ਵਾਰਤਕ ਟੋਟਾ
13 ਅਕਤੂਬਰ ਨੂੰ ਸਤਿੰਦਰ ਸਿੰਘ ਦਾ ਮਿਡਲ ‘ਘੁੰਗਰੀ’ ਖ਼ੂਬਸੂਰਤ ਵਾਰਤਕ ਟੋਟਾ ਹੈ। ਬਹੁਤ ਸਹਿਜ ਨਾਲ ਲਿਖੀ ਰਚਨਾ ਸਚਮੁੱਚ ਦਿਲ ਅੰਦਰ ਉਤਰਦੀ ਜਾਂਦੀ ਹੈ। ਲਿਖਤ ਦਾ ਬਿਰਤਾਂਤ ਖਿੱਚਦਾ ਹੈ।
ਜਸਵੰਤ ਸਿੰਘ, ਪਠਾਨਕੋਟ
ਸੋਸ਼ਲ ਮੀਡੀਆ ਦੀ ਚੁਣੌਤੀ
ਡਾ. ਕੁਲਦੀਪ ਸਿੰਘ ਦਾ ਲੇਖ ‘ਬੌਧਿਕ ਖੇਤਰ ਲਈ ਸੋਸ਼ਲ ਮੀਡੀਆ ਦੀ ਚੁਣੌਤੀ’ (10 ਅਕਤੂਬਰ) ਸੰਸਾਰ ਵਿਚ ਸੋਸ਼ਲ ਮੀਡੀਆ ਦੇ ਜਾਲ ਬਾਰੇ ਵਿਸਥਾਰਪੂਰਵਕ ਬਿਆਨ ਕਰਦਾ ਹੈ। ਸਮਾਜ ਵਿਚ ਸੋਸ਼ਲ ਮੀਡੀਆ ਜ਼ਰੀਏ ਅਸ਼ਲੀਲ ਵੀਡੀਓ ਫੈਲਾਈਆਂ ਜਾ ਰਹੀਆਂ ਹਨ। ਅਸਲ ਵਿਚ ਸੋਸ਼ਲ ਮੀਡੀਆ ਦੀ ਲੋੜ ਤੋਂ ਜ਼ਿਆਦਾ ਵਰਤੋਂ (ਨਾਕਾਰਾਤਮਕ ਰੁਝਾਨਾਂ ਦੀ ਪੂਰਤੀ ਲਈ) ਚਿੰਤਾ ਦਾ ਵਿਸ਼ਾ ਹੈ। ਕਰੋਨਾ ਕਾਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਰਾਬਤਾ ਬਹੁਤ ਜ਼ਿਆਦਾ ਘਟਿਆ ਹੈ। ਇਸ ਦੀ ਜਗ੍ਹਾ ਮੋਬਾਈਲ ਫੋਨਾਂ ਨੇ ਲੈ ਲਈ ਹੈ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਡਾ. ਸ.ਸ. ਛੀਨਾ ਦਾ ਲੇਖ ‘ਸਨਅਤੀ ਇਨਕਲਾਬ ਅਤੇ ਖੇਤੀ ਆਧਾਰਿਤ ਸਨਅਤਾਂ’ ਪੜ੍ਹਿਆ। ਲੇਖ ਵਿਚ ਪੰਜਾਬ ਦੀਆਂ ਉਦਯੋਗਿਕ ਸਨਅਤਾਂ ਅਤੇ ਆਰਥਿਕਤਾ ਵਿਚ ਆਈ ਗਿਰਾਵਟ ਬਾਰੇ ਚਾਨਣਾ ਪਾਇਆ ਹੈ। ਅੱਜ ਪੰਜਾਬ ਨੂੰ ਛੁਪੀ ਹੋਈ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਬਲਵਿੰਦਰ ਕੌਰ, ਮਾਣਕੀ (ਮਾਲੇਰਕੋਟਲਾ)
ਜ਼ਮਾਨਾ ਬਦਲ ਗਿਆ
8 ਅਕਤੂਬਰ ਦੇ ਅੰਕ ਵਿਚ ਗਗਨਦੀਪ ਸਿੰਘ ਗੁਰਾਇਆ ਦਾ ਲੇਖ ‘ਜ਼ਮਾਨਾ ਬਦਲ ਗਿਆ’ ਪੜ੍ਹਿਆ। ਲੇਖਕ ਨੇ ਬਦਲੇ ਜ਼ਮਾਨੇ ਦੀ ਤ੍ਰਾਸਦੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ। ਸਮਾਜ ਵਿਚੋਂ ਨੈਤਿਕ ਕਦਰਾਂ-ਕੀਮਤਾਂ ਘਟ ਰਹੀਆਂ ਹਨ ਜਿਸ ਕਾਰਨ ਜਵਾਨੀ ਕੁਰਾਹੇ ਪੈ ਰਹੀ ਹੈ। ਮਾਪੇ ਸਭ ਕੁਝ ਸਮਝਦੇ ਹੋਏ ਵੀ ਬੇਵੱਸ ਹਨ। ਉਹ ਸਮਾਜ ਦੀਆਂ ਕੁਰੀਤੀਆਂ ਤੋਂ ਬੱਚਿਆਂ ਨੂੰ ਬਚਾਅ ਕੇ ਸਫ਼ਲ ਇਨਸਾਨ ਬਣਾਉਣਾ ਚਾਹੁੰਦੇ ਹਨ ਪਰ ਬੱਚਿਆਂ ’ਤੇ ਬਦਲੇ ਹੋਏ ਜ਼ਮਾਨੇ ਦਾ ਰੰਗ ਭਾਰੂ ਹੈ ਤੇ ਉਹ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋ ਰਹੇ ਹਨ।
ਗੁਰਨਾਮ ਸਿੰਘ, ਗੋਬਿੰਦ ਨਗਰੀ (ਸ੍ਰੀ ਮੁਕਤਸਰ ਸਾਹਿਬ)
ਪਰਾਲੀ ਦੀ ਸੰਭਾਲ
ਡਾ. ਗੁਰਵਿੰਦਰ ਸਿੰਘ ਤੇ ਡਾ. ਅਮਰੀਕ ਸਿੰਘ ਦੀ ਰਚਨਾ ‘ਪਰਾਲੀ ਦੀ ਸੰਭਾਲ ਅਤੇ ਪ੍ਰਦੂਸ਼ਣ ਤੋਂ ਮੁਕਤੀ’ (3 ਅਕਤੂਬਰ) ਪੜ੍ਹੀ। ਪਰਾਲੀ ਸਾੜਨ ਵਰਗੀਆਂ ਕਾਰਵਾਈਆਂ ਮਨੁੱਖੀ ਜੀਵਨ ਲਈ ਘਾਤਕ ਹਨ।
ਮਨੁੱਖ ਅਜਿਹੀਆਂ ਕਾਰਵਾਈਆਂ ਨਾਲ ਹਵਾ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਕਰੋਨਾ ਮਹਾਮਾਰੀ ਦੇ ਰੂਪ ਵਿਚ ਕੁਦਰਤ ਨੇ ਮਨੁੱਖ ਨੂੰ ਖ਼ਬਰਦਾਰ ਕੀਤਾ ਸੀ ਪਰ ਮਨੁੱਖ ਅਜੇ ਵੀ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਕੁਝ ਸਮਝ ਨਹੀਂ ਰਿਹਾ।
ਗੁਰਮੀਤ ਸਿੰਘ, ਵੇਰਕਾ
ਮੁਫ਼ਤ ਸਹੂਲਤਾਂ
3 ਅਕਤੂਬਰ ਦੇ ਅੰਕ ਵਿਚ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਪਹੁ ਫੁਟਾਲਾ’ ਪੜ੍ਹਿਆ। ਉਤਸ਼ਾਹਿਤ ਕਰਨ ਵਾਲਾ ਲੇਖ ਸੀ। ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਸਚਮੁੱਚ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸਰਕਾਰ ਦੀਆਂ ਦਿੱਤੀਆਂ ਮੁਫ਼ਤ ਸਹੂਲਤਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਧੜਾਧੜ ਵਰਤੋਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਘਾਤਕ ਸਾਬਤ ਹੋਵੇਗੀ। ਪੰਜਾਬੀ ਆਪਣੀ ਮਿਹਨਤ ਨਾਲ ਦੂਜਿਆਂ ਦਾ ਢਿੱਡ ਭਰਨ ਦੀ ਫ਼ਿਤਰਤ ਰੱਖਣ ਵਾਲੇ ਲੋਕ ਹਨ। ਸਮਾਜ ਵਿਚ ਅਜਿਹੇ ਬਥੇਰੇ ਲੋਕ ਹਨ ਜੋ ਅਜਿਹੀਆਂ ਸਹੂਲਤਾਂ ਛੱਡਣ ਲਈ ਤਿਆਰ ਹਨ। ਸਰਕਾਰਾਂ ਨੂੰ ਇਸ ਪਾਸੇ ਵਧਣਾ ਚਾਹੀਦਾ ਹੈ।
ਕੁਲਵਿੰਦਰ ਸਿੰਘ, ਦੂਹੇਵਾਲਾ (ਸ੍ਰੀ ਮੁਕਤਸਰ ਸਾਹਿਬ)
ਵਾਤਾਵਰਨ ਦਾ ਸਵਾਲ
ਪਹਿਲੀ ਅਕਤੂਬਰ ਨਜ਼ਰੀਆ ਪੰਨੇ ’ਤੇ ਜੇਐੱਨਯੂ (ਨਵੀਂ ਦਿੱਲੀ) ਦੇ ਖੋਜਾਰਥੀਆਂ ਪ੍ਰਭਜੋਤ ਕੌਰ ਅਤੇ ਹਰਿੰਦਰ ਹੈਪੀ ਦਾ ਲੇਖ ‘ਵਾਤਾਵਰਨ ਦਾ ਸਵਾਲ ਅਤੇ ਕਿਸਾਨ ਜਥੇਬੰਦੀਆਂ’ ਪੜ੍ਹਿਆ। ਬਹੁਤ ਸਰਲ ਭਾਸ਼ਾ ਵਿਚ ਵਾਤਾਵਰਨ ਦੀ ਸੰਭਾਲ ਬਾਰੇ ਸੁਝਾਅ ਦਿੱਤੇ ਗਏ ਹਨ। ਪਾਣੀ ਦੀ ਸੰਭਾਲ, ਖੇਤੀ ਵਿਚ ਤਬਦੀਲੀ ਅਤੇ ਵਧੇਰੇ ਰੁੱਖ ਲਾਉਣ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਮੁਹਿੰਮ ਚਲਾਉਣ ਦੀ ਲੋੜ ਹੈ।
ਬਲਵਿੰਦਰ ਗਿੱਲ, ਈਮੇਲ
ਉਦਾਸੀ ਦਾ ਆਲਮ
ਪਹਿਲੀ ਅਕਤੂਬਰ ਨੂੰ ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਦੇ ਕਾਲਮ ‘ਵੰਡ ਦੇ ਦੁਖੜੇ’ ਤਹਿਤ ਛਪਿਆ ਲੇਖ ‘ਅਨਾਇਤ ਬੇਗ਼ਮ ਦਾ ਖ਼ਤ’ ਬਹੁਤ ਉਦਾਸ ਕਰ ਗਿਆ। 1947 ਵਿਚ ਧਰਮਾਂ ਦੇ ਨਾਮ ’ਤੇ ਹੋਈ ਵੰਡ ਨੇ ਪਤਾ ਨਹੀਂ ਕਿੰਨੇ ਬੇਕਸੂਰ ਲੋਕਾਂ ਨੂੰ ਕਹਿਰਾਂ ਦੀ ਸਜ਼ਾ ਦਿੱਤੀ। ਜਿਨ੍ਹਾਂ ਨੇ ਇਹ ਕਸ਼ਟ ਆਪਣੇ ਜਿਸਮ ਅਤੇ ਦਿਲ ’ਤੇ ਹੰਢਾਏ ਹਨ, ਉਹ ਜਿਊਂਦੇ ਜੀਅ ਕਦੇ ਵੀ ਨਹੀਂ ਭੁੱਲ ਸਕਣਗੇ।
ਦੀਪਕ ਤੇਜਾ, ਈਮੇਲ
ਸੂਚਨਾ ਅਧਿਕਾਰ ਐਕਟ ਵਿਅਰਥ ਹੋ ਗਿਆ
ਕੇਂਦਰ ਸਰਕਾਰ ਨੇ ਸੂਚਨਾ ਅਧਿਕਾਰ ਐਕਟ-2005 (ਆਰਟੀਆਈ) ਇਸ ਲਈ ਬਣਾਇਆ ਸੀ ਤਾਂ ਕਿ ਹਰ ਬੰਦਾ ਕੋਈ ਵੀ ਸੂਚਨਾ ਹਾਸਲ ਕਰ ਸਕੇ। ਇਸ ਨਾਲ ਬਸਤੀਵਾਦੀ ਵਿਹਾਰ ਤੋਂ ਖਹਿੜਾ ਛੁੱਟਣਾ ਸੀ ਪਰ ਹੁਣ ਹਾਲ ਇਹ ਹੈ ਕਿ ਬਹੁਤੀ ਵਾਰ ਲੋਕਾਂ ਤਕ ਜਾਣਕਾਰੀ ਸਮੇਂ ਸਿਰ ਪੁੱਜਦੀ ਹੀ ਨਹੀਂ। ਇਸੇ ਕਰਕੇ ਹੁਣ ਮੁੱਖ ਸੂਚਨਾ ਕਮਿਸ਼ਨਰ (ਸੀਆਈਸੀ) ਦੇ ਦਫ਼ਤਰ ਵਿਚ ਅਰਜ਼ੀਆਂ ਦੇ ਢੇਰ ਲੱਗ ਗਏ ਹਨ। ਗ਼ੈਰ-ਸਰਕਾਰੀ ਸੰਸਥਾ ‘ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ’ ਨੇ ਇਸ ਦਾ ਵੱਡਾ ਕਾਰਨ ਇਹ ਦੱਸਿਆ ਹੈ ਕਿ ਦੇਸ਼ ਭਰ ਵਿਚ ਸੂਚਨਾ ਕਮਿਸ਼ਨਰਾਂ ਦੀਆਂ 165 ਅਸਾਮੀਆਂ ਮਨਜ਼ੂਰ ਹਨ ਪਰ ਫਿਲਹਾਲ ਇਨ੍ਹਾਂ ਦੀ ਗਿਣਤੀ ਸਿਰਫ਼ 40 ਹੈ। ਬਹੁਤ ਸਾਰੇ ਬਜ਼ੁਰਗ (ਸੀਨੀਅਰ ਸਿਟੀਜ਼ਨ) ਹਨ ਜਿਹੜੇ ਲੋੜੀਂਦੀ ਜਾਣਕਾਰੀ ਤੋਂ ਵਾਂਝੇ ਰਹਿ ਰਹੇ ਹਨ। ਜ਼ਾਹਿਰ ਹੈ ਕਿ ਇਸ ਐਕਟ ਦਾ ਮਕਸਦ ਵਿਅਰਥ ਹੋ ਗਿਆ ਹੈ।
ਐੱਸ.ਕੇ. ਖੋਸਲਾ, ਚੰਡੀਗੜ੍ਹ