ਮੁਰਾਦਾਬਾਦ/ਦੇਹਰਾਦੂਨ, 13 ਅਕਤੂਬਰ
ਉੱਤਰਾਖੰਡ ਦੇ ਪਿੰਡ ਭਰਤਪੁਰ ਵਿੱਚ ਨਾਜਾਇਜ਼ ਖਣਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਉੱਤਰ ਪ੍ਰਦੇਸ਼ ਪੁਲੀਸ ਅਤੇ ਸਥਾਨਕ ਵਾਸੀਆਂ ਵਿਚਾਲੇ ਹੋਈ ਝੜਪ ਵਿੱਚ ਭਾਜਪਾ ਆਗੂ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ’ਚੋਂ ਚਾਰ ਯੂਪੀ ਪੁਲੀਸ ਦੇ ਮੁਲਾਜ਼ਮ ਹਨ, ਜਿਨ੍ਹਾਂ ’ਚੋਂ ਦੋ ਨੂੰ ਗੋਲੀਆਂ ਲੱਗੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ ਨੇੜੇ ਭਰਤਪੁਰ ਪਿੰਡ ’ਚ ਵਾਪਰੀ। ਪੁਲੀਸ ਟੀਮ ਕਥਿਤ ਤੌਰ ’ਤੇ ਮਾਈਨਿੰਗ ਮਾਫੀਆ ਨਾਲ ਜੁੜੇ ਜਫਰ ਦੀ ਤਲਾਸ਼ ਵਿੱਚ ਮੁਰਾਦਾਬਾਦ ਜ਼ਿਲ੍ਹੇ ਤੋਂ ਆਈ ਸੀ। ਯੂਪੀ ਪੁਲੀਸ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਠਾਕੁਰਦੁਆਰਾ ਥਾਣੇ ਦਾ ਇੱਕ ਸਪੈਸ਼ਲ ਅਪ੍ਰੇਸ਼ਨ ਗਰੁੱਪ (ਐੱਸਓਜੀ) ਜਫਰ ਦੀ ਭਾਲ ’ਚ ਭਾਜਪਾ ਆਗੂ ਅਤੇ ਜਸਪੁਰ ਦੇ ਸੀਨੀਅਰ ਬਲਾਕ ਪ੍ਰਧਾਨ ਗੁਰਤਾਜ ਭੁੱਲਰ ਦੇ ਘਰ ਛਾਪਾ ਮਾਰਨ ਲਈ ਭਰਤਪੁਰ ਗਿਆ ਸੀ। ਜਦੋਂ ਉਹ ਭੁੱਲਰ ਦੇ ਘਰ ਪਹੁੰਚੇ ਤਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਭੁੱਲਰ ਦੀ ਪਤਨੀ ਗੁਰਪ੍ਰੀਤ ਦੀ ਮੌਤ ਹੋ ਗਈ।
ਊਧਮ ਸਿੰਘ ਨਗਰ ਦੇ ਸੀਨੀਅਰ ਪੁਲੀਸ ਕਪਤਾਨ (ਐੱਸਐੱਸਪੀ) ਮੰਜੂਨਾਥ ਟੀਸੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲੀਸ ਦੀ ਟੀਮ ਨੇ ਉੱਤਰਾਖੰਡ ਪੁਲੀਸ ਨੂੰ ਇਸ ਕਰਾਵਾਈ ਬਾਰੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ। ਘਟਨਾ ਮਗਰੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹਾਈਵੇਅ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਕਾਸ਼ੀਪੁਰ ਦੇ ਵਿਧਾਇਕ ਤ੍ਰਿਲੋਕ ਸਿੰਘ ਚੀਮਾ, ਗਦਰਪੁਰ ਦੇ ਵਿਧਾਇਕ ਅਰਵਿੰਦ ਪਾਂਡੇ ਅਤੇ ਸਾਬਕਾ ਸੰਸਦ ਮੈਂਬਰ ਬਲਰਾਜ ਪਾਸੀ ਨੇ ਵੀ ਧਰਨਾਕਾਰੀਆਂ ਦਾ ਸਮਰਥਨ ਕੀਤਾ। ਜ਼ਿਲ੍ਹਾ ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਮਗਰੋਂ ਰਾਤ 11 ਵਜੇ ਧਰਨਾ ਚੁੱਕਿਆ ਗਿਆ।
ਉੱਤਰਾਖੰਡ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚਾਰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਮੁਰਾਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੁਰਾਦਾਬਾਦ ਦੇ ਐੱਸਐੱਸਪੀ ਹੇਮੰਤ ਕਟਿਆਲ ਨੇ ਬਲਾਕ ਪ੍ਰਧਾਨ ਅਤੇ ਉਸ ਦੇ ਸਾਥੀਆਂ ’ਤੇ ਪੁਲੀਸ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਹਥਿਆਰ ਖੋਹਣ ਦੇ ਦੋਸ਼ ਹੇਠ ਠਾਕੁਰਦੁਆਰਾ ਥਾਣੇ ਵਿੱਚ ਕੇਸ ਦਰਜ ਕੀਤਾ ਹੈ। -ਪੀਟੀਆਈ