ਬੀਰਬਲ ਰਿਸ਼ੀ
ਸ਼ੇਰਪੁਰ, 15 ਅਕਤੂਬਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਪਿਛਲੇ ਦਿਨੀ ਵਿਭਾਗ ’ਚ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਹੋਈ ਮੀਟਿੰਗ ਤੋਂ ਆਸਵੰਦ ਰੂਰਲ ਵੈਟਰਨਰੀ ਫਰਮਾਸਿਸਟ ਐਕਸ਼ਨ ਕਮੇਟੀ ਨੂੰ ਦੂਜੇ ਗੇੜ ਦੀ ਗੱਲਬਾਤ ’ਚ ਲੱਡੂ ਖੁਆਏ ਜਾਣ ਦੀ ਥਾਂ ਖਾਲੀ ਹੱਥ ਨਿਰਾਸ਼ ਭੇਜਿਆ ਗਿਆ ਹੈ। ਮੰਤਰੀਆਂ ਨਾਲ ਮੀਟਿੰਗ ’ਚ ਸ਼ਾਮਲ ਰੂਰਲ ਵੈਟਨਰੀ ਫਰਮਾਸਿਸਟ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਦਵਿੰਦਰਪਾਲ ਸਿੰਘ ਲਸੋਈ, ਆਗੂ ਮਨਪ੍ਰੀਤ ਸਿੰਘ ਢਿੱਲੋਂ ਸਲੇਮਪੁਰ, ਦਿਲਸ਼ੇਰ ਸਿੰਘ ਪਟਿਆਲਾ ਤੇ ਹਰਜਸਕਰਨ ਸਿੰਘ ਦੁੱਗਾਂ ਨੇ ਬਾਦਲ ਤੇ ਬਾਜਵਾ ਦੇ ਹਲਕਿਆਂ ’ਚ ਛੇਤੀ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ।
ਰੈਗੂਲਰ ਭਰਤੀ ਲਈ ਮੰਤਰੀਆਂ ਨਾਲ ਦੂਜੇ ਗੇੜ ਹੋਈ ਗੱਲਬਾਤ ਦੇ ਵੇਰਵੇ ਸਾਂਝੇ ਕਰਦਿਆਂ ਸੂਬਾ ਕਨਵੀਨਰ ਦਵਿੰਦਰਪਾਲ ਸਿੰਘ ਲਸੋਈ ਦੇ ਹਵਾਲੇ ਨਾਲ ਸੂਬਾਈ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਢਿੱਲੋਂ ਸਲੇਮਪੁਰ ਨੇ ਦੱਸਿਆ ਕਿ ਦਹਾਕੇ ਤੋਂ ਵੱਧ ਸਮੇਂ ਤੋਂ ਪਸ਼ੂ ਡਿਸਪੈਂਸਰੀਆਂ ’ਚ ਸੇਵਾਵਾਂ ਨਿਭਾਉਂਦੇ ਆ ਰਹੇ ਵੈਟਰਨਰੀ ਫਰਮਾਸਿਸਟਾਂ ਨੂੰ ਰੈਗੂਲਰ ਕਰਨ ’ਤੇ ਟਾਲ-ਮਟੋਲ ਕੀਤੀ ਜਾ ਰਹੀ ਹੈ, ਮਾਰਚ ’ਚ ਕੰਟਰੈਕਟ ਰਿਵਾਈਜ਼ ਨਹੀਂ ਹੋਇਆ ਜਿਸ ਕਰਕੇ ਛੇ ਮਹੀਨਿਆਂ ਤੋਂ ਸਮੂਹ ਫਰਮਾਸਿਸਟ ਤਨਖਾਹਾਂ ਤੋਂ ਵਾਂਝੇ ਹਨ।
ਪਿਛਲੀ ਮੀਟਿੰਗ ’ਚ ਦੋਵੇਂ ਮੰਤਰੀਆਂ ਨੇ ਪਰਸੋਨਲ ਕੋਲ ਰੁਕੀਆਂ ਫਾਈਲਾਂ ਦੀ ਕਾਰਵਾਈ ਨੂੰ ਅੱਗੇ ਤੋਰਨ, ਮਾਰਚ ’ਚ ਹੋਣ ਵਾਲਾ ਕੰਨਰੈਕਟ ਰਿਵਾਈਜ਼ ਕਰਕੇ ਬਕਾਇਆ ਤਨਖ਼ਾਹਾਂ ਪਾਏ ਜਾਣ ਤੇ ਰੈਗੂਲਰ ਭਰਤੀ ਸਮੇਤ ਸਾਰੀਆਂ ਮੰਗਾਂ ਸਬੰਧਤ ਅਧਿਕਾਰੀਆਂ ਨਾਲ ਰਾਇ ਮਸ਼ਵਰੇ ਮਗਰੋਂ ਮੰਨਣ ਦੇ ਨਾਲ-ਨਾਲ ਅਗਲੀ ਮੀਟਿੰਗ ‘ਚ ਲੱਡੂ ਖਵਾ ਕੇ ਭੇਜਣ ਦਾ ਭਰੋਸਾ ਦਿੱਤਾ ਸੀ।
ਆਗੂਆਂ ਨੇ ਦੱਸਿਆ ਕਿ ਦੂਜੀ ਮੀਟਿੰਗ ’ਚ ਮੰਤਰੀ ਕੋਲ ਕਹਿਣ ਨੂੰ ਕੁਝ ਨਹੀਂ ਸੀ ਜਿਸ ਕਰਕੇ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ। ਆਗੂਆਂ ਨੇ ਕਿਹਾ ਕਿ ਮੂੰਹ ਖੁਰ ਦੀ ਸ਼ੁਰੂ ਹੋਈ ਵੈਕਸਿਨ ਦਾ ਪੰਜਾਬ ’ਚ ਫਰਮਾਸਿਸਟਾਂ ਨੇ ਬਾਈਕਾਟ ਰੱਖਿਆ ਹੈ ਤੇ ਭਵਿੱਖ ਵਿੱਚ ਇਹ ਬਾਈਕਾਟ ਤੋਂ ਇਲਾਵਾ ਮਨਸੂਈ ਗਰਭਦਾਨ ਦਾ ਵੀ ਬਾਈਕਾਟ ਰਹੇਗਾ ਤੇ ਦੋਵੇਂ ਮੰਤਰੀਆਂ ਦੇ ਹਲਕਿਆਂ ਵਿੱਚ ਰੈਲੀਆਂ ਦੀਆਂ ਤਾਰੀਕਾਂ ਐਲਾਨ ਕੀਤਾ ਜਾਵੇਗਾ।