ਮੁਕੇਸ਼ ਕੁਮਾਰ
ਚੰਡੀਗੜ੍ਹ, 14 ਅਕਤੂਬਰ
ਨਗਰ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਨੂੰ ਇੱਕ ਚਿੱਠੀ ਲਿਖ ਕੇ ਹੁਣ ਤੱਕ ਦੀ ਸਭ ਤੋਂ ਫੇਲ੍ਹ ਅਤੇ ਅਸਫ਼ਲ ਮੇਅਰ ਕਿਹਾ ਹੈ। ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਲਿਖਿਆ ਕਿ ਉਨ੍ਹਾਂ ਨੂੰ ਕੇਵਲ ਮੇਅਰ ਦੀ ਕੁਰਸੀ ਨਾਲ ਪਿਆਰ ਹੈ, ਜਿਸ ਕਾਰਨ ਉਨ੍ਹਾਂ ਨੇ ਛੁੱਟੀ ਹੋਣ ’ਤੇ ਪਿਛਲੇ ਮਹੀਨੇ ਦੀ ਹਾਊਸ ਮੀਟਿੰਗ ਹੀ ਨਹੀਂ ਬੁਲਾਈ, ਜਦੋਂ ਕਿ ਮੇਅਰ ਦੇ ਛੁੱਟੀ ਹੋਣ ਦੀ ਸੂਰਤ ਵਿੱਚ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਨੂੰ ਹਾਊਸ ਦੀ ਮੀਟਿੰਗ ਦੀ ਅਗਵਾਈ ਕਰਨ ਦਾ ਅਖਤਿਆਰ ਹੈ। ਨਿਗਮ ਵਿੱਚ ਕਾਂਗਰਸ ਪਾਰਟੀ ਤੋਂ ਕੌਂਸਲਰ ਦਵਿੰਦਰ ਸਿੰਘ ਬਬਲਾ ਸਮੇਤ ਸਤੀਸ਼ ਕੈਂਥ, ਗੁਰਪਕਸ਼ ਕੌਰ ਰਾਵਤ, ਸ਼ੀਲਾ ਫੂਲ ਸਿੰਘ ਅਤੇ ਰਵਿੰਦਰ ਕੌਰ ਗੁਜਰਾਲ ਨੇ ਸਾਂਝੇ ਤੌਰ ’ਤੇ ਲਿਖੀ ਇਸ ਚਿੱਠੀ ਵਿੱਚ ਕਿਹਾ ਕਿ ਜਦੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਵਿਧਾਨ ਸਭਾ ਦੀਆਂ ਮੀਟਿੰਗਾਂ ਸਰੀਰਕ ਤੌਰ ’ਤੇ ਕਰ ਸਕਦੀਆਂ ਹਨ ਤਾਂ ਨਗਰ ਨਿਗਮ ਦੀ ਮਾਸਿਕ ਮੀਟਿੰਗ ਸਰੀਰਕ ਤੌਰ ’ਤੇ ਕਿਉਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੈਕਟਰ-23 ਦੀ ਰੇਹੜੀ ਮਾਰਕੀਟ ਦੇ ਸ਼ੈੱਡਾਂ ਦਾ ਕਿਰਾਇਆ 14 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 20 ਹਜ਼ਾਰ 600 ਰੁਪਏ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ਹਿਰ ਵਿੱਚ ਪਾਣੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਲਏ ਜਾਣ ਵਾਲੇ ਫੈ਼ਸਲਿਆਂ ਨੂੰ ਲੈਕੇ ਕੋਈ ਪੁੱਛਣ ਵਾਲਾ ਨਹੀਂ ਹੈ। ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਇਹ ਭਾਜਪਾ ਦਾ ਦੋਹਰਾ ਚਰਿੱਤਰ ਪੇਸ਼ ਕਰ ਰਿਹਾ ਹੈ। ਮੀਟਿੰਗ ਵੀਡੀਓ ਕਾਨਫਰੰਸ ਹੋਣ ਕਾਰਨ ਕੌਂਸਲਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਬਬਲਾ ਨੇ ਸ਼ਹਿਰ ਵਿੱਚ ਗਿੱਲਾ ਤੇ ਸੁੱਕਾ ਕੂੜਾ ਸਰੋਤ ਪੱਧਰ ਤੋਂ ਹੀ ਇਕੱਤਰ ਕਰਨ ਨੂੰ ਲੈਕੇ ਮੇਅਰ ’ਤੇ ਦੋਸ਼ ਲਗਾਇਆ ਕਿ ਉਨ੍ਹਾਂ (ਮੇਅਰ) ਨੇ ਸਵੱਛ ਸਰਵੇਖਣ ਸਬੰਧੀ ਜੋ ਰਿਪੋਰਟ ਭੇਜੀ ਸੀ ਉਹ ਪੂਰੀ ਤਰ੍ਹਾਂ ਨਾਲ ਕੋਰਾ ਝੂਠ ਸੀ। ਇਸ ਸਮੇਂ ਨਗਰ ਨਿਗਮ ਡੱਡੂ ਮਾਜਰਾ ਦਾ ਗਾਰਬੇਜ ਪ੍ਰੋਸੈਸਿੰਗ ਪਲਾਂਟ ਖੁੱਦ ਚਲਾ ਰਿਹਾ ਹੈ ਪਰ ਇਸਦੇ ਬਾਵਜੂਦ ਸ਼ਹਿਰ ਦਾ ਕੂੜਾ ਪ੍ਰੋਸੈੱਸ ਨਹੀਂ ਹੋ ਰਿਹਾ। ਸ਼ਹਿਰ ਦੀ ਸਫਾਈ ਵਿਵਸਥਾ ਸਬੰਧੀ ਨਿਗਮ ਵਲੋਂ ਅੱਖਾਂ ਬੰਦ ਕਰ ਕੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਚੰਡੀਗੜ੍ਹ ਸਵੱਛ ਸਰਵੇਖਣ ਵਿੱਚ ਦੇਸ਼ ਭਰ ਵਿੱਚ 16ਵੇਂ ਨੰਬਰ ’ਤੇ ਆਇਆ ਹੈ। ਚਿੱਠੀ ਵਿੱਚ ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਨਿਗਮ ਹਾਊਸ ਦੀ ਅਗਾਮੀ ਮੀਟਿੰਗ ਸਰੀਰਕ ਤੌਰ ’ਤੇ ਬੁਲਾਉਣ ਦੀ ਮੰਗ ਕੀਤੀ ਹੈ।
ਕਾਂਗਰਸੀ ਕੌਂਸਲਰ ਸਿਰਫ਼ ਸਿਆਸਤ ਕਰਨੀ ਜਾਣਦੇ ਹਨ: ਮੇਅਰ
ਮੇਅਰ ਰਾਜ ਬਾਲਾ ਮਲਿਕ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਂਸਲਰ ਕੇਵਲ ਚਿੱਠੀ ਲਿਖਣ ਦੀ ਰਾਜਨੀਤੀ ਕਰਨਾ ਜਾਣਦੇ ਹਨ, ਸ਼ਹਿਰ ਦੇ ਵਿਕਾਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਗਮ ਹਾਊਸ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਨ ਦਾ ਫ਼ੈਸਲਾ ਹੋ ਚੁੱਕਿਆ ਹੈ। ਮੇਅਰ ਨੇ ਦੱਸਿਆ ਕਿ ਉਹ ਖੁੱਦ ਕਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਸਿਹਤਯਾਬ ਹੋਕੇ ਵਾਪਸ ਕੰਮ ’ਤੇ ਪਰਤੀ ਹੈ, ਅਜਿਹੇ ’ਚ ਉਹ ਨਿਗਮ ਦੀ ਮੀਟਿੰਗ ਸਰੀਰਕ ਤੌਰ ’ਤੇ ਕਰਵਾ ਕੇ ਆਪਣੇ ਸਮੂਹ ਸਾਥੀ ਕੌਂਸਲਰਾਂ ਤੇ ਅਧਿਕਾਰੀਆਂ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ।