ਨਵੀਂ ਦਿੱਲੀ, 15 ਅਕਤੂਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਣਨੀਤਕ ਪੱਖੋਂ ਅਹਿਮ ਜ਼ੋਜਿਲਾ ਸੁਰੰਗ ਦੇ ਉਸਾਰੀ ਕੰਮ ਦਾ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਭਰੋਸਾ ਜਤਾਇਆ ਕਿ ਸ੍ਰੀਨਗਰ ਵਾਦੀ ਤੇ ਲੇਹ ਨੂੰ ਸਾਲ ਦੇ ਬਾਰ੍ਹਾਂ ਮਹੀਨੇ ਜੋੜੀ ਰੱਖਣ ਵਾਲਾ ਇਹ ਪ੍ਰਾਜੈਕਟ ਆਪਣੇ ਮਿੱਥੇ ਸਮੇਂ ਨਾਲੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਸੜਕੀ ਆਵਾਜਾਈ, ਹਾਈਵੇਜ਼ ਤੇ ਐੱਮਐੱਸਐੱਮਈ’ਜ਼ ਬਾਰੇ ਮੰਤਰੀ ਗਡਕਰੀ ਨੇ ਕਿਹਾ, ‘ਇਹ ਦੇਸ਼ ਵਾਸੀਆਂ ਲਈ ਗੌਰਵ ਦੇ ਪਲ ਹਨ। ਮੈਨੂੰ ਭਰੋਸਾ ਹੈ ਕਿ ਪ੍ਰਾਜੈਕਟ ਚਾਰ ਸਾਲਾਂ ’ਚ ਮੁਕੰਮਲ ਹੋ ਜਾਵੇਗਾ ਅਤੇ ਅਗਲੀਆਂ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਸ ਦਾ ਉਦਘਾਟਨ ਕਰਨਗੇ।’ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਛੇ ਸਾਲ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਸ੍ਰੀ ਗਡਕਰੀ 14-15 ਕਿਲੋਮੀਟਰ ਲੰਮੀ ਜ਼ੋਜਿਲਾ ਸੁਰੰਗ ਪ੍ਰਾਜੈਕਟ ਦਾ ਉਸਾਰੀ ਕੰਮ ਸ਼ੁਰੂ ਕਰਨ ਲਈ ਰੱਖੇ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀਨਗਰ-ਕਾਰਗਿਲ-ਲੇਹ ਕੌਮੀ ਸ਼ਾਹਰਾਹ ’ਤੇ 11,578 ਫੁੱਟ ਦੀ ਉਚਾਈ ’ਤੇ ਸਥਿਤ ਜ਼ੋਜਿਲਾ ਪਾਸ ਯੁੱਧ ਤੇ ਰਣਨੀਤਕ ਪੱਖੋਂ ਕਾਫ਼ੀ ਅਹਿਮ ਹੈ। ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੇ ਮੌਸਮ ਵਿੱਚ ਇਹ ਪਾਸ ਬਿਲਕੁਲ ਬੰਦ ਰਹਿੰਦਾ ਹੈ। ਸੁਰੰਗ ਦੇ ਮੁਕੰਮਲ ਹੋਣ ’ਤੇ ਇਹ ਏਸ਼ੀਆ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੋਵੇਗਾ, ਜਿਸ ਨਾਲ ਕੌਮੀ ਸ਼ਾਹਰਾਹ ਨੰਬਰ ਇਕ ’ਤੇ ਸ੍ਰੀਨਗਰ ਤੋਂ ਲੇਹ ਤੱਕ ਤਿੰਨ ਘੰਟਿਆਂ ਦਾ ਸਫ਼ਰ ਘਟ ਕੇ 15 ਮਿੰਟਾਂ ਦਾ ਰਹਿ ਜਾਵੇਗਾ। ਸ੍ਰੀ ਗਡਕਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਰੱਖਿਆ, ਸੁਰੱਖਿਆ ਤੇ ਮਿਆਰ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਸਰਕਾਰੀ ਖ਼ਜ਼ਾਨੇ ’ਤੇ ਪੈਂਦਾ 4000 ਕਰੋੜ ਰੁਪਏ ਦਾ ਵਿੱਤੀ ਬੋਝ ਘਟੇਗਾ। ਉਨ੍ਹਾਂ ਕਿਹਾ ਕਿ ਜ਼ੋਜਿਲਾ ਸੁਰੰਗ ਨਾਲ ਸ੍ਰੀਨਗਰ, ਦਰਾਸ, ਕਾਰਗਿਲ ਤੇ ਲੇਹ ਸਾਲ ਦੇ ਬਾਰ੍ਹਾਂ ਮਹੀਨੇ ਇਕ ਦੂਜੇ ਨਾਲ ਜੁੜੇ ਰਹਿਣਗੇ। -ਪੀਟੀਆਈ