ਇਨਸਾਨੀ ਭਲਾਈ, ਦਾਨ-ਪੁੰਨ ਵੀ ਕਰਦੇ ਹਨ। ਪਰ ਜਿਵੇਂ ਸਤਵੰਤ ਕੌਰ ਨੇ ਆਪਣਾ ਜੀਵਨ ਮੁੱਢ ਤੋਂ ਹੀ ਹਰ ਕਰਮ ਵਿਚ ਸਵੈ-ਅਨੁਸ਼ਾਸਿਤ ਰੱਖਿਆ ਹੋਇਆ ਸੀ, ਜਵਾਨ ਹੋਣ ’ਤੇ ਪੁੱਤਰ ਉਸ ਲੀਹ ’ਤੇ ਨਹੀਂ ਪਏ ਤੇ ਸਤਵੰਤ ਕੌਰ ਨੂੰ ਇਸ ਗੱਲ ਦਾ ਅਕਸਰ ਮਨ ਹੀ ਮਨ ਅਫ਼ਸੋਸ ਹੁੰਦਾ ਸੀ।
ਕਰਮਵੀਰ ਛੋਟਾ ਸੀ। ਪੜ੍ਹਾਈ ’ਚ ਮੁੱਢ ਤੋਂ ਹੀ ਬਹੁਤ ਹੁਸ਼ਿਆਰ ਸੀ। ਸਤਵੰਤ ਕੌਰ ਤੇ ਉਸ ਦੇ ਪਤੀ ਦੋਵਾਂ ਦੀ ਹੀ ਦਿਲੀ ਖ਼ੁਆਹਿਸ਼ ਸੀ ਕਿ ਇੱਕ ਪੁੱਤਰ ਜ਼ਰੂਰ ਡਾਕਟਰ ਬਣੇ ਤੇ ਡਾਕਟਰ ਬਣ ਕੇ ਪੈਸੇ ਕਮਾਉਣ ’ਤੇ ਜ਼ੋਰ ਨਾ ਦੇਵੇ ਸਗੋਂ ਐਸੇ ਇਲਾਕਿਆਂ ’ਚ ਜਾ ਕੇ ਗ਼ਰੀਬਾਂ ਦੀ ਸੇਵਾ ਕਰੇ ਜਿੱਥੇ ਨੇੜੇ ਤੇੜੇ ਡਾਕਟਰੀ ਸਹੂਲਤ ਨਾ ਹੋਵੇ। ਉਨ੍ਹਾਂ ਦੀ ਇਸ ਸੋਚ ਨਾਲ ਸਤਵੰਤ ਕੌਰ ਦੇ ਪਤੀ ਦੀ ਇਕ ਅਭੁੱਲ ਭਾਵੁਕਤਾ ਜੁੜੀ ਹੋਈ ਸੀ। 1947 ਦੀ ਵੰਡ ਤੋਂ ਪਹਿਲਾਂ ਉਹ ਪੰਜਾਬ ਦੇ ਪਾਕਿਸਤਾਨ ਵਿਚ ਰਹਿ ਗਏ ਹਿੱਸੇ ’ਚ ਮਿੰਟਗੁਮਰੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ’ਚ ਰਹਿੰਦੇ ਸਨ ਜਿੱਥੇ ਉਸ ਦੇ ਪਿਤਾ ਵੇਲੇ ਸਿਰ ਡਾਕਟਰ ਨਾ ਪਹੁੰਚਣ ਕਰਕੇ ਸਰੀਰਕ ਪੀੜਾ ਨਾਲ ਵਿਲਕਦੇ ਦਮ ਤੋੜ ਗਏ ਸਨ। ਸਾਵਨ ਸਿੰਘ ਜਿੰਨੀ ਦੇਰ ਜ਼ਿੰਦਾ ਰਿਹਾ, ਉਹ ਜਦ ਵੀ ਕਿਸੇ ਬਜ਼ੁਰਗ ਦੀ ਮੌਤ ਸਮੇਂ ਕਿਸੇ ਦੇ ਘਰ ਅਫ਼ਸੋਸ ਪ੍ਰਗਟ ਕਰਨ ਜਾਂਦਾ ਤਾਂ ਉਹ ਅੰਤਿਮ ਦਿਨਾਂ ਜਾਂ ਅੰਤਿਮ ਸਮੇਂ ਪੂਰੀ ਡਾਕਟਰੀ ਸੇਵਾ ਮੁਹੱਈਆ ਹੋ ਸਕੀ ਜਾਂ ਨਹੀਂ, ਬਾਰੇ ਜ਼ਰੂਰ ਘੋਖਦਾ। ਸ਼ਾਇਦ ਉਸ ਦੇ ਮਨ ’ਚ ਇਕ ਸਥਿਰ ਜਿਹੇ ਪਛਤਾਵੇ ਨੇ ਘਰ ਕੀਤਾ ਹੋਇਆ ਸੀ।
ਉਹ ਹਮੇਸ਼ਾਂ ਕਹਿੰਦਾ, ‘‘ਮੰਨਿਆ ਉਪਰ ਵਾਲੇ ਨੇ ਆਪਣਾ ਕੰਮ ਕਰਨੈ, ਉਸ ਦੀਆਂ ਖੇਡਾਂ ਸਾਨੂੰ ਸਮਝ ’ਚ ਨਹੀਂ ਆਉਂਦੀਆਂ ਪਰ ਸਾਨੂੰ ਸੰਸਾਰੀਆਂ ਨੂੰ ਇਹ ਸੋਚ ਕੇ ਸੰਸਾਰਕ ਅਨੁਸ਼ਾਸਨ ਅਤੇ ਆਪਣੀਆਂ ਕਮੀਆਂ ਨੂੰ ਵਾਚਣੋਂ ਕਦੇ ਹਟਣਾ ਨਹੀਂ ਚਾਹੀਦਾ। ਉੱਦਮ ਕਰਨ ਦੀ ਪ੍ਰੋੜਤਾ ਅਕਾਲ ਪੁਰਖ ਨੇ ਵੀ ਕੀਤੀ ਹੈ।’’ ਉਹ ਅਕਸਰ ਕਹਿੰਦਾ ਤੇ ਫਿਰ ਕਹਿੰਦਾ ਹੀ ਚਲਾ ਜਾਂਦਾ, ‘‘ਸੋ ਭਾਵੇਂ ਮਾਰਨਾ ਜਾਂ ਰੱਖਣਾ ਵਾਹਿਗੁਰੂ ਦੇ ਹੱਥ ਹੈ, ਹਰ ਥਾਂ ਸਰੀਰਕ ਰੋਗ ਤੋਂ ਮੁਕਤੀ ਜਾਂ ਰਾਹਤ ਲਈ ਡਾਕਟਰੀ ਸੇਵਾ ਜ਼ਰੂਰ ਮਿਲਣੀ ਚਾਹੀਦੀ ਹੈ।’’ ਉਹ ਸਮੇਂ ਸਿਰ ਡਾਕਟਰੀ ਸੇਵਾ ਨਾ ਮਿਲ ਸਕਣ ਨੂੰ ਆਪਣੇ ਪਿਤਾ ਦੇ ਅਚਾਨਕ ਦੇਹਾਂਤ ਦਾ ਕਾਰਨ ਸਮਝਦਾ। ਜਿੱਥੇ ਕਿਤੇ ਵਿਸ਼ਾ ਤੁਅੱਲਕ ਰੱਖਦਾ ਹੁੰਦਾ ਅਤੇ ਉਹ ਆਪਣੀ ਇਸ ਸੋਚ ਨਾਲ ਦੂਜਿਆਂ ਨੂੰ ਕਾਇਲ ਕਰ ਲੈਂਦਾ, ਉਸ ਨੂੰ ਇਕ ਅਜੀਬ ਜਿਹਾ ਸਕੂਨ ਮਿਲਦਾ- ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਆਪਣੀ ਕਿਸੇ ਵੇਲੇ ਦੀ ਅਸਫ਼ਲਤਾ ਦੇ ਪਸ਼ਚਾਤਾਪ ਦਾ ਪ੍ਰਾਯਸ਼ਚਿਤ (ਭਾਵੇਂ ਆਂਸ਼ਿਕ ਜਿਹਾ ਹੀ) ਕਰਨ ’ਤੇ ਮਿਲਦਾ ਹੈ। ਉਸ ਨੂੰ ਇੰਝ ਲੱਗਦਾ ਕਿ ਉਹ ਅਜਿਹੀ ਲੋਕ ਰਾਇ ਪੈਦਾ ਕਰ ਰਿਹਾ ਹੈ ਕਿ ਇਕ ਵਕਤ ਐਸਾ ਜ਼ਰੂਰ ਆਏਗਾ ਜਦ ਹਰ ਪਿੰਡ ਚਾਹੇ ਉਹ ਸ਼ਹਿਰ ਤੋਂ ਕਿੰਨਾ ਹੀ ਦੂਰ ਹੋਵੇ, ਉੱਥੇ ਡਾਕਟਰੀ ਸੇਵਾ ਜ਼ਰੂਰ ਉਪਲੱਬਧ ਹੋਵੇਗੀ। ਸੋ ਸਾਵਣ ਸਿੰਘ ਨੇ ਆਪਣੇ ਛੋਟੇ ਪੁੱਤਰ ਕਰਮਵੀਰ ਦੇ ਡਾਕਟਰ ਬਣਨ ਵਿਚ ਆਪਣਾ ਸੁਪਨਾ ਸਾਕਾ ਹੁੰਦਾ ਦੇਖਿਆ ਸੀ। ਜਿਸ ਦਿਨ ਕਰਮਵੀਰ ਨੂੰ ਮੈਡੀਕਲ ਕਾਲਜ ਵਿਚ ਦਾਖ਼ਲਾ ਮਿਲਿਆ ਸੀ, ਸਾਵਨ ਸਿੰਘ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ। ਉਸ ਨੇ ਕਾਲੋਨੀ ਦੇ ਗੁਰਦੁਆਰੇ ’ਚ ਅਖੰਡ ਪਾਠ ਦਾ ਭੋਗ ਪਵਾ ਕੇ ਲੱਡੂ ਵੰਡੇ ਸਨ।
ਕਰਮਵੀਰ ਪੜ੍ਹਾਈ ’ਚ ਬਹੁਤ ਤੇਜ਼ ਸੀ। ਦਿਮਾਗ਼ ਵੀ ਪਰਮਾਤਮਾ ਨੇ ਕਮਾਲ ਦਾ ਬਖ਼ਸ਼ਿਆ ਸੀ- ਰੁਚੀ ਵਜੋਂ ਵੀ ਇਤਫ਼ਾਕਨ ਜਿਵੇਂ ਡਾਕਟਰ ਬਣਾਉਣ ਲਈ ਹੀ ਉਪਰ ਵਾਲੇ ਘੱਲਿਆ ਹੋਵੇ। ਹੋਇਆ ਇਹ ਚੰਗਾ ਈ ਕੁਦਰਤਨ। ਨਾ ਵੀ ਹੁੰਦਾ ਤਾਂ ਵੀ ਘਰਦਿਆਂ ਨੇ ਤਾਂ ਹਿੰਦੋਸਤਾਨੀ ਮਾਹੌਲ ਅਨੁਸਾਰ ਧੱਕ ਕੇ ਵੀ ਆਪਣੀ ਖ਼ੁਆਹਿਸ਼ ਅਨੁਸਾਰ ਬਣਾਉਣ ਦਾ ਪੂਰਾ ਯਤਨ ਕਰਨਾ ਸੀ। ਪ੍ਰੋਫੈਸ਼ਨਲ ਡਿਗਰੀ ਦੇ ਪਹਿਲੇ ਸਾਲ ਦੇ ਇਮਤਿਹਾਨ ’ਚ ਕਰਮਵੀਰ ਕਾਲਜ ’ਚ ਦੂਜੇ ਸਥਾਨ ’ਤੇ ਰਿਹਾ। ਸਾਰੇ ਬੜੇ ਖ਼ੁਸ਼ ਸਨ। ਉਹ ਜਿੱਥੇ ਵੀ ਗੱਲ ਛਿੜਦੀ, ਫ਼ਖਰ ਨਾਲ ਡਾਕਟਰੀ ਵਿੱਦਿਆ ਪੂਰੀ ਹੁੰਦਿਆਂ ਹੀ ਸ਼ਹਿਰ ਤੋਂ ਬਾਹਰ ਤੇ ਗ਼ਰੀਬਾਂ ਦੀ ਮੁਫ਼ਤ ਸੇਵਾ ਬਾਰੇ ਕਈ ਕੁਝ ਕਹਿ ਦੇਂਦਾ। ਕਰਮਵੀਰ ਨੇ ਵੀ ਕਈ ਵੇਰਾਂ ਆਪਣੇ ਪਿਤਾ ਦੇ ਅਜਿਹੇ ਬਿਆਨਾਂ ਨੂੰ ਰਿਸ਼ਤੇਦਾਰੀ ਵਿਚ ਕਈ ਮੌਕਿਆਂ ’ਤੇ ਸੁਣਿਆ ਸੀ। ਇਹੋ ਜਿਹੀਆਂ ਗੱਲਾਂ ਕਰਨ ਵੇਲੇ ਸਾਵਨ ਸਿੰਘ ਕਰਮਵੀਰ ਸਿੰਘ ਦੀ ਰਾਇ ਜਾਣਨ ਦੀ ਕਦੇ ਜ਼ਰੂਰਤ ਹੀ ਨਹੀਂ ਸੀ ਸਮਝਦਾ। ਉਸ ਨੂੰ ਆਪਣੇ ਪੁੱਤਰ ’ਤੇ ਬੜਾ ਮਾਣ ਸੀ। ਨਾਲ ਹੀ ਕਰਮਵੀਰ ਦੀ ਲਿਆਕਤ ਦੀਆਂ ਇੰਨੀਆਂ ਸਿਫ਼ਤਾਂ ਕਰਦਾ ਕਿ ਅਜਿਹੇ ਮੌਕੇ ਕਰਮਵੀਰ ਨਿੱਕੀ ਨਿੱਕੀ ਮੁਸਕਾਨ ਸੁੱਟਦਿਆਂ ਆਪਣੀ ਸੋਚ ਦੇ ਪੁਲਾੜ ’ਚ ਪੁਲਾਘਾਂ ਪੁੱਟਦਾ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ।
ਸਾਵਨ ਸਿੰਘ ਤੇ ਸਤਵੰਤ ਕੌਰ ਨੇ ਹੁਣ ਆਪਣੇ ਪੁੱਤਰ ਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।
ਪੜ੍ਹਾਈ ਐਮ.ਬੀ.ਬੀ.ਐੱਸ. ਦੀ ਡਿਗਰੀ ਲੈਣ ਲਈ ਸੰਪੂਰਨਤਾ ਵੱਲ ਵਧਦੀ ਜਾ ਰਹੀ ਸੀ। ਉਸ ਤੋਂ ਵੀ ਕਿਤੇ ਤੇਜ਼ ਵੇਗ ਨਾਲ ਉਡਾਰੀਆਂ ਮਾਰ ਰਿਹਾ ਸੀ ਘਰ ਦੇ ਹਰ ਜੀਅ ਦੀ ਸੋਚ ਦਾ ਪੰਛੀ। ਕਰਮਵੀਰ ਹੁਣ ਆਖ਼ਰੀ ਸਾਲ ਦੇ ਇਮਤਿਹਾਨਾਂ ’ਚ ਬੈਠਣ ਜਾ ਰਿਹਾ ਸੀ, ਹਰ ਪਲ ਭਵਿੱਖ ਤੇ ਕਰੀਅਰ ਨੂੰ ਸੋਚਦਿਆਂ ਉਚੇਰੀ ਵਿੱਦਿਆ ਬਾਰੇ ਸੋਚਦਾ। ਬਹੁਤ ਵੱਡਾ ਡਾਕਟਰ ਬਣ ਕੇ ਨਾਮ ਖੱਟਣ ਦੇ ਸੁਪਨੇ ਲੈਂਦਾ। ਕਾਲਜ ਵਿਚ ਵੀ ਗੱਲਾਂ ਚੱਲਦੀਆਂ। ਕਈ ਦੋਸਤਾਂ ਦੀ ਇਹ ਰਾਇ ਸੀ ਕਿ ਹਿੰਦੋਸਤਾਨ ਵਿਚ ਕਾਬਲੀਅਤ ਦੀ ਕੋਈ ਕਦਰ ਨਹੀਂ, ਕਿਸੇ ਬਾਹਰਲੇ ਮੁਲਕ ਵਿਚ ਹੀ ਸੈਟਲ ਹੋਣਾ ਚਾਹੀਦਾ ਹੈ। ਉੱਥੇ ਡਾਕਟਰਾਂ ਦੀ ਬੜੀ ਕਦਰ ਹੈ। ਕਈ ਮਿਸਾਲਾਂ ਦਿੰਦੇ ਕਿ ਇੱਥੋਂ ਜਾ ਕੇ ਦੂਜੇ ਮੁਲਕਾਂ ਵਿਚ ਸੈਟਲ ਹੋ ਕੇ, ਖੋਜ ਅਤੇ ਵਿਕਾਸ ਦੇ ਸਾਧਨ ਮੁਹੱਈਆ ਹੋਣ ਸਦਕਾ ਕਾਬਿਲ ਹਿੰਦੋਸਤਾਨੀ ਨੋਬੇਲ ਐਵਾਰਡ ਤੱਕ ਪ੍ਰਾਪਤ ਕਰ ਗਏ ਹਨ। ਕਰਮਵੀਰ ’ਤੇ ਇਨ੍ਹਾਂ ਗੱਲਾਂ ਦਾ ਵੀ ਕਾਫ਼ੀ ਅਸਰ ਸੀ। ਪਰ ਆਪਣੇ ਘਰ ਵਿਚ ਉਸ ਨੇ ਕਦੇ ਆਪਣੀ ਸੋਚ ਦੇ ਇਸ ਰੁੱਖ ਦੀ ਛਾਂ ਨਹੀਂ ਸੀ ਪੈਣ ਦਿੱਤੀ। ਸ਼ਾਇਦ ਉਹ ਘਰਦਿਆਂ ਦੇ ਵਿਚਾਰਾਂ ਨੂੰ ਭਲੀ-ਭਾਂਤ ਜਾਣਦਿਆਂ ਹੋਇਆਂ ਇਸ ਤੋਂ ਗੁਰੇਜ਼ ਕਰਦਾ ਸੀ। ਫਿਰ ਹੁਣ ਤਾਂ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਾਲੇ ਜੀਵਨ ਪੰਧ ਦੇ ਬਿਲਕੁਲ ਕਰੀਬ ਸੀ। ਉਹ ਆਪਣੇ ਫ਼ੈਸਲੇ ਆਪ ਕਰ ਸਕਦਾ ਸੀ। ਇਹ ਸੋਚ ਵੀ ਹੁਣ ਕਈ ਵਾਰ ਉਸ ਨੂੰ ਆਈ ਸੀ ਤੇ ਉਸ ਦੇ ਮਨ ਵਿਚ ਕਦੇ ਵੀ ਆਪਣੇ ਮਾਪਿਆਂ ਦੀ ਸੋਚ ਜਾਂ ਖ਼ੁਆਹਿਸ਼ ਭਾਰੂ ਨਹੀਂ ਸੀ ਹੋਈ।
ਡਾਕਟਰੀ ਦੀ ਪੜ੍ਹਾਈ ਦੇ ਆਖ਼ਰੀ ਸਾਲ ਦਾ ਨਤੀਜਾ ਆ ਗਿਆ, ਪਰ ਕਰਮਵੀਰ ਕਾਲਜ ’ਚ ਗਿਆਰਵੇਂ ਨੰਬਰ ’ਤੇ ਆਇਆ। ਦਸ ਵਿਦਿਆਰਥੀ ਉਸ ਤੋਂ ਅੱਗੇ ਲੰਘ ਗਏ ਸਨ। ਮਾਤਾ ਪਿਤਾ ਤੇ ਭਰਾ ਨੂੰ ਕੁਝ ਧੱਕਾ ਲੱਗਿਆ, ਪਰ ਕਰਮਵੀਰ ਜਿਸ ਨੂੰ ਹੁਣ ਯਕੀਨਨ ਡਾਕਟਰ ਕਰਮਵੀਰ ਕਿਹਾ ਜਾ ਸਕਦਾ ਸੀ, ਤਸੱਲੀ ਵਿਚ ਸੀ ਕਿਉਂਕਿ ਉਹ ਅੱਵਲ ਤੋਂ ਗਿਆਰ੍ਹਵੇਂ ਸਥਾਨ ’ਤੇ ਤਿਲ੍ਹਕਣ ਦਾ ਕਾਰਨ ਜਾਣਦਾ ਸੀ। ਇਸ ਦਾ ਕਾਰਨ ਸੀ ਸੁਨੀਤਾ ਦਾ ਉਸ ਦੀ ਜ਼ਿੰਦਗੀ ਵਿਚ ਆਉਣਾ। ਸੁਨੀਤਾ ਉਸੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸੀਨੀਅਰ ਨਰਸ ਸੀ। ਹਸਪਤਾਲ ਵਿਚ ਤਾਂ ਉਹ ਤਕਰੀਬਨ ਦੋ ਸਾਲ ਤੋਂ ਆਈ ਸੀ, ਪਰ ਡਾਕਟਰ ਕਰਮਵੀਰ ਦੀ ਜ਼ਿੰਦਗੀ ਵਿਚ ਕਰੀਬ ਪਿਛਲੇ ਇਕ ਵਰ੍ਹੇ ਤੋਂ। ਕਰਮਵੀਰ ਦੀ ਜ਼ਿੰਦਗੀ ’ਚ ਇਹ ਪਹਿਲੀ ਲੜਕੀ ਆਈ ਸੀ ਤੇ ਜਿਵੇਂ ਉਸ ਦੇ ਦਿਲ ’ਚ ਹੀ ਵਸ ਗਈ ਸੀ। ਸੁਨੀਤਾ ਸੀਨੀਅਰ ਨਰਸ ਤੇ ਬਹੁਤ ਹੁਸੀਨ ਸੀ। ਕਰਮਵੀਰ ਦੇ ਕਈ ਦੋਸਤ ਪਹਿਲਾਂ ਪਹਿਲਾਂ ਤਾਂ ਉਸ ਨੂੰ ਬੜਾ ਤੀਸ-ਮਾਰਖਾਂ ਕਹਿਣ ਲੱਗੇ ਸਨ ਕਿ ਉਸ ਨੇ ਸਾਰੇ ਹਸਪਤਾਲ ’ਚੋਂ ਸਭ ਤੋਂ ਸੋਹਣੀ ਨਰਸ ਦੀ ਚੋਣ ਕੀਤੀ ਸੀ, ਪਰ ਜਦੋਂ ਉਨ੍ਹਾਂ ਨੂੰ ਉਸ ਦੇ ਸੁਨੀਤਾ ਨਾਲ ਸ਼ਾਦੀ ਦੇ ਪੱਕੇ ਵਾਅਦਿਆਂ ਦਾ ਪਤਾ ਚੱਲਿਆ, ਉਹ ਉਸ ਨੂੰ ਮੂਰਖ ਕਹਿਣ ਲੱਗ ਪਏ। ਪਰ ਕਰਮਵੀਰ ਦਿਲ ਦੇ ਹੱਥੋਂ ਮਜਬੂਰ ਸੀ, ਉਸ ਨੂੰ ਸੁਨੀਤਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਭਾਉਂਦਾ। ਏਨਾ ਹੀ ਨਹੀਂ, ਸੁਨੀਤਾ ’ਚ ਉਸ ਨੂੰ ਆਪਣਾ ਇਕ ਹੋਰ ਖ਼ੁਆਬ ਵੀ ਸੱਚਾ ਹੁੰਦਾ ਜਾਪਦਾ ਸੀ। ਸੁਨੀਤਾ ਦਾ ਅਮਰੀਕਾ ਜਾਣ ਦਾ ਪੂਰਾ ਪੂਰਾ ਮੌਕਾ ਲੱਗਣ ਦੀ ਆਸ ਸੀ ਕਿਉਂਕਿ ਉਸ ਨੇ ਅਮਰੀਕਾ ਵਿਚ ਕੁਝ ਨਰਸਾਂ ਦੀਆਂ ਅਸਾਮੀਆਂ ਨਿਕਲਣ ’ਤੇ ਅਰਜ਼ੀ ਦਿੱਤੀ ਹੋਈ ਸੀ।
ਇਹ ਕੁਝ ਕਰਮਵੀਰ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਨਹੀਂ ਪਤਾ ਸੀ। ਕਰਮਵੀਰ ਦੱਸਣ ਦੀ ਜੁਅਰੱਤ ਵੀ ਨਹੀਂ ਸੀ ਕਰ ਸਕਦਾ।
ਡਾਕਟਰ ਕਰਮਵੀਰ ਇੰਟਰਨਸ਼ਿਪ ਕਰਨ ਲਈ ਪੀ.ਜੀ.ਆਈ. ਚੰਡੀਗੜ੍ਹ ਪਹੁੰਚ ਗਿਆ। ਸੁਨੀਤਾ ਨੂੰ ਅਮਰੀਕੀ ਸਫ਼ਾਰਤਖ਼ਾਨੇ ਤੋਂ ਇੰਟਰਵਿਊ ਆ ਗਈ। ਸੁਨੀਤਾ ਕਾਮਯਾਬ ਹੋਈ ਤੇ ਸਫ਼ਲਤਾ ਦੀ ਖ਼ਬਰ ਸਭ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਕੇ ਡਾਕਟਰ ਕਰਮਵੀਰ ਨੂੰ ਸੁਣਾਈ ਤੇ ਉਸ ਦੀਆਂ ਬਾਹਾਂ ’ਚ ਸਿਮਟ ਉਸ ਨਾਲ ਇਕਮਿੱਕ ਹੁੰਦਿਆਂ ਕਿਹਾ, ‘‘ਕਰਮਵੀਰ, ਸੁਨੀਤਾ ਤੇਰੀ ਹੈ, ਅਮਰੀਕਾ ਪੁੱਜਦਿਆਂ ਹੀ ਚੁੰਬਕ ਦੀ ਤਰ੍ਹਾਂ ਤੈਨੂੰ ਉੱਥੇ ਖਿੱਚਣਾ ਸ਼ੁਰੂ ਕਰ ਦੇਵੇਗੀ।’’ ‘‘ਮੈਂ ਵੀ ਤੇਰੇ ਬਿਨਾ ਹੁਣ ਰਹਿ ਨਹੀਂ ਸਕਦਾ, ਹਰ ਪਲ ਸਾਲ ਬਣ ਕੇ ਨਿਕਲੇਗਾ ਤੇਰੇ ਬਗੈਰ।’’ ਕਰਮਵੀਰ ਵਿਯੋਗ ਬਾਰੇ ਚਿਤਵ ਕੇ ਆਹਿਸਤਾ ਜਿਹਾ ਜਿਵੇਂ ਦਿਲ ਦੀਆਂ ਗਹਿਰਾਈਆਂ ਤੋਂ ਕਹਿ ਰਿਹਾ ਸੀ।
ਉਸ ਨੇ ਕਈ ਵਾਰ ਸੋਚਿਆ ਕਿ ਉਹ ਆਪਣੀ ਮਾਂ ਨੂੰ ਦੱਸੇ, ਪਰ ਉਹ ਜਾਣਦਾ ਸੀ ਕਿ ਘਰ ’ਚ ਕੋਈ ਵੀ ਉਸ ਦੀ ਪਸੰਦ ’ਤੇ ਹਾਮੀ ਨਹੀਂ ਭਰੇਗਾ। ਫਿਰ ਦਿਨ-ਬ-ਦਿਨ ਉਸ ਨੂੰ ਅਮਰੀਕਾ ਜਾਣ ਦਾ ਭੂਤ ਹੋਰ ਪੱਕਾ ਚਿੰਬੜੀ ਜਾਂਦਾ ਸੀ। ਇਹ ਇਕ ਅਜਿਹੀ ਸੋਚ ਸੀ ਜਿਸ ਦੀ ਪ੍ਰਵਾਨਗੀ ਉਸ ਦੇ ਪਿਤਾ ਨੇ ਉਹਨੂੰ ਕਦੇ ਵੀ ਨਹੀਂ ਦੇਣੀ ਸੀ ਕਿਉਂਕਿ ਉਨ੍ਹਾਂ ਨੇ ਤਾਂ ਆਪਣੇ ਪੁੱਤਰ ਦੇ ਡਾਕਟਰ ਬਣ ਕੇ ਪਿੰਡਾਂ ਵਿਚ ਸੇਵਾ ਕਰਨ ਦੇ ਸੁਪਨੇ ਹੀ ਨਹੀਂ ਸਨ ਦੇਖੇ ਸਗੋਂ ਪਿਛਲੇ ਚਾਰ ਪੰਜ ਵਰ੍ਹਿਆਂ ਵਿਚ ਇਸ ਗੱਲ ਦਾ ਐਲਾਨ ਬਿਨਾਂ ਕਿਸੇ ਰੋਕ-ਟੋਕ ਦੇ ਸਾਰੇ ਸਾਕ-ਸੰਬੰਧੀਆਂ ਅਤੇ ਸਮਾਜ ਵਿਚ ਕੀਤਾ ਸੀ।
ਉੱਥੇ ਪਹੁੰਚ ਕੇ ਇਕ ਸਾਲ ਵਿਚ ਸੁਨੀਤਾ ਨੇ ਕਰਮਵੀਰ ਦੇ ਅਮਰੀਕਾ ਪਹੁੰਚਣ ਦਾ ਇੰਤਜ਼ਾਮ ਕਰ ਦਿੱਤਾ। ਡਾਕਟਰ ਕਰਮਵੀਰ ਨੇ ਆਪਣੇ ਮਾਤਾ ਪਿਤਾ ਨੂੰ ਅਮਰੀਕਾ ਲਈ ਜਹਾਜ਼ ’ਚ ਚੜ੍ਹਨ ਤੋਂ ਸਿਰਫ਼ ਇਕ ਦਿਨ ਪਹਿਲਾਂ ਆਪਣੇ ਪ੍ਰੋਗਰਾਮ ਬਾਰੇ ਦੱਸਿਆ। ਪਿਤਾ ਸਾਵਨ ਸਿੰਘ ਤਾਂ ਜਿਵੇਂ ਚੁੱਪ ਹੀ ਹੋ ਗਿਆ। ਉਹ ਅੱਜ ਬੇਵੱਸ ਹੋ ਗਿਆ ਸੀ। ਉਹ ਜਾਣਦਾ ਸੀ ਕਿ ਉਹ ਇਸ ਸਟੇਜ ’ਤੇ ਕੁਝ ਨਹੀਂ ਸੀ ਕਰ ਸਕਦਾ। ਮਾਤਾ ਸਤਵੰਤ ਕੌਰ ਤੇ ਵੱਡੇ ਭਰਾ ਨੇ ਡਾਕਟਰ ਕਰਮਵੀਰ ਨੂੰ ਬੁਰਾ ਭਲਾ ਕਿਹਾ, ਪਰ ਕਰਮਵੀਰ ਆਪਣੇ ਫ਼ੈਸਲੇ ’ਤੇ ਪੱਕਾ ਸੀ। ਸਾਰੇ ਸਮਝਦੇ ਸਨ ਕਿ ਉਹ ਹੁਣ ਰੁਕੇਗਾ ਨਹੀਂ। ਘਰ ਵਿਚ ਬੜਾ ਤਣਾਅ ਸੀ। ਸਤਵੰਤ ਕੌਰ ਆਪਣੇ ਪਤੀ ਦੀ ਮਾਨਸਿਕ ਅਵਸਥਾ ਜਾਣਦੀ ਸੀ। ਸੋ ਉਸ ਨੇ ਕਰਮਵੀਰ ਨੂੰ ਕੋਈ ਸੁਹਿਰਦਤਾ ਨਾ ਦਿਖਾਈ ਭਾਵੇਂ ਮਾਂ ਦਾ ਦਿਲ ਚਾਹੁੰਦਾ ਸੀ ਕਿ ਰੁਖ਼ਸਤ ਹੋਣ ਲੱਗਿਆਂ ਪੁੱਤਰ ਨੂੰ ਸਹਿਲਾਵੇ, ਪੁੱਤਰ ਭਾਵੇਂ ਕਿਹੋ ਜਿਹਾ ਹੋਵੇ।
ਕਰਮਵੀਰ ਅਮਰੀਕਾ ਪੁੱਜ ਗਿਆ ਤੇ ਅੱਜ ਇਕ ਨਾਮੀ ਡਾਕਟਰ ਬਣ ਗਿਆ। ਇਸ ਵਿਚਕਾਰ ਤਕਰੀਬਨ ਦਸ ਵਰ੍ਹੇ ਲੰਘ ਗਏ ਸਨ। ਉਸ ਨੇ ਉੱਥੇ ਜਾ ਕੇ ਗੈਸਟੱਰੋਐਨਟੱਈਟਸ ਵਿਚ ਸਪੈਸ਼ਲਾਈਜ਼ੇਸ਼ਨ ਕੀਤੀ ਤੇ ਉੱਥੇ ਆਪਣੇ ਖੇਤਰ ਦਾ ਨਾਮਵਰ ਕੰਸਲਟੈਂਟ ਡਾਕਟਰ ਸੀ। ਬਹੁਤ ਪੁੱਛ ਸੀ ਉਸ ਦੀ ਤੇ ਉਸ ਨੇ ਬਹੁਤ ਪੈਸਾ ਕਮਾ ਲਿਆ ਸੀ। ਇਸ ਦਰਮਿਆਨ ਸਾਵਨ ਸਿੰਘ ਉਸ ਦੀ ਗ਼ੈਰਹਾਜ਼ਰੀ ਵਿਚ ਅਕਾਲ ਚਲਾਣਾ ਕਰ ਗਿਆ ਸੀ, ਉਹ ਨਹੀਂ ਸੀ ਆ ਸਕਿਆ ਕਿਉਂਕਿ ਇੰਨੀ ਛੇਤੀ ਕਾਨੂੰਨਨ ਆ ਨਹੀਂ ਸਕਦਾ ਸੀ। ਉਸ ਦੀ ਪਤਨੀ ਸੁਨੀਤਾ ਆ ਸਕਦੀ ਸੀ, ਪਰ ਉਹ ਘਰ ਦੇ ਮੈਂਬਰਾਂ ਨੂੰ ਇਕੱਲਿਆਂ ਮਿਲਦਿਆਂ ਝਿਜਕਦੀ ਸੀ। ਪਿਛਲੇ ਪੰਜ ਵਰ੍ਹਿਆਂ ਤੋਂ ਮਹੀਨੇ ’ਚ ਇਕ ਵਾਰੀ ਕਰਮਵੀਰ ਮਾਂ ਨਾਲ ਫ਼ੋਨ ’ਤੇ ਗੱਲ ਜ਼ਰੂਰ ਕਰਦਾ ਤੇ ਉਸ ਨੇ ਘਰ ਨਾਲ ਪੂਰਾ ਸੰਪਰਕ ਰੱਖਿਆ ਹੋਇਆ ਸੀ, ਪੈਸੇ ਵੀ ਬੜੇ ਭੇਜਦਾ ਸੀ।
ਅੱਜ ਕੋਈ ਦਸ ਵਰ੍ਹਿਆਂ ਬਾਅਦ ਡਾਕਟਰ ਕਰਮਵੀਰ ਹਿੰਦੋਸਤਾਨ ਆਇਆ ਸੀ। ਉਸ ਦੇ ਭਰਾ ਨੇ ਉਸ ਨੂੰ ਟੈਲੀਫੋਨ ’ਤੇ ਦੱਸਿਆ ਕਿ ਮਾਂ ਬਹੁਤ ਬਿਮਾਰ ਹੈ ਤੇ ਨੀਮ ਬੇਹੋਸ਼ੀ ਵਿਚ ਵੀ ਉਸ ਦਾ ਨਾਮ ਲੈਂਦੀ ਹੈ। ‘‘ਉਹ ਹਰ ਡਾਕਟਰ ਨੂੰ ਇਹੀ ਕਹਿੰਦੀ ਹੈ ਕਿ ਜੇ ਉਸ ਦਾ ਪੁੱਤਰ ਇੱਥੇ ਆ ਜਾਵੇ, ਉਸ ਨੂੰ ਇਕਦਮ ਠੀਕ ਕਰ ਲਵੇਗਾ, ਬੜਾ ਲਾਇਕ ਹੈ, ਮੇਰਾ ਕਰਮਵੀਰ’’, ਸਤਪਾਲ ਸਿੰਘ ਨੇ ਉਸ ਨੂੰ ਭਾਵੁਕ ਹੋ ਕੇ ਦੱਸਦਿਆਂ ਇਕਦਮ ਆਉਣ ਦੀ ਸਲਾਹ ਦਿੱਤੀ।
ਇਸ ਤਰ੍ਹਾਂ ਅੱਜ ਕਰਮਵੀਰ ਦਾ ਆਪਣੇ ਦੇਸ਼ ਤੇ ਆਪਣੇ ਘਰ ਆਉਣ ਦਾ ਪ੍ਰਯੋਜਨ ਬਣਿਆ ਸੀ। ਮਾਂ ਭਾਵੇਂ ਨੀਮ ਬੇਹੋਸ਼ੀ ਵਿਚ ਸੀ, ਪਰ ਉਸ ਨੂੰ ਡਾਕਟਰ ਪੁੱਤਰ ਦੀ ਆਮਦ ਦਾ ਪੂਰਾ ਪਤਾ ਸੀ। ਉਸ ਦੇ ਅੰਦਰ ਜਿਵੇਂ ਠੰਢ ਪੈ ਗਈ ਹੋਵੇ। ਸਾਰੇ ਗਿਲੇ ਦੂਰ ਹੋ ਗਏ ਸਨ। ਰੋਗ ਤੋਂ ਸਕੂਨ ਮਿਲ ਰਿਹਾ ਲੱਗਦਾ ਸੀ। ਹੌਲੀ ਹੌਲੀ ਉਹ ਆਪਣੀ ਸੱਜੀ ਬਾਂਹ ਹਿਲਾ ਕੇ ਆਪਣੇ ਪੁੱਤਰ ਵੱਲ ਲਿਆਈ, ਉਸ ਦੇ ਮੂੰਹ, ਅੱਖਾਂ, ਮੱਥੇ ’ਤੇ ਹੱਥ ਫੇਰਿਆ। ਜਿਉਂ ਜਿਉਂ ਹੱਥ ਫੇਰਦੀ, ਉਸ ਨੂੰ ਸਕੂਨ ਮਿਲ ਰਿਹਾ ਸੀ, ਦਿਲ ਨੂੰ ਠੰਢ ਪੈ ਰਹੀ ਸੀ।
‘‘ਪੁੱਤਰ ਤੂੰ ਆ ਗਿਐਂ, ਹੁਣ ਤੇਰੀ ਮਾਂ ਠੀਕ ਹੋ ਜਾਵੇਗੀ।’’ ਕੋਲ ਬੈਠੀ ਕਰਮਵੀਰ ਦੀ ਚਾਚੀ ਨੇ ਕਹਿਆ। ਸਤਵੰਤ ਕੌਰ ਦੇ ਕਹਿਣ ’ਤੇ ਦਰਾਣੀ ਨੇ ਉਸ ਦਾ ਪਾਸਾ ਪਰਤਾਇਆ ਤਾਂ ਕਿ ਉਹ ਪੁੱਤਰ ਵੱਲ ਮੂੰਹ ਕਰ ਸਕੇ। ਲੱਤਾਂ ਵਿਚ ਥੋੜ੍ਹੀ ਸੋਜ਼ਿਸ਼ ਆਈ ਹੋਈ ਸੀ, ਦਰਦ ਨਾਲ ਸਤਵੰਤ ਕੌਰ ਦੀ ਚੀਕ ਨਿਕਲ ਗਈ। ‘‘ਕੀ ਹੋਇਆ ਮੰਮੀ?’’ ਕਰਮਵੀਰ ਨੇ ਪੁੱਛਿਆ। ‘‘ਹੁ-ਹੁਣ ਕੁਝ ਹੋ ਜਾਣ ਦਾ ਫ਼ਿਕਰ ਨੀ, ਪੁੱਤਰ, ਮੈਂ ਤਾਂ ਤੇਰੇ ਹੱਥਾਂ ’ਚ ਜਾਣਾ ਚਾਹੁੰਦੀ ਸਾਂ, ਆਪਣੇ ਦੋਹਾਂ ਪੁੱਤਰਾਂ ਦੇ ਹੱਥਾਂ ’ਚ।’’ ਸਤਵੰਤ ਕੌਰ ਬੜੀ ਭਾਵੁਕ ਹੋ ਕੇ ਧੀਮੀ ਧੀਮੀ ਉਖੜੀ ਆਵਾਜ਼ ’ਚ ਬੋਲ ਰਹੀ ਸੀ। ਸਾਰੇ ਕੋਲ ਬੈਠੇ ਵੀ ਉਦਾਸ ਜਿਹੇ ਹੋ ਗਏ। ‘‘ਇੰਝ ਕਿਉਂ ਕਹਿੰਦੇ ਹੋ, ਮੰਮੀ, ਤੁਸੀਂ ਬਿਲਕੁਲ ਠੀਕ ਠਾਕ ਹੋ ਜਾਣੈ, ਵਾਹਿਗੁਰੂ ਸਭ ਠੀਕ ਕਰੇਗਾ,’’ ਸਤਪਾਲ ਸਿੰਘ ਬੋਲਿਆ।
ਕਰਮਵੀਰ ਨੇ ਇਸ ਭਾਵੁਕਤਾ ਦੀ ਗੱਲਬਾਤ ਨੂੰ ਜਿਵੇਂ ਵਿਅਰਥ ਸਮਝਿਆ ਸੀ ਤੇ ਇਸ ਵਿਚ ਕੋਈ ਭਾਗ ਨਹੀਂ ਲਿਆ। ‘‘ਅੱਛਾ, ਵੀਰ ਜੀ, ਤੁਸੀਂ ਮੈਨੂੰ ਮੰਮੀ ਦੀਆਂ ਚੈਕ-ਅੱਪ ਦੀਆਂ ਸਾਰੀਆਂ ਰਿਪੋਰਟਾਂ ਦਾ ਵੇਰਵਾ ਦਿਖਾਉ, ਆਪਾਂ ਕੰਮ ਦੀ ਗੱਲ ਕਰੀਏ।’’ ਸਤਪਾਲ ਸਿੰਘ ਵੱਲ ਇਸ਼ਾਰਾ ਕਰਕੇ ਉਸ ਆਖਿਆ। ਸਤਪਾਲ ਸਿੰਘ ਸਾਰੀਆਂ ਰਿਪੋਰਟਾਂ ਆਦਿ ਲਿਆਇਆ। ਕੁਝ ਸਮਾਂ ਉਨ੍ਹਾਂ ਨੂੰ ਪੜ੍ਹ ਕੇ ਡਾਕਟਰ ਕਰਮਵੀਰ ਨੇ ਆਪਣੀ ਮਾਂ ਦਾ ਚੈਕਅੱਪ ਕੀਤਾ। ਉਹ ਬੈਠਾ ਹੀ ਸੀ ਕਿ ਉਸ ਦਾ ਮੈਡੀਕਲ ਕਾਲਜ ਵੇਲੇ ਦਾ ਦੋਸਤ ਡਾਕਟਰ ਸੁਦੇਸ਼ ਆਨੰਦ ਆ ਗਿਆ। ਡਾਕਟਰ ਸੁਦੇਸ਼ ਹੀ ਸਤਵੰਤ ਕੌਰ ਦਾ ਇਲਾਜ ਕਰ ਰਿਹਾ ਸੀ ਤੇ ਸਤਵੰਤ ਕੌਰ ਦੀ, ਦੋਸਤ ਦੀ ਮਾਂ ਹੋਣ ਅਤੇ ਉਂਝ ਵੀ, ਬੜੀ ਇੱਜ਼ਤ ਕਰਦਾ ਸੀ। ਦੋਵੇਂ ਮਿੱਤਰ ਗਲਵਕੜੀ ਪਾ ਕੇ ਮਿਲੇ। ‘‘ਬਈ ਕਮਾਲ ਕਰ ਦਿੱਤਾ, ਚਲ ਕਿਸੇ ਬਹਾਨੇ ਹੀ ਸਹੀ, ਪਰ ਸਾਡੇ ਯਾਰ ਦੇ ਦੀਦਾਰ ਤਾਂ ਹੋਏ- ਬਸ ਹੁਣ ਮਾਂ ਜੀ ਜ਼ਰੂਰ ਠੀਕ ਹੋ ਜਾਣਗੇ।’’ ‘‘ਡੂ ਯੂ ਰੀਅਲੀ ਮੀਨ ਸੋ ਸੁਦੇਸ਼?’’ (ਕੀ ਤੂੰ ਵਾਕਈ ਸਮਝਦਾ ਹੈਂ, ਮਾਂ ਠੀਕ ਹੋ ਜਾਵੇਗੀ?) ਕਰਮਵੀਰ ਨੇ ਪੁੱਛਿਆ। ‘‘ਲੈਟ ਅਸ ਹੋਪ ਫਾਰ ਦੀ ਬੈਸਟ (ਆਪਾਂ ਨੂੰ ਚੰਗੇ ਦੀ ਹੀ ਉਮੀਦ ਕਰਨੀ ਚਾਹੀਦੀ ਹੈ)’’, ਡਾਕਟਰ ਸੁਦੇਸ਼ ਨੇ ਜਵਾਬ ਦਿੱਤਾ।
ਸਤਵੰਤ ਕੌਰ ਪੁਰਾਣੇ ਵਕਤਾਂ ਦੀ ਮੈਟ੍ਰਿਕ ਪਾਸ ਸੀ ਤੇ ਅੰਗਰੇਜ਼ੀ ਭਲੀਭਾਂਤ ਸਮਝ ਸਕਦੀ ਸੀ। ਉਹ ਆਪਣੀ ਬਿਮਾਰੀ ਬਾਰੇ ਪੂਰੀ ਤਰ੍ਹਾਂ ਪੁਜ਼ੀਸ਼ਨ ਜਾਣਨਾ ਚਾਹੁੰਦੀ ਸੀ। ਦੋਵੇਂ ਡਾਕਟਰਾਂ ਨੂੰ ਖੋਲ੍ਹ ਕੇ ਗੱਲ ਕਰਦਿਆਂ ਸੁਣ ਕੇ ਉਹਨੇ ਨੀਂਦ ’ਚ ਹੋ ਜਾਣ ਦਾ ਦਿਖਾਵਾ ਕੀਤਾ ਤਾਂ ਕਿ ਉਹ ਉੱਥੇ ਬੈਠੇ ਹੀ ਪੂਰਾ ਵਿਚਾਰ ਵਟਾਂਦਰਾ ਕਰਨ। ‘‘ਪਰ ਇਹ ਗੱਲ ਤਾਂ ਮੈਂ ਮੰਨਦਾ ਹਾਂ ਕਿ ਇਸ ਵੇਲੇ ਦੋਵੇਂ ਫੇਫੜੇ ਕੰਮ ਕਰਨਾ ਤਕਰੀਬਨ ਬੰਦ ਕਰ ਚੁੱਕੇ ਨੇ, ਸ਼ੂਗਰ ਅੱਜ ਵੀ ਕੰਟਰੋਲ ਨਹੀਂ ਹੋ ਰਹੀ ਤੇ ਪਿਛਲੇ ਸੱਤ ਮਹੀਨਿਆਂ ’ਚ ਮਾਂ ਜੀ ਲੂਣ ਦੀ ਡਲੀ ਵਾਂਗ ਖੁਰ ਗਏ ਨੇ।’’ ਸੁਦੇਸ਼ ਨੇ ਇਹ ਸੋਚ ਕੇ ਆਪਣੀ ਡਾਕਟਰੀ ਰਾਇ ਦਿੱਤੀ ਕਿ ਕਿਧਰੇ ਕਰਮਵੀਰ ਉਹਦੀ ਤਕਨੀਕੀ ਕਾਬਲੀਅਤ ’ਤੇ ਕੋਈ ਟੀਕਾ ਟਿੱਪਣੀ ਨਾ ਕਰ ਦੇਵੇ। ਪਹਿਲਾਂ ਤਾਂ ਉਹ ਕਿਸੇ ਪੁੱਤਰ ਦੇ ਸਾਹਮਣੇ ਉਸ ਦੀ ਮਾਂ ਦੇ ਨਾ ਬਚ ਸਕਣ ਦੀ ਗੱਲ ਕਹਿਣੋਂ ਗੁਰੇਜ਼ ਕਰ ਰਿਹਾ ਸੀ, ਪਰ ਕਰਮਵੀਰ ਦੇ ਹਾਵ-ਭਾਵ ਤੱਕ ਕੇ ਉਸ ਨੂੰ ਇਸ ਤਰ੍ਹਾਂ ਕਹਿਣ ਵਿਚ ਕੋਈ ਹਿਚਕਚਾਹਟ ਨਾ ਹੋਈ। ‘‘ਪਰ ਫਿਰ ਵੀ ਹੋ ਸਕਦੈ, ਮਨ ਦੀ ਗੱਲ ਪੂਰੀ ਹੋਣ ਕਰਕੇ, ਪੁੱਤਰ ਦੇ ਪਹੁੰਚ ਜਾਣ ਕਰਕੇ, ਰੋਗੀ ਦਾ ਆਤਮ ਬਲ ਵਧ ਜਾਏ ਤੇ ਉਸ ਦੀ ਹਾਲਤ ਕੁਝ ਠੀਕ ਹੋ ਜਾਵੇ।’’ ਡਾਕਟਰ ਸੁਦੇਸ਼ ਨੇ ਆਪਣੀ ਗੱਲ ਨੂੰ ਸਾਫ਼ ਕਹਿਣ ਕਰਕੇ ਉਸ ’ਤੇ ਆਏ ਰੁੱਖੇਪਣ ਨੂੰ ਪੂਰਬ ਦੇ ਨਿੱਘ ਵਿਚ ਲਿਆਉਂਦਿਆਂ ਕਿਹਾ। ‘‘ਮੈਂ ਵੀਰ ਜੀ ਨੂੰ ਕਿਹਾ ਸੀ, ਬਈ ਰਿਪੋਰਟਾਂ ਮੈਨੂੰ ਅਮਰੀਕਾ ਭੇਜ ਦੇਵੋ ਮੈਂ ਦੇਖ ਲਵਾਂ। ਪਰ ਉਨ੍ਹਾਂ ਨੇ ਮੈਨੂੰ ਝੱਟ-ਪੱਟ ਚਲੇ ਆਉਣ ’ਤੇ ਜ਼ੋਰ ਦਿੱਤਾ। ਦੇਖ ਸੁਦੇਸ਼, ਰਿਪੋਰਟਾਂ ਤੋਂ ਸਾਫ ਜ਼ਾਹਿਰ ਹੈ ਕਿ ਮੰਮੀ ਬਚ ਹੀ ਨਹੀਂ ਸਕਦੀ, ਜਿਹੜਾ ਇਲਾਜ ਕੀਤਾ ਜਾ ਰਿਹੈ, ਉਹ ਠੀਕ ਹੈ, ਹੁਣ ਤਾਂ ਬਸ ਇੰਤਜ਼ਾਰ ਕਰਨ ਵਾਲੀ ਗੱਲ ਹੈ, ਸੋ ਮੈਨੂੰ ਇੱਥੇ ਪਹਿਲਾਂ ਬੁਲਾਉਣ ਦਾ ਕੀ ਫ਼ਾਇਦਾ।’’ ਕਰਮਵੀਰ ਬੇਟੋਕ ਬੋਲਿਆ। ਡਾਕਟਰ ਸੁਦੇਸ਼ ਦੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਖਿਸਕ ਗਈ ਹੋਵੇ, ਕਰਮਵੀਰ ਦੀ ਬਦਲੀ ਹੋਈ ਸੋਚ ਵੇਖ ਕੇ। ਉਹਨੂੰ ਸਪੱਸ਼ਟ ਸਮਝ ਆ ਰਹੀ ਸੀ ਕਿ ਕਰਮਵੀਰ ਨੂੰ ਕੋਈ ਤਸੱਲੀ ਨਹੀਂ ਹੋਈ ਅਕਾਲ ਚਲਾਣੇ ਤੋਂ ਪਹਿਲਾਂ ਆਪਣੀ ਮਾਂ ਦੇ ਦਰਸ਼ਨ ਕਰਨ ਦੀ। ਉਸ ਤੋਂ ਰਿਹਾ ਨਾ ਗਿਆ, ‘‘ਕਰਮਵੀਰ ਤੈਨੂੰ ਕੋਈ ਸਕੂਨ ਨਹੀਂ ਮਿਲਿਆ ਇਸ ਗੱਲ ’ਤੇ ਕਿ ਆਖ਼ਰੀ ਪਲਾਂ ’ਚ ਜਦੋਂ ਤੇਰੀ ਮਾਂ ਤੈਨੂੰ ਪਿਆਰ ’ਚ ਯਾਦ ਕਰ ਰਹੀ ਸੀ, ਤੈਨੂੰ ਮਿਲਣ ਲਈ ਸਹਿਕ ਰਹੀ ਸੀ, ਤੂੰ ਪਹੁੰਚ ਗਿਐਂ।’’ ‘‘ਠੀਕ ਹੈ ਯਾਰ, ਸੁਦੇਸ਼ ਤੂੰ ਇਕ ਡਾਕਟਰ ਹੋ ਕੇ ਇਹ ਕਿਉਂ ਨਹੀਂ ਸਮਝਦਾ ਕਿ ਕਿਸੇ ਨੂੰ ਨਹੀਂ ਪਤਾ ਆਖ਼ਰੀ ਪਲ ਕਿਤਨੇ ਲੰਮੇ ਹੁੰਦੇ ਹਨ। ਇਹ ਐਸੀ ਸਟੇਜ ਹੈ ਜਿਸ ਵਿਚ ਬਹੁਤਾ ਕੋਈ ਇਲਾਜ ਵੀ ਨਹੀਂ ਹੈ ਤੇ ਕੀ ਪਤਾ ਮਰੀਜ਼ ਕਿੰਨੇ ਦਿਨ ਇਸੇ ਹਾਲਤ ’ਚ ਲਟਕਦਾ ਰਹੇ’’, ਕਰਮਵੀਰ ਕਹੀ ਜਾ ਰਿਹਾ ਸੀ।
ਸੁਦੇਸ਼ ਹੈਰਾਨ ਸੀ। ਸਤਵੰਤ ਕੌਰ ਵੀ ਅੱਖਾਂ ਬੰਦ ਕਰਕੇ ਸਭ ਕੁਝ ਸੁਣ ਰਹੀ ਸੀ। ਕੋਈ ਵੀ ਇਹ ਤੱਕ ਨਹੀਂ ਸੀ ਰਿਹਾ ਕਿ ਉਸ ਦੀਆਂ ਬੰਦ ਅੱਖਾਂ ’ਚੋਂ ਹੰਝੂਆਂ ਦੀ ਝੜੀ ਲੱਗੀ ਹੋਈ ਸੀ। ‘‘ਡਾਕਟਰ ਸੁਦੇਸ਼, ਇਸੇ ਗੱਲ ਨੇ ਸਾਨੂੰ ਹਿੰਦੋਸਤਾਨੀਆਂ ਨੂੰ ਪਿੱਛੇ ਰੱਖਿਆ ਹੋਇਆ ਹੈ, ਸਾਡੇ ਕੋਲ ਸਮੇਂ ਦੀ ਕੋਈ ਕੀਮਤ ਨਹੀਂ ਹੈ। ਦੁਨੀਆਂ ਕਿੰਨੀ ਅੱਗੇ ਲੰਘ ਗਈ ਹੈ, ਅਸੀਂ ਇੱਥੇ ਪ੍ਰੇਮ ਭਾਵਨਾਵਾਂ ਵਿਚ ਬੱਝ ਕੇ ਕਿਤੇ ਨਹੀਂ ਪਹੁੰਚਦੇ। ਹੁਣ ਇਹ ਹੀ ਲੈ ਲਓ, ਭਲਾ ਜੇ ਮੈਂ ਤੂੰ ਕੁਝ ਕਰ ਹੀ ਨਹੀਂ ਸਕਦੇ ਤੇ ਫਿਰ ਇਸ ਤਰ੍ਹਾਂ ਕੋਲ ਬੈਠਣ ਦਾ ਕੀ ਫ਼ਾਇਦਾ ਹੋਵੇਗਾ। ਉੱਥੇ ਮੇਰੇ ਸਮੇਂ ਦੀ ਕੀਮਤ ਹੈ, ਮੈਂ ਇਕ ਘੰਟੇ ਦੇ 20 ਤੋਂ 25 ਡਾਲਰ ਚਾਰਜ ਕਰਦਾ ਹਾਂ। ਜੇਕਰ ਮੰਮੀ ਉੱਥੇ ਵੀ ਹੁੰਦੀ ਤਾਂ ਮੈਂ ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾ ਦਿੰਦਾ, ਆਪਣਾ ਸਮਾਂ ਇਨ੍ਹਾਂ ਕੋਲ ਬੈਠਣ ’ਚ ਬਰਬਾਦ ਨਾ ਕਰਦਾ। ਇਨ੍ਹਾਂ ਦਾ ਖ਼ਿਆਲ ਇਕ ਨਰਸ ਰੱਖ ਸਕਦੀ ਹੈ।’’ ਕਰਮਵੀਰ ਬੜੇ ਆਤਮ-ਵਿਸ਼ਵਾਸ ਨਾਲ ਕਹਿ ਰਿਹਾ ਸੀ।
‘‘ਕਰਮਵੀਰ, ਤੂੰ ਕੀ ਸਮਝਦੈਂ, ਆਪਣੇ ਮਾਂ ਬਾਪ ਦੇ ਬਿਮਾਰ ਹੋਣ ’ਤੇ ਉਨ੍ਹਾਂ ਕੋਲ ਬੈਠਣਾ ਕੋਈ ਜ਼ਰੂਰੀ ਨਹੀਂ ਤੇ ਉਹ ਸਮਾਂ, ਸਮਾਂ ਖ਼ਰਾਬ ਕਰਨਾ ਹੈ? ਕੀ ਨਰਸ ਕੋਲੋਂ ਖ਼ਿਆਲ ਰਖਵਾ ਕੇ, ਉਹ ਸਕੂਨ ਮਿਲ ਸਕਦੈ ਜਿਹੜਾ ਆਪਣੇ ਪੁੱਤਰ ਜਾਂ ਨੂੰਹ ਕੋਲੋਂ?’’ ਡਾਕਟਰ ਸੁਦੇਸ਼ ਨੂੰ ਕੁਝ ਘਿਰਣਾ ਜਿਹੀ ਆਉਣ ਲੱਗ ਪਈ ਡਾਕਟਰ ਕਰਮਵੀਰ ਦੇ ਵਿਚਾਰਾਂ ’ਤੇ ਪੱਛਮ ਦੀ ਗੂੜ੍ਹੀ ਪਰਤ ਚੜ੍ਹੀ ਦੇਖ ਕੇ।
‘‘ਹੂੰ ਹੂੰ’’ ਕਹਿ ਕੇ ਕਰਮਵੀਰ ਨੇ ਡਾਕਟਰ ਸੁਦੇਸ਼ ਦੀਆਂ ਗੱਲਾਂ ਨੂੰ ਜਿਵੇਂ ਬਿਲਕੁਲ ਨਿਰਮੂਲ ਕਰਾਰ ਦੇ ਦਿੱਤਾ ਸੀ। ਸਤਵੰਤ ਕੌਰ ਲਈ ਹੋਰ ਕੁਝ ਸੁਣਨਾ ਅਸਹਿ ਹੋ ਰਿਹਾ ਸੀ। ਇਸ ਕਰਕੇ ਉਸ ਦੀ ਤਬੀਅਤ ਅੰਦਰੋਂ ਖ਼ਰਾਬ ਹੋਣ ਲੱਗ ਪਈ। ਅੰਤਰ ਆਤਮਾ ਤੋਂ ਸਹਿਜ ਸੁਭਾਅ ਉਸ ਨੇ ਮਨ ਹੀ ਮਨ ਕਿਹਾ, ‘‘ਵਾਹਿਗੁਰੂ! ਮੈਂ ਕੇਵਲ ਸਤਪਾਲ ਦੇ ਹੱਥਾਂ ’ਚ ਹੀ ਜਾਵਾਂ, ਕਰਮਵੀਰ ਦੇ ਵਾਪਸ ਜਾਣ ਤੋਂ ਬਾਅਦ। ਕਿਰਪਾ ਕਰੀਂ ਕਰਮਵੀਰ ਨੂੰ ਉਨ੍ਹਾਂ ਕਰਮਾਂ ਦਾ ਹੀ ਧਨੀ ਬਣਾਈਂ ਜਿਹੜੇ ਉਸ ਦੀ ਸੋਚ ’ਚ ਹਨ, ਉਹਦਾ ਸਮਾਂ ਪੈਸੇ ਕਮਾਉਣ ’ਚ ਹੀ ਖਰਚ ਹੋਵੇ।’’ ਤੇ ਉਹ ਬੇਹੋਸ਼ ਹੋ ਗਈ। ਡਾਕਟਰ ਸੁਦੇਸ਼ ਨੇ ਦੇਖ ਲਿਆ, ਰੂੰ ਲੈ ਕੇ ਸਤਵੰਤ ਕੌਰ ਦੀਆਂ ਅੱਖਾਂ ’ਚੋਂ ਪਾਣੀ ਪੂੰਝਿਆ। ਕਰਮਵੀਰ ਨੇ ਕੋਈ ਇੰਜੈਕਸ਼ਨ ਦੇਣ ਦੀ ਸਲਾਹ ਦਿੱਤੀ, ਕੁਝ ਦੇਰ ਬਾਅਦ ਸਤਵੰਤ ਕੌਰ ਹੋਸ਼ ਵਿਚ ਆ ਗਈ।
ਕਰਮਵੀਰ ਕੋਈ 14-15 ਦਿਨ ਆਪਣੀ ਮਾਂ ਦੇ ਸੁਆਸ ਪੂਰੇ ਹੋਣ ਦਾ ਇੰਤਜ਼ਾਰ ਕਰਦਾ ਰਿਹਾ, ਪਰ ਇੰਝ ਨਾ ਹੋਇਆ। ਆਖ਼ਰ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਜਿਸ ਵੇਲੇ ਉਹ ਜਹਾਜ਼ ਚੜ੍ਹਿਆ ਉਸ ਤੋਂ ਕੁਝ ਘੰਟਿਆਂ ਬਾਅਦ ਸਤਵੰਤ ਕੌਰ ਦਮ ਤੋੜ ਗਈ।