ਰਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 24 ਫ਼ਰਵਰੀ
ਪ੍ਰਾਈਵੇਟ ਖੇਤਰ ਦੀ ਕੰਪਨੀ ਵਿਚ ਲੋਕਾਂ ਦਾ ਲੱਖਾਂ ਰੁਪਿਆ ਨਿਵੇਸ਼ ਕਰਨ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਆਤਮਹੱਤਿਆ ਕਰ ਲਈ। ਪੁਲੀਸ ਨੂੰ ਸ਼ੱਕ ਹੈ ਕੇ ਉਪਰੋਕਤ ਨੌਜਵਾਨ ਨੇ ਆਤਮਹੱਤਿਆ ਕਰਨ ਲਈ ਕਾਰਬਨ ਮੋਨੋਆਕਸਾਈਡ ਗੈਸ ਦੀ ਵਰਤੋਂ ਕੀਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੌਜਵਾਨ ਵਾਰਸ ਅਬੋਹਰ ਤੋਂ ਮਲੋਟ ਲਈ ਰਵਾਨਾ ਹੋਇਆ ਪ੍ਰੰਤੂ ਘਰ ਨਾ ਪੁੱਜਾ। ਵਾਰਸ ਦੀ ਭਾਲ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਮੰਗਲਵਾਰ ਸ਼ਾਮ ਨੂੰ ਮਲੋਟ ਰੋਡ ’ਤੇ ਉਸ ਦੀ ਕਾਰ ਖੜ੍ਹੀ ਦੇਖੀ ਅਤੇ ਕਾਰ ਦੀ ਪਿਛਲੀ ਸੀਟ ’ਤੇ ਵਾਰਸ ਦੀ ਲਾਸ਼ ਪਈ ਸੀ। ਮ੍ਰਿਤਕ ਦੇ ਮਾਮਾ ਚਰਨਦਾਸ ਅਨੁਸਾਰ ਵਾਰਸ ਕਿ ਵਾਰਸ ਇਕ ਨਿਜੀ ਖੇਤਰ ਦੀ ਡਿਪਾਜ਼ਿਟ ਕੰਪਨੀ ਨਾਲ ਜੁੜਿਆ ਸੀ ਅਤੇ ਉਸ ਨੇ ਲੋਕਾਂ ਦੇ ਲੱਖਾਂ ਰੁਪਏ ਉਸ ਕੰਪਨੀ ਵਿੱਚ ਲਗਵਾਏ। ਬੀਤੇ ਦਿਨੀਂ ਕੰਪਨੀ ਦੇ ਸੰਚਾਲਕ ਰੂਪੋਸ਼ ਹੋ ਗਏ ਉਸ ਤੋਂ ਬਾਅਦ ਲੈਣਦਾਰ ਵਰਸ ਨੂੰ ਤੰਗ ਕਰ ਰਹੇ ਸਨ। ਥਾਣਾ ਸਦਰ ਅਬੋਹਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ।