ਨਵੀਂ ਦਿੱਲੀ, 30 ਜੁਲਾਈ
ਪੈਗਾਸਸ ਜਾਸੂਸੀ ਕਾਂਡ ’ਤੇ ਵਿਰੋਧੀ ਧਿਰ ਵੱਲੋਂ ਸੰਸਦ ਦੀ ਕਾਰਵਾਈ ’ਚ ਲਗਾਤਾਰ ਪਾਏ ਜਾ ਰਹੇ ਅੜਿੱਕੇ ਦਰਮਿਆਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਹੈ ਕਿ ਇਹ ਵਿਵਾਦ ਕੋਈ ਮੁੱਦਾ ਨਹੀਂ ਹੈ ਅਤੇ ਸਰਕਾਰ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਸੰਸਦ ’ਚ ਚਰਚਾ ਕਰਨ ਲਈ ਤਿਆਰ ਹੈ। ਪੈਗਾਸਸ ਸਪਾਈਵੇਅਰ ਮੁੱਦੇ ਨੇ ਸਿਆਸਤ ’ਚ ਭੂਚਾਲ ਲਿਆ ਦਿੱਤਾ ਹੈ ਅਤੇ ਇਸ ਕਾਰਨ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਹੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ’ਚ ਅੜਿੱਕੇ ਪੈ ਰਹੇ ਹਨ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੁੱਦੇ ’ਤੇ ਦੋਵੇਂ ਸਦਨਾਂ ’ਚ ਬਿਆਨ ਦਿੱਤੇ ਹਨ ਪਰ ਵਿਰੋਧੀ ਪਾਰਟੀਆਂ ਉਸ ਤੋਂ ਸੰਤੁਸ਼ਟ ਨਹੀਂ ਹਨ। ਪ੍ਰਦਰਸ਼ਨਾਂ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਕਿਹਾ ਕਿ ਸਪਾਈਵੇਅਰ ਕੋਈ ਗੰਭੀਰ ਮੁੱਦਾ ਨਹੀਂ ਹੈ।