ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਨੇ 2 ਨਵੰਬਰ ਤੋਂ ਸਕੂਲ ਖੋਲ੍ਹਣ ਸਬੰਧੀ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ ਪਰ 31 ਅਕਤੂਬਰ ਤਕ ਪਹਿਲਾਂ ਵਾਂਗ ਹੀ ਸ਼ੰਕੇ ਦੂਰ ਕਰਨ ਵਿਦਿਆਰਥੀ ਆਉਂਦੇ ਰਹਿਣਗੇ। ਦੂਜੇ ਪਾਸੇ ਨਿੱਜੀ ਸਕੂਲਾਂ ਨੇ ਇਤਰਾਜ਼ ਜਤਾਉਂਦਿਆਂ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਹੈ ਕਿ ਪ੍ਰਸ਼ਾਸਨ ਨੇ ਸਕੂਲ ਤਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਪਰ ਸਕੂਲਾਂ ਦੀਆਂ ਰਹਿੰਦੀਆਂ ਫੀਸਾਂ ਬਾਰੇ ਕੋਈ ਹੁਕਮ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚ 90000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਤੇ ਕਿਸੇ ਵੀ ਸਕੂਲ ਕੋਲ ਵਿਦਿਆਰਥੀਆਂ ਦੀ ਪੂਰੀ ਫੀਸ ਨਹੀਂ ਆਈ ਜਿਸ ਕਾਰਨ ਸਕੂਲਾਂ ਦੇ ਖਰਚੇ ਕੱਢਣੇ ਔਖੇ ਹੋ ਗਏ ਹਨ। ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਮਾਮਿਕ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਮੁਲਾਂਕਣ ਕਰਕੇ ਹਦਾਇਤ ਕਰਨੀ ਚਾਹੀਦੀ ਹੈ ਕਿ ਸਕੂਲ ਵਿਦਿਆਰਥੀਆਂ ਤੋਂ ਪੂਰੀ ਫੀਸ ਲੈਣ। ਫੀਸਾਂ ਨਾ ਆਉਣ ਕਾਰਨ ਕਈ ਸਕੂਲ ਬੰਦ ਕਰਨ ਦੀ ਨੌਬਤ ਆ ਗਈ ਹੈ।
ਸਕੂਲ ਆਨਲਾਈਨ ਤੇ ਫਿਜ਼ੀਕਲ ਦੋਵੇਂ ਜਮਾਤਾਂ ਲਾਉਣ ਤੋਂ ਅਸਮਰੱਥ
ਐਚ ਐਸ ਮਾਮਿਕ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਹ ਤਾਂ ਹਦਾਇਤ ਕਰ ਦਿੱਤੀ ਹੈ ਕਿ ਸਕੂਲ ਆਫਲਾਈਨ ਤੇ ਆਨਲਾਈਨ ਜਮਾਤਾਂ ਲਾਉਣ ਦਾ ਪ੍ਰਬੰਧ ਕਰਨ ਪਰ ਸਕੂਲਾਂ ਕੋਲ ਇੰਨੇ ਅਧਿਆਪਕ ਹੀ ਨਹੀਂ ਹਨ ਕਿ ਉਹ ਦੋਵੇਂ ਵਿਧੀਆਂ ਰਾਹੀਂ ਜਮਾਤਾਂ ਲੈ ਸਕਣ। ਕਈ ਸਕੂਲਾਂ ਕੋਲ ਆਪਣੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ। ਇਸ ਕਰਕੇ ਪ੍ਰਸ਼ਾਸਨ ਟਿਊਸ਼ਨ ਫੀਸ ਦੀ ਥਾਂ ਪੂਰੀ ਫੀਸ ਲੈਣ ਦੇ ਸਪਸ਼ਟ ਹੁਕਮ ਕਰੇ।