ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਜੂਨ
ਪਿੰਡ ਲਾਲਪੁਰ ਵਿੱਚ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਦੇ ਕਤਲ ਦੇ ਮਾਮਲੇ ਵਿੱਚ 25 ਦਿਨ ਬੀਤ ਜਾਣ ਦੇ ਬਾਵਜੂਦ ਅਸਲ ਕਾਤਲਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਦਲਿਤ ਸਮਾਜ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਦਾ ਘਿਰਾਓ ਕਰਨ ਤੋਂ ਬਾਅਦ ਕਪਰੂਥਲਾ-ਅਟਾਰੀ ਰਾਸ਼ਟਰੀ ਰਾਜ ਮਾਰਗ ਮੁਕੰਮਲ ਤੌਰ ’ਤੇ ਬੰਦ ਕਰਕੇ ਬਿਆਸ ਪੁਲ ਜਾਮ ਕਰਦੇ ਹੋਏ ਆਵਾਜਾਈ ਠੱਪ ਕਰਕੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਜਾਮ ਦੌਰਾਨ ਕਪੂਰਥਲਾ-ਅਟਾਰੀ ਮਾਰਗ ਦੇ ਦੋਹਾਂ ਪਾਸੇ ਵਾਹਨਾਂ ਦੀਆ ਲੰਮੀਆਂ ਕਤਾਰਾ ਲੱਗ ਗਈਆ। ਰੋਸ ਧਰਨੇ ਦੀ ਅਗਵਾਈ ਕਰ ਰਹੇ ਰਾਵਣ ਸੈਨਾ ਭਾਰਤ ਮਿਸ਼ਨ ਅਬੰਦੇਕਰ ਦੇ ਰਾਸ਼ਟਰੀ ਪ੍ਰਧਾਨ ਦੀਪ ਦਸ਼ਾ ਨੰਦ, ਜਿਲ੍ਹਾ ਪ੍ਰਧਾਨ ਬਲਬੀਰ ਤੇਜੀ, ਵਾਲਮੀਕਿ ਸਭਾ ਤੋਂ ਜਸਵੰਤ ਸਿੰਘ ਧੂੰਦਾ, ਸੰਤ ਸਿਪਾਹੀ ਗਰੁੱਪ ਤੋਂ ਪ੍ਰਧਾਨ ਦਵਿੰਦਰ ਸਿੰਘ, ਬਾਬਾ ਜੀਵਨ ਸਿੰਘ ਰੰਗਰੇਟਾ ਦਲ ਅੰਮ੍ਰਿਤਸਰ ਦੇ ਚੇਅਰਮੈਨ ਬਲਜੀਤ ਸਿੰਘ ਨੇ ਪਿੰਡ ਲਾਲਪੁਰ ਵਿਖੇ ਹੋਏ ਦਲਿਤ ਪਰਿਵਾਰ ਦੇ ਨੌਜਵਾਨ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਦੇ ਹੱਕ ਵਿੱਚ ਇਕੱਤਰ ਹੋਏ ਦਲਿਤ ਸਮਾਜ ਦੇ ਲੋਕਾ ਨੂੰ ਸੰਬੋਧਨ ਕਰਦਿਆਂ ਕੀਤਾ। ਧਰਨਾਕਾਰੀਆ ਨੇ ਪੁਲੀਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਦੋਸ਼ੀਆ ਕੋਲੋਂ ਮੋਟੀਆ ਰਕਮਾਂ ਲੈ ਕੇ ਉਨ੍ਹਾਂ ਨੂੰ ਬਚਾਅ ਰਹੀ ਹੈ। ਉਹ ਦਲਿਤ ਪਰਿਵਾਰ ਨੂੰ ਨੌਜਵਾਨ ਪੁੱਤ ਦੀ ਮੌਤ ਦਾ ਇਨਸਾਫ਼ ਲੈ ਕੇ ਦੇਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਅਤੇ ਐੱਸਐੱਚਓ ਜਸਵੰਤ ਸਿੰਘ ਨੂੰ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਵਾਪਸ ਮੁੜਨਾ ਪਿਆ।