ਇਕਬਾਲ ਸਿੰਘ ਸ਼ਾਂਤ
ਲੰਬੀ, 25 ਫਰਵਰੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕਈ ਹਫ਼ਤਿਆਂ ਮਗਰੋਂ ਘਰੋਂ ਬਾਹਰ ਆਏ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਦੇਸ਼ ’ਚ ‘ਉਲਟੀ ਗੰਗਾ’ ਵਗ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਖਿਆ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਸ੍ਰੀ ਬਾਦਲ ਨੇ ਕਿਸਾਨ ਸੰਘਰਸ਼ ’ਚ ਵੱਡੀ ਗਿਣਤੀ ਕਿਸਾਨਾਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਨਵੇਂ ਕਾਨੂੰਨਾਂ ਤੋਂ ਕਿਸਾਨ ਖੁਸ਼ ਨਹੀਂ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਸਾਬਕਾ ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ’ਤੇ ਇਤਿਹਾਸਕ ਅਤੇ ਬੇਮਿਸਾਲ ਦੱਸਦਿਆਂ ਆਖਿਆ ਕਿ ਉਨ੍ਹਾਂ ਆਪਣੇ ਜੀਵਨ ’ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਨਾਲ ਜੁੜਿਆ ਸੰਘਰਸ਼ ਨਹੀਂ ਵੇਖਿਆ। ਸਾਬਕਾ ਮੁੱਖ ਮੰਤਰੀ ਅੱਜ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸਮਿਤੀ ਲੰਬੀ ਦੇ ਮੈਂਬਰ ਜਸਮੇਲ ਮਿਠੜੀ ਦੇ ਨਵੇਂ ਵਿਆਹੇ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਮਿਠੜੀ ਬੁੱਧਗਿਰ ਗਏ।
ਦੇਸ਼ ’ਚ ਡੀਜ਼ਲ-ਪੈਟਰੋਲ ਅਤੇ ਘਰੇਲੂ ਗੈਸ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਬਾਹਰਲੇ ਮੁਲਕਾਂ ’ਚ ਤੇਲ ਪਦਾਰਥ ਕਾਫੀ ਸਸਤੇ ਹਨ ਪਰ ਭਾਰਤ ਵਿੱਚ ਉਲਟਾ ਹੋ ਰਿਹਾ ਹੈ। ਇਥੇ ਆਮ ਲੋਕਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਸਰਕਾਰ ਦੇ ਟੈਕਸ ਲਗਾਤਾਰ ਵਧ ਰਹੇ ਹਨ। ਦੱਸਣਯੋਗ ਹੈ ਕਿ ਸ੍ਰੀ ਬਾਦਲ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਤੇ ਡਾਕਟਰੀ ਹਦਾਇਤਾਂ ’ਤੇ ਘਰ ਵਿਚ ਹੀ ਰਹਿ ਰਹੇ ਸਨ ਤੇ ਅੱਜ ਉਹ ਲੰਬੇ ਸਮੇਂ ਬਾਅਦ ਬਾਹਰ ਨਿਕਲੇ।