ਰਵਿੰਦਰ ਰਵੀ
ਬਰਨਾਲਾ, 24 ਫਰਵਰੀ
ਸ਼ਹਿਰ ਦੀ ਸੰਘਣੀ ਆਬਾਦੀ ’ਚ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਵਿਰੋਧ ਕਰਦਿਆਂ ਅੱਜ ਸਾਬਕਾ ਨਗਰ ਕੌਂਸਲਰ ਮਹੇਸ਼ ਲੋਟਾ ਨੇ ਇਲਾਕਾ ਨਿਵਾਸੀਆਂ ਨਾਲ ਮਿਲਕੇ ਕੇ.ਸੀ. ਰੋਡ ਜਾਮ ਕਰ ਦਿੱਤਾ। ਸੜਕ ’ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਮਹੇਸ਼ ਲੋਟਾ ਨੇ ਕਿਹਾ ਕਿ ਕੇ.ਸੀ. ਰੋਡ ’ਤੇ ਪੀਐੱਨਬੀ ਬੈਂਕ ਦੇ ਸਾਹਮਣੇ ਬਣੀ ਐੱਨਐੱਚ ਸਪੋਰਟਸ ਦੁਕਾਨ ਦੇ ਮਾਲਕ ਵੱਲੋਂ ਗੁਆਢੀਆਂ ਦੀ ਸਹਿਮਤੀ ਤੋਂ ਬਿਨਾਂ ਦੁਕਾਨ ਉੱਪਰ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਾਵਰ ਲੱਗਣ ਨਾਲ ਲੋਕਾਂ ਦੀ ਜਾਨ ਮਾਲ ਨੂੰ ਖ਼ਤਰਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਐੱਨਐੱਚ ਸਪੋਰਟਸ ਦੁਕਾਨ ਦੇ ਮਾਲਕ ਮਹਿੰਦਰ ਖੰਨਾ ਦੀ ਪਤਨੀ ਵੀਨਾ ਖੰਨਾ ਦੇ ਨਾਮ ਪੱਤਰ ਜਾਰੀ ਕਰਦਿਆਂ ਟਾਵਰ ਲਾਉਣ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਨਿਯਮਾਂ ਦੇ ਉਲਟ ਬਣੀ ਦੁਕਾਨ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਪੜਤਾਲ ਦੌਰਾਨ ਦੁਕਾਨ ਮਾਲਕ ਵੱਲੋਂ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।