ਡਾ. ਸਾਹਿਬ ਸਿੰਘ
ਪੰਜਾਬ ਦੇ ਪਿੰਡਾਂ ਕਸਬਿਆਂ ’ਚ ਹੁੰਦੇ ਨਾਟ ਮੇਲਿਆਂ ਦੌਰਾਨ ਨਾਟਕ ਦੇ ਨਾਲ ਨਾਲ ਇਕ ਹੋਰ ਵੰਨਗੀ ਪ੍ਰਸਿੱਧ ਹੈ, ਜਿਸ ਨੂੰ ਕੋਰੀਓਗ੍ਰਾਫੀਆਂ ਕਿਹਾ ਜਾਂਦਾ ਹੈ। ਕੋਈ ਰਿਕਾਰਡ ਕੀਤਾ ਗੀਤ ਵੱਜਦਾ ਹੈ ਤੇ ਕਲਾਕਾਰ ਇਹਦੇ ਨਾਲ ਢੁਕਵੇਂ ਐਕਸ਼ਨ ਕਰਦੇ ਹਨ। ਉਂਜ ਅੰਗਰੇਜ਼ੀ ਵਿਚ ਸਿਰਫ਼ ਦੋ ਹੀ ਸ਼ਬਦ ਲੱਭਦੇ ਹਨ, ਕੋਰੀਓਗ੍ਰਾਫ ਤੇ ਕੋਰੀਓਗ੍ਰਾਫੀ। ‘ਕੋਰੀਓਗ੍ਰਾਫੀਜ਼’ ਨਾਮ ਦਾ ਬਹੁਵਚਨੀ ਸ਼ਬਦ ਕਿਤੇ ਨਹੀਂ ਮਿਲਦਾ। ਇਸ ਮਾਮਲੇ ਵਿਚ ਅਸੀਂ ਪੰਜਾਬੀ ਆਪਣੀ ਸੁੱਖ ਸਹੂਲਤ ਅਨੁਸਾਰ ਲਫਜ਼ ਘੜਨ ਦੇ ਮਾਹਿਰ ਹਾਂ। ਜਿਵੇਂ ਕੈਨੇਡਾ ਅਮਰੀਕਾ ਵਿਚ ਸਾਮਾਨ ਜਾਂ ਬੰਦੇ ਢੋਣ ਵਾਲੀਆਂ ਪਿਕਅਪ ਗੱਡੀਆਂ ਨੂੰ ਅਸੀਂ ‘ਪਿੱਕਾ’ ਬਣਾ ਧਰਿਆ, ਉਸੇ ਤਰ੍ਹਾਂ ਇਸ ਵੰਨਗੀ ਦਾ ਨਾਂ ਕੋਰੀਓਗ੍ਰਾਫੀਆਂ ਰੱਖ ਲਿਆ। ਖ਼ੈਰ ਇਹ ਵੰਨਗੀ ਕਿਵੇਂ ਅਤੇ ਕਦੋਂ ਪ੍ਰਵੇਸ਼ ਕੀਤੀ? ਇਪਟਾ ਦੇ ਸਮਾਗਮਾਂ ’ਚ ਓਪੇਰੇ ਪੇਸ਼ ਹੁੰਦੇ ਸਨ, ਜਿਸ ਵਿਚ ਗੀਤ, ਸੰਗੀਤ, ਨ੍ਰਿਤ, ਸੰਵਾਦ ਅਦਾਇਗੀ ਦਾ ਸੁਮੇਲ ਹੁੰਦਾ ਸੀ। ਇਹ ਰੰਗਮੰਚ ਦਾ ਅਜਿਹਾ ਰੂਪ ਸੀ ਜਿਸ ਵਿਚ ਮੁੱਖ ਰੂਪ ’ਚ ਸੰਵਾਦ ਅਦਾਇਗੀ ਕਾਵਿਕ ਹੁੰਦੀ ਤੇ ਗੀਤ ਸੰਗੀਤ ਰਾਹੀਂ ਕਹਾਣੀ ਅੱਗੇ ਤੁਰਦੀ। ਹੌਲੀ ਹੌਲੀ ਓਪੇਰੇ ਅਲੋਪ ਹੋ ਗਏ। ਪਿੰਡਾਂ ਤੇ ਕਸਬਿਆਂ ’ਚ ਹੋਣ ਵਾਲੇ ਨਾਟ ਸਮਾਗਮਾਂ ਦਾ ਖ਼ਾਸਾ ਸ਼ਹਿਰੀ ਨਾਟ ਘਰਾਂ ’ਚ ਹੋਣ ਵਾਲੀਆਂ ਪੇਸ਼ਕਾਰੀਆਂ ਤੋਂ ਅਲੱਗ ਹੁੰਦਾ ਹੈ। ਉਨ੍ਹਾਂ ਲਈ ਇਹ ਤਿੰਨ ਜਾਂ ਚਾਰ ਘੰਟੇ ਦਾ ਸਮਾਗਮ ਹੁੰਦਾ ਹੈ, ਜਿਸ ਵਿਚ ਨਾਟਕ ਵੀ ਹੋਣਗੇ, ਗੀਤ ਸੰਗੀਤ ਵੀ, ਭਾਸ਼ਣ ਵੀ। ਗੀਤ ਸੰਗੀਤ ਦੀ ਤਾਕਤ ਅਤੇ ਲੋਕਾਂ ਦੇ ਦਿਲਾਂ ਤਕ ਸੌਖੀ ਰਸਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ। ਇਸ ਦਾ ਅਗਲਾ ਪ੍ਰਮੁੱਖ ਰੂਪ ਭਾਅ ਗੁਰਸ਼ਰਨ ਸਿੰਘ ਦੀ ਟੀਮ ਵੱਲੋਂ ਐਕਸ਼ਨ ਗੀਤ ਦੇ ਰੂਪ ’ਚ ਅਪਣਾਇਆ ਗਿਆ। ਨਾਟਕ ਟੀਮ ਦਾ ਹਿੱਸਾ ਬਣੀ ਸੰਗੀਤਕ ਟੀਮ ਕੋਈ ਇਨਕਲਾਬੀ ਗੀਤ ਗਾਉਂਦੀ ਤੇ ਰੰਗਮੰਚ ਦੇ ਕਲਾਕਾਰ ਆਪਣੀ ਸਰੀਰਿਕ ਅਦਾਇਗੀ ਤੇ ਹਾਵ ਭਾਵ ਨਾਲ ਇਸ ਗੀਤ ਦੇ ਅਰਥ ਉਜਾਗਰ ਕਰਦੇ। ਮਹਿੰਦਰ ਸਾਥੀ ਦਾ ਗੀਤ, ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’, ਜਗਮੋਹਨ ਜੋਸ਼ੀ ਦਾ ਗੀਤ, ‘ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ’, ਬੱਲੀ ਸਿੰਘ ਚੀਮਾ ਦਾ ਗੀਤ, ‘ਲੇ ਮਸ਼ਾਲੇਂ ਚਲ ਪੜੇ ਹੈਂ ਲੋਗ ਮੇਰੇ ਗਾਓਂ ਕੇ’ ਆਦਿ ਐਕਸ਼ਨ ਗੀਤਾਂ ਦੀ ਮਕਬੂਲੀਅਤ ਜੱਗ ਜ਼ਾਹਿਰ ਹੈ। ਪਰਮਜੀਤ ਸਿੰਘ ਦੁਆਰਾ ਗਾਏ ਅਨੇਕਾਂ ਗੀਤ ਉਸ ਦੌਰ ਦੀ ਕਹਾਣੀ ਕਹਿੰਦੇ ਹਨ।
ਫਿਰ ਵਕਤ ਦੇ ਗੁਜ਼ਰਨ ਨਾਲ ਇਹ ਐਕਸ਼ਨ ਗੀਤ ਵੀ ਲਗਪਗ ਅਲੋਪ ਹੋ ਗਏ। ਹੁਣ ਨਾਟਕ ਟੀਮ ਨਾਟਕ ਕਰਦੀ ਤੇ ਸੰਗੀਤ ਮੰਡਲੀਆਂ ਗੀਤ ਗਾਉਂਦੀਆਂ। ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਛਾਜਲੀ (ਮਾਸਟਰ ਦੇਸ ਰਾਜ) ਅਤੇ ਲੋਕ ਸੰਗੀਤ ਮੰਡਲੀ ਧੌਲਾ (ਜੁਗਰਾਜ ਸਿੰਘ) ਨੇ ਦਹਾਕਿਆਂ ਬੱਧੀ ਪੰਜਾਬ ਦੇ ਨਾਟ ਸਮਾਗਮਾਂ ’ਚ ਆਪਣੇ ਇਨਕਲਾਬੀ ਗੀਤਾਂ ਨਾਲ ਭਰਪੂਰ ਹਾਜ਼ਰੀ ਲਵਾਈ ਤੇ ਇਤਿਹਾਸਕ ਭੂਮਿਕਾ ਅਦਾ ਕੀਤੀ। ਪੰਜਾਬ ਲੋਕ ਸੱਭਿਆਚਾਰਕ ਮੰਚ ਨੇ ਜਿੱਥੇ ਨਾਟਕ ਟੀਮਾਂ ਨੂੰ ਅਪਣਾਇਆ, ਉੱਥੇ ਸੰਗੀਤ ਮੰਡਲੀਆਂ ਨੂੰ ਵੀ ਆਪਣੀ ਛਾਤੀ ਨਾਲ ਲਗਾ ਕੇ ਰੱਖਿਆ। ਇਸ ਲੜੀ ਵਿਚ ਜਗਸੀਰ ਜੀਦਾ ਦੀ ਸੰਗੀਤ ਮੰਡਲੀ ਜੁੜੀ ਅਤੇ ਅੱਜ ਤਕ ਸਰਗਰਮ ਹੈ। ਰਸੂਲਪੁਰੀਆ ਦਾ ਕਵੀਸ਼ਰੀ ਜਥਾ ਆਪਣੀ ਲੋਕ ਪੱਖੀ ਕਵੀਸ਼ਰੀ ਨਾਲ ਖੂਬ ਰੰਗ ਬੰਨ੍ਹਦਾ ਹੈ। ਇਸ ਸਭ ਕੁਝ ਦੇ ਦਰਮਿਆਨ ਆਰਟ ਸੈਂਟਰ ਸਮਰਾਲਾ ਦੀ ਟੀਮ ਇਕ ਵਿਲੱਖਣ ਵੰਨਗੀ ਲੈ ਕੇ ਮੰਚ ’ਤੇ ਹਾਜ਼ਰ ਹੋਈ। ਪੰਜਾਬ ਦੇ ਦੁਖਾਂਤ ਨੂੰ ਬਿਆਨਦਾ ਗੁਰਦਾਸ ਮਾਨ ਦਾ ਗੀਤ, ‘ਮੈਂ ਧਰਤੀ ਪੰਜਾਬ ਦੀ, ਲੋਕੋ ਵਸਦੀ ਉੱਜੜ ਗਈ!’ ਰਿਲੀਜ਼ ਹੋਇਆ ਤਾਂ ਹਰ ਦਰਦਮੰਦ ਪੰਜਾਬੀ ਦੀਆਂ ਅੱਖਾਂ ਨਮ ਹੋਈਆਂ। ਇਹ ਲੀਕ ਤੋਂ ਹਟਵਾਂ ਗੀਤ ਸੀ। ਗਾਇਨ ਰਸ ਦੇ ਨਾਲ ਨਾਲ ਇਸ ਵਿਚ ਖੂਬਸੂਰਤ ਤਰੀਕੇ ਨਾਲ ਕਹਾਣੀ ਕਹੀ ਜਾ ਰਹੀ ਸੀ ਤੇ ਸੁਣਨ ਵਾਲੇ ਦੀਆਂ ਅੱਖਾਂ ’ਚ ਦ੍ਰਿਸ਼ ਉੱਭਰਦੇ ਸਨ। ਗੀਤ ਦੀ ਇਸ ਤਾਕਤ ਨੂੰ ਮਾਸਟਰ ਤਰਲੋਚਨ ਸਿੰਘ ਨੇ ਪਹਿਚਾਣਿਆ ਤੇ ਫ਼ੈਸਲਾ ਲਿਆ ਕਿ ਇਸ ਗੀਤ ਦਾ ਮੰਚਨ ਕੀਤਾ ਜਾਵੇ। ਮਾਸਟਰ ਜੀ ਰੰਗਮੰਚ ਨਾਲ ਚਿਰਾਂ ਤੋਂ ਜੁੜੇ ਹੋਏ ਸਨ ਤੇ ਫ਼ਿਲਮ ਨਿਰਮਾਣ ਦੀ ਵਿਆਕਰਣ ਪ੍ਰਤੀ ਵੀ ਖਾਸੇ ਚੇਤੰਨ ਹਨ। ਇਸ ਲਈ ਉਨ੍ਹਾਂ ਆਸਾਨ ਰਾਹ ਨਾ ਚੁਣਿਆ, ਬਲਕਿ ਇਕ ਇਕ ਸ਼ਬਦ, ਇਕ ਇਕ ਵਾਕ ਦੀ ਤਸਵੀਰ ਵਾਹੁਣ ਦਾ ਯਤਨ ਕੀਤਾ। ਸਿਰਫ਼ ਸ਼ਬਦਾਂ ਦੀ ਪੇਸ਼ਕਾਰੀ ਨਹੀਂ, ਉਨ੍ਹਾਂ ਅੰਤਰਿਆਂ ਦੇ ਵਿਚਕਾਰ ਖੱਪਾ ਭਰਦੇ ਸੰਗੀਤ ਦੀ ਪੇਸ਼ਕਾਰੀ ਲਈ ਵੀ ਦ੍ਰਿਸ਼ ਵਿਉਂਤੇ। ਜਿਵੇਂ ਫ਼ਿਲਮੀ ਗੀਤਾਂ ਦੇ ਕੋਰੀਓਗ੍ਰਾਫਰ ਢੁਕਵੀਂ ਅਦਾਇਗੀ ਵਾਲੇ ਐਕਸ਼ਨ ਉਲੀਕਦੇ ਹਨ, ਮਾਸਟਰ ਜੀ ਨੇ ਇਸ ਗੀਤ ਦੀ ਇਕ ਸਕ੍ਰਿਪਟ ਤਿਆਰ ਕਰ ਲਈ। ਜਦੋਂ ਇਹਦੀ ਪੇਸ਼ਕਾਰੀ ਮੰਚ ਦਾ ਸ਼ਿੰਗਾਰ ਬਣੀ ਤਾਂ ਦਰਸ਼ਕ ਨੂੰ ਨਾਟਕੀ ਸੁਹਜ ਵੀ ਨਜ਼ਰ ਆਇਆ ਤੇ ਕੋਰੀਓਗ੍ਰਾਫਰ ਤਰਲੋਚਨ ਸਿੰਘ ਦੀ ਕਲਾਕਾਰੀ ਦਾ ਅਹਿਸਾਸ ਵੀ ਹੋਇਆ।
ਕੋਰੀਓਗ੍ਰਾਫੀ ਦਾ ਆਗਾਜ਼ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਸੰਗੀਤਕ ਉਭਾਰ ਬੁਲੰਦੀ ਵੱਲ ਵਧ ਰਿਹਾ ਹੈ…ਸ਼ਬਦਾਂ ਦੀ ਅਜੇ ਉਡੀਕ ਹੋ ਰਹੀ ਹੈ। ਖਿੱਲਰੇ ਵਾਲਾਂ ਵਾਲੀ ਇਕ ਕੁੜੀ ਦੀਆਂ ਦੋਵੇਂ ਬਾਹਵਾਂ ਨੂੰ ਵਿਪਰੀਤ ਦਿਸ਼ਾਵਾਂ ਵਿਚ ਖਿੱਚਿਆ ਜਾ ਰਿਹਾ ਹੈ, ਸੰਗੀਤਕ ਸਰਗਮ ਜਦੋਂ ਸਮ ’ਤੇ ਪਹੁੰਚਦੀ ਹੈ ਤਾਂ ਕੁੜੀ ਧੱਕਾ ਖਾ ਕੇ ਭੁੰਜੇ ਡਿੱਗਦੀ ਹੈ। ਉਸ ਦਾ ਚਿਹਰਾ ਜ਼ਮੀਨ ’ਤੇ ਗੱਡਿਆ ਹੋਇਆ ਹੈ। ਖਿੱਲਰੇ ਵਾਲ ਚਿਹਰੇ ਨੂੰ ਢੱਕ ਰਹੇ ਹਨ, ਪੰਜਾਬ ਦੀ ਮਿੱਟੀ ਆਪਣੇ ਧੀਆਂ ਪੁੱਤਾਂ ਨਾਲ ਸੰਵਾਦ ਰਚਾਉਣ ਤੋਂ ਪਹਿਲਾਂ ਇਕ ਸ਼ਰਮਸਾਰੀ ’ਚੋਂ ਗੁਜ਼ਰ ਰਹੀ ਹੈ ਤੇ ਗੱਲ ਆਰੰਭ ਕਰਨ ਲਈ ਤਾਕਤ ਜੁਟਾ ਰਹੀ ਹੈ। ਉਸ ਦੀ ਸਾਹੋ ਸਾਹੀ ਹੋਈ ਪਿੱਠ ਦੀ ਤੇਜ਼ ਗਤੀ ਅੰਦਰਲੀ ਕਸ਼ਮਕਸ਼ ਦਾ ਸਬੂਤ ਬਣ ਪੇਸ਼ ਹੋ ਰਹੀ ਹੈ। ਇਕ ਠਹਿਰਾਉ ਆਉਂਦਾ ਹੈ,ਛਿਣ ਭਰ ਦੀ ਚੁੱਪੀ! ਉਸ ਤੋਂ ਬਾਅਦ ਜਿਵੇਂ ਜਿਵੇਂ ਗੁਰਦਾਸ ਮਾਨ ਦੇ ਸ਼ਬਦ ਉੱਭਰਨੇ ਸ਼ੁਰੂ ਹੁੰਦੇ ਹਨ, ਅਦਾਕਾਰ ਕੁੜੀ ਦਾ ਸਿਰ ਉੱਪਰ ਉੱਠਣ ਲੱਗਦਾ ਹੈ। ਨਜ਼ਰਾਂ ਦਰਸ਼ਕਾਂ ਦੀਆਂ ਨਜ਼ਰਾਂ ਨਾਲ ਮਿਲਦੀਆਂ ਹਨ ਤੇ ਧਰਤੀ ਆਪਣੀ ਜਾਣ ਪਹਿਚਾਣ ਅਰੰਭਦੀ ਹੈ, ‘ਮੈਂ ਧਰਤੀ ਪੰਜਾਬ ਦੀ…’ ਅਦਾਕਾਰ ਬਲਜਿੰਦਰ ਕੌਰ ਦੀਆਂ ਮਘਦੀਆਂ ਅੱਖ ਸਵਾਲ ਬਣ ਹਿੱਕ ’ਚ ਵੱਜਦੀਆਂ ਹਨ ਤੇ ਦਰਸ਼ਕ ਸੁੰਨ ਹੋਇਆ ਇਸ ਗੀਤ ਨੂੰ ‘ਦੇਖ’ ਰਿਹਾ ਹੈ। ਉਦੋਂ ਅਜੇ ਗਾਣਿਆਂ ਦੀਆਂ ਵੀਡੀਓਜ਼ ਬਣਨ ਦਾ ਰਿਵਾਜ ਅਜੋਕੀ ਤੇਜ਼ੀ ਵਾਲਾ ਨਹੀਂ ਸੀ। ਇਹ ਕੋਰੀਓਗ੍ਰਾਫੀ ਇਕ ਗੀਤ ਦੀ ‘ਮੰਚ ਵੀਡੀਓ’ ਸੀ।
ਫਿਰ ਕੋਰੀਓਗ੍ਰਾਫੀ ਤੋਂ ਕੋਰੀਓਗ੍ਰਾਫੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਬੰਧਕਾਂ ਨੂੰ ਇਸ ਵੰਨਗੀ ਨੇ ਨਵੀਂ ਊਰਜਾ ਦਿੱਤੀ ਤੇ ਪੇਸ਼ਕਾਰਾਂ ਨੂੰ ਇਕ ਨਵੀਂ ਘਾੜਤ ਲੱਭੀ ਸੀ। ਕੁਝ ਨੇ ਮਿਹਨਤ ਕੀਤੀ, ਗੀਤ ਨੂੰ ਕੋਰੀਓਗ੍ਰਾਫ ਕਰਨ ਦੀ ਲੰਬੀ ਚੌੜੀ ਕਸਰਤ ’ਚ ਪੈਣ ਦਾ ਹੌਸਲਾ ਕੀਤਾ ਤੇ ਕੁਝ ਨੇ ਇਸ ਨੂੰ ਇਕ ਸੌਖਾ ਰਾਹ ਸਮਝਿਆ। ਇਹ ਵਰਤਾਰਾ ਕਿਸੇ ਵੀ ਕਲਾ ’ਚ ਵਾਪਰਦਾ ਹੈ। ਸੌ ਫੁੱਲ ਖਿੜਦੇ ਹਨ। ਕੁਝ ਬਗੀਚੀ ਦੀ ਸ਼ਾਨ ਬਣਦੇ ਹਨ, ਕੁਝ ਨੁੱਕਰ ’ਚ ਚੁੱਪਚਾਪ ਪਏ ਰਹਿੰਦੇ ਹਨ। ਪਰ ਫੁੱਲ ਤਾਂ ਫੁੱਲ ਹੁੰਦਾ, ਖ਼ੁਸ਼ਬੂ ਰਹਿਤ ਨਹੀਂ ਹੋ ਸਕਦਾ। ਅੱਜ ਜਦੋਂ ਵੀ ਮੈਂ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਲਈ ਪਿੰਡਾਂ ’ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਨਿੱਕੇ ਨਿੱਕੇ ਪਿੰਡਾਂ ’ਚ ਰਹਿੰਦੇ ਚੇਤੰਨ ਅਧਿਆਪਕ ਜਾਂ ਸਮਰਪਤ ਵਿਅਕਤੀ ਬੱਚਿਆਂ ਨੂੰ ਜਾਂ ਪਿੰਡ ਦਿਆਂ ਮੁੰਡਿਆਂ ਕੁੜੀਆਂ ਨੂੰ ਲੈ ਕੇ ਕੋਰੀਓਗ੍ਰਾਫੀਆਂ ਤਿਆਰ ਕਰਕੇ ਮੰਚ ’ਤੇ ਪਹੁੰਚਦੇ ਹਨ। ਮੈਂ ਬੜੇ ਗਹੁ ਨਾਲ ਉਨ੍ਹਾਂ ਨੂੰ ਦੇਖਦਾ ਹਾਂ। ਕਈ ਵਾਰ ‘ਵਾਹ’ ਨਿਕਲਦੀ ਹੈ। ਕਈ ਵਾਰ ਉਨ੍ਹਾਂ ਦੀ ਮਾਸੂਮੀਅਤ ਦੇਖ ਕੇ ਸਿਰਫ਼ ਮੁਸਕਰਾਹਟ ਆਉਂਦੀ ਹੈ, ਪਰ ਮਾਣ ਜ਼ਰੂਰ ਹੁੰਦਾ ਹੈ ਕਿ ਹੇਠਲੇ ਪੱਧਰ ’ਤੇ ਅਵਾਮ ਨੂੰ ਚੇਤੰਨ ਕਰਨ ਲਈ ਕਲਾ ਦੀ ਵਰਤੋਂ ਕਰਨ ਵਾਲੇ ਯਤਨਸ਼ੀਲ ਹਨ ਤੇ ਹਰ ਤਰ੍ਹਾਂ ਦੀ ਵਿਆਕਰਣ ਤੋਂ ਉੱਪਰ ਉੱਠ ਕੇ ਡਟੇ ਹੋਏ ਹਨ। ਡਟੇ ਰਹੋ ਤੇ ‘ਕੋਰੀਓਗ੍ਰਾਫੀਆਂ’ ਕਰਦੇ ਰਹੋ।
ਸੰਪਰਕ: 98880-11096