ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਫਰਵਰੀ
ਸਾਧੂ ਸਿੰਘ ਧਰਮਸੋਤ ਨੇ ਵੀ ਅੱਜ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਤਹਿਤ ਪਟਿਆਲਾ ਜਿਲ੍ਹੇ ਦੇ ਲਾਭਪਾਤਰੀਆਂ ਨੂੰ 27 ਮਿੰਨੀ ਬੱਸਾਂ ਦੇ ਪਰਮਿਟ ਸੌਂਪੇ। ਪਟਿਆਲਾ ਜਿਲ੍ਹੇ ’ਚ ਦੋ ਦਿਨਾ ਦੌਰਾਨ ਅਜਿਹੇ 134 ਪਰਮਿਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ’ਚ 3000 ਮਿਨੀ ਬੱਸਾਂ ਦੇ ਪਰਮਿਟ ਵੰਡਣ ਦੀ ਸ਼ੁਰੂਆਤ ਕੀਤੀ ਹੈ। ਮਿੰਨੀ ਸਕੱਤਰੇਤ ਪਟਿਆਲਾ ਵਿਖੇ ਪੁੱਜੇ ਸ੍ਰੀ ਧਰਮਸੋਤ ਨੇ ਦੱਸਿਆ ਕਿ ਅੱਜ ਰਾਜਪੁਰਾ ਅਤੇ ਨਾਭਾ ਵਿਖੇ 7- 7, ਪਟਿਆਲਾ ਵਿਖੇ 5, ਸਮਾਣਾ ਤੇ ਪਾਤੜਾਂ ਵਿਖੇ 3-3, ਦੂਧਨਸਾਧਾਂ ਵਿਖੇ 2 ਜਣਿਆਂ ਨੂੰ ਸੰਕੇਤਕ ਤੌਰ ’ਤੇ ਪਰਮਿਟ ਸੌਂਪੇ ਗਏ। ਇਸ ਸਮਾਗਮ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸੰਤੋਖ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ, ਜਗਜੀਤ ਸੱਗੂ, ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ, ਪੀ.ਆਰ.ਟੀ.ਸੀ. ਦੇ ਐਮ.ਡੀ. ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਸਕੱਤਰ ਆਰ.ਟੀ.ਏ. ਪਰਮਜੀਤ ਸਿੰਘ ਆਦਿ ਅਧਿਕਾਰੀ ਵੀ ਮੌਜੂਦ ਸਨ।
ਸੰਗਰੂਰ(ਨਿਜੀ ਪੱਤਰ ਪ੍ਰੇਰਕ): ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਪੰਜ ਹਾਈ-ਟੈਕ ਪ੍ਰਾਜੈਕਟਾਂ ਦਾ ਵਰਚੂਅਲ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਹਾਜ਼ਰੀ ’ਚ ਹੋਏ ਇਸ ਆਨਲਾਈਨ ਪ੍ਰੋਗਰਾਮ ’ਚ ਸੰਗਰੂਰ ਤੋਂ ਵਿਸ਼ੇਸ਼ ਤੌਰ ਡਿਪਟੀ ਕਮਿਸ਼ਨਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਤੇ ਲਾਭਪਤਾਰੀਆਂ ਨੇ ਸਮੂਲੀਅਤ ਕੀਤੀ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਦੁਅਵਾਂ ਕੀਤੀਆਂ।
ਇਸ ਤੋਂ ਪਹਿਲਾ ਬੱਸਾਂ ਦੇ ਰੂਟ ਪ੍ਰਾਪਤ ਕਰਨ ਵਾਲੇ ਮਹਿਕਪ੍ਰੀਤ ਕੌਰ, ਕੁਲਦੀਪ ਸਿੰਘ, ਤਰਨਬੀਰ ਸਿੰਘ, ਗੁਰਪ੍ਰਾਤਪ ਸਿੰਘ, ਚਤਵੰਤ ਸਿੰਘ ਨੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਏ ਬੱਸਾਂ ਦੇ ਰੂਟ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।