ਪੱਤਰ ਪ੍ਰੇਰਕ
ਭਾਈਰੂਪਾ, 12 ਅਕਤੂਬਰ
ਪੰਜਾਬ ਦੀਆਂ ਸੱਤ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ ’ਤੇ ਕ੍ਰਾਤੀਕਾਂਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਇਲਾਕਾ ਪ੍ਰਧਾਨ ਜਗਸੀਰ ਸਿੰਘ ਮਹਿਰਾਜ ਦੀ ਅਗਵਾਈ ਹੇਠ ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਪੱਤੀ ਸੌਲ ਮਹਿਰਾਜ ਦੇ ਮਟਕਾ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲੋਕ ਸੰਗਰਾਮ ਮੋਰਚਾ ਦੇ ਪ੍ਰੈੱਸ ਸਕੱਤਰ ਲੋਕਰਾਜ ਮਹਿਰਾਜ ਅਤੇ ਬਲਵਿੰਦਰ ਸਿੰਘ ਧੌਲਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜੈਤੋ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਪਿੰਡ ਮੱਤਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ। ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ) ਨੇ ‘ਆਪ’ ਸਰਕਾਰ ’ਤੇ ਮਜ਼ਦੂਰ ਯੂਨੀਅਨ ਨੂੰ ਮੀਟਿੰਗ ਲਈ ਸਮਾਂ ਦੇ ਕੇ ਮੁਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮਜ਼ਦੂਰ ਮਸਲਿਆਂ ਲਈ ਜਦੋਂ ਜਥੇਬੰਦੀ ਸੰਘਰਸ਼ ਰਹੀ ਸੀ ਤਾਂ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਮੀਟਿੰਗ ’ਚ ਇਨ੍ਹਾਂ ਦੇ ਹੱਲ ਲਈ ਸਹਿਮਤੀ ਬਣਾਈ ਜਾਵੇਗੀ।
ਸ਼ਹਿਣਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਨਿਰਾਸ਼ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਸ਼ਹਿਣਾ ਵਿੱਚ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਮਜ਼ਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਆਗੂ ਕਾਮਰੇਡ ਰੂਪ ਸਿੰਘ ਸ਼ਹਿਣਾ ਦੀ ਅਗਵਾਈ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।