ਸੰਜੀਵ ਬੱਬੀ
ਚਮਕੌਰ ਸਾਹਿਬ, 29 ਜੂਨ
ਕਸਬਾ ਬੇਲਾ ਨੇੜੇ ਸਤਲੁਜ ਦਰਿਆ ਤੇ ਪੁਲ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਇਲਾਕੇ ਦੀ ਚਿਰਕੋਣੀ ਮੰਗ ਵੀ ਪੂਰੀ ਹੋ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ 114 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਲਈ ਡਰੋਨ ਸਰਵੇਅ ਕਰਕੇ ਅਧਿਕਾਰੀਆਂ ਵੱਲੋਂ ਨਕਸ਼ੇ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਸਬਾ ਬੇਲਾ ਤੋਂ ਪਿੰਡ ਪਨਿਆਲੀ ਤੱਕ 8 ਕਿੱਲੋਮੀਟਰ ਦੇ ਲਗਪਗ ਸੜਕ ਬਣਾਈ ਜਾਵੇਗੀ ਜਿਸ ਵਿੱਚ ਸਤਲੁਜ ਦਰਿਆ ਤੇ ਲਗਾਇਆ ਜਾਣ ਵਾਲਾ ਇੱਕ ਕਿੱਲੋਮੀਟਰ ਦਾ ਪੁਲ ਵੀ ਸ਼ਾਮਲ ਹੈ। ਪੁਲ ਦਾ ਨਕਸ਼ਾ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਦਰਿਆ ਵਿੱਚ ਪਾਣੀ ਦੇ ਵਹਾਅ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰਾਜੈਕਟ ਲਈ 42 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ ਜਿਸ ਵਿੱਚ 28 ਏਕੜ ਜ਼ਮੀਨ ਲੋਕਾਂ ਦੀ ਨਿੱਜੀ ਮਾਲਕੀ ਵਾਲੀ ਜ਼ਮੀਨ ਸ਼ਾਮਲ ਹੈ ਤੇ ਬਾਕੀ 14 ਏਕੜ ਸਰਕਾਰੀ ਜ਼ਮੀਨ ਵੱਖ-ਵੱਖ ਵਿਭਾਗਾਂ ਦੇ ਨਾਮ ਹੈ। ਸ੍ਰੀ ਚੰਨੀ ਨੇ ਦੱਸਿਆ ਕਿ ਨਿੱਜੀ ਜ਼ਮੀਨ ਦਾ ਆਪਸੀ ਸਹਿਮਤੀ ਨਾਲ ਭਾਅ ਤੈਅ ਕਰਨ ਲਈ ਉਨ੍ਹਾਂ ਅੱਜ ਸਬੰਧਤ ਜ਼ਮੀਨਾਂ ਦੇ ਮਾਲਕ ਕਿਸਾਨਾਂ ਨਾਲ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਵਿਚਾਰ ਕਰਨ ਲਈ ਹਫਤੇ ਦਾ ਸਮਾਂ ਮੰਗਿਆ ਹੈ ਅਤੇ ਦਰਿਆ ਸਤਲੁਜ ਤੇ ਪੁਲ ਬਣਨ ਨਾਲ ਜਿੱਥੇ ਬੇਟ ਇਲਾਕੇ ਦੀ ਤਰੱਕੀ ਦੇ ਨਵੇਂ ਰਾਹ ਖੁੱਲਣਗੇ, ਉੱਥੇ ਹੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ ਜਲੰਧਰ ਲਈ ਕਈ ਸਰਕਾਰੀ ਬੱਸਾਂ ਦੇ ਰੂਟ ਵੀ ਚਲਾਏ ਜਾਣਗੇ। ਇਸ ਮੌਕੇ ਐੱਸਡੀਐੱਮ ਇੰਦਰਪਾਲ ਸਿੰਘ, ਤਹਿਸੀਲਦਾਰ ਚੇਤਨ ਬੰਗੜ, ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਥਾਣਾ ਮੁਖੀ ਗੁਰਪ੍ਰੀਤ ਸਿੰਘ, ਮਾਲ ਅਧਿਕਾਰੀ ਲਖਵੀਰ ਸਿੰਘ ਲੱਖਾ, ਚੇਅਰਮੈਨ ਕਰਨੈਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਸਰਪੰਚ ਲਖਵਿੰਦਰ ਸਿੰਘ ਭੂਰਾ, ਪੰਚ ਰਵਿੰਦਰ ਸ਼ਰਮਾ, ਸਮਿਤੀ ਮੈਂਬਰ ਡਾ. ਬਲਵਿੰਦਰ ਸਿੰਘ, ਜਸਵੀਰ ਸਿੰਘ ਜਟਾਣਾ ਅਤੇ ਰੋਹਿਤ ਸੱਭਰਵਾਲ ਹਾਜ਼ਰ ਸਨ।