ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 14 ਅਕਤੂਬਰ
ਇਥੋਂ ਦਾ ਛੱਤਬੀੜ ਚਿੜੀਆਘਰ ਦਾ ਅਗਲੇ ਨਵੰਬਰ ਮਹੀਨੇ ਤੋਂ ਖੁੱਲ੍ਹਣ ਦੀ ਆਸ ਹੈ। ਛੱਤਬੀੜ ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਇਥੇ ਕਰੋਨਾ ਤੋਂ ਜਾਨਵਰਾਂ ਅਤੇ ਸੈਲਾਨੀਆਂ ਨੂੰ ਬਚਾਅ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਬੰਧ ਮੁਕੰਮਲ ਹੋਣ ਮਗਰੋਂ ਇਸ ਨੂੰ ਖੋਲ੍ਹਣ ਸਬੰਧੀ ਸੂਬਾ ਸਰਕਾਰ ਤੋਂ ਮਨਜ਼ੂਰੀ ਲਈ ਜਾਵੇਗੀ।
ਜਾਣਕਾਰੀ ਅਨੁਸਾਰ ਕਰੋਨਾ ਮਹਾਮਾਰੀ ਦੌਰਾਨ ਸੂਬਾ ਸਰਕਾਰ ਵੱਲੋਂ ਲੰਘੇ ਕੁਝ ਮਹੀਨੇ ਪਹਿਲਾਂ ਛੱਤਬੀੜ ਚਿੜੀਆਘਰ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਸੀ। ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਜਾਨਵਰ ਪ੍ਰੇਮੀਆਂ ਵਿੱਚ ਭਾਰੀ ਮਾਯੂਸੀ ਪਾਈ ਜਾ ਰਹੀ ਸੀ।
ਇਸ ਬਾਰੇ ਗੱਲ ਕਰਨ ‘ਤੇ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਐਮ ਸੁਧਾਕਰ ਨੇ ਕਿਹਾ ਕਿ ਇਥੇ ਜਾਨਵਰਾਂ ਅਤੇ ਸੈਲਾਨੀਆਂ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਜਾਨਵਰਾਂ ‘ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਏਗੀ। ਸ੍ਰੀ ਸੁਧਾਕਰ ਨੇ ਕਿਹਾ ਕਿ ਇਸ ਮਹੀਨੇ ਦੇ ਅਖ਼ੀਰ ਤੱਕ ਸੂਬਾ ਸਰਕਾਰ ਨੂੰ ਇਥੇ ਕੀਤੇ ਪ੍ਰਬੰਧਾਂ ਦੀ ਪੂਰੀ ਰਿਪੋਰਟ ਬਣਾ ਕੇ ਖੋਲ੍ਹਣ ਲਈ ਮਨਜ਼ੂਰੀ ਮੰਗੀ ਜਾਏਗੀ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਨਵੰਬਰ ਮਹੀਨੇ ਵਿੱਚ ਖੋਲ੍ਹਣ ਦੀ ਮਨਜ਼ੂਰੀ ਮਿਲ ਜਾਏਗੀ।