ਕਿਰਤੀਆਂ ਤੋਂ ਛੋਟ!
14 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਕਰਮਜੀਤ ਕੌਰ ਦਾ ਲੇਖ ‘ਚਾਲੀ ਰੁਪਏ’ ਸੇਧ ਦਿੰਦਾ ਹੈ। ਸਾਡੀ ਮਾਨਸਿਕਤਾ ਅਜਿਹੀ ਹੈ ਕਿ ਅਸੀਂ ਛੋਟੇ ਕਿਰਤੀ ਤੋਂ ਤਾਂ ਛੋਟ ਭਾਲਦੇ ਹਾਂ, ਪਰ ਵੱਡੇ ਸ਼ੋਅਰੂਮਾਂ ਜਾਂ ਮੌਲਾਂ ’ਚ ਵੱਧ ਰੇਟਾਂ ’ਤੇ ਕੁਝ ਖਰੀਦ ਕੇ ਮਾਣ ਮਹਿਸੂਸ ਕਰਦੇ ਹਾਂ। ਜਦੋਂ ਕਿਰਤੀ ਨੂੰ ਕਿਰਤ ਦਾ ਪੂਰਾ ਮੁੱਲ ਹੀ ਨਹੀਂ ਮਿਲੇਗਾ ਤਾਂ ਉਸ ਅੰਦਰ ਕਿਰਤ ਬਾਰੇ ਨਾਂਹ-ਪੱਖੀ ਸੋਚ ਪੈਦਾ ਹੋ ਸਕਦੀ ਹੈ। ਸੋ ਛੋਟੇ ਕਿਰਤੀਆਂ ਤੋਂ ਛੋਟ ਹਾਸਲ ਕਰਨ ਵਾਲੀ ਮਾਨਸਿਕਤਾ ਨੂੰ ਬਦਲਣਾ ਚਾਹੀਦਾ ਹੈ।
ਸ਼ੇਰ ਸਿੰਘ ਮੰਡ, ਚੰਡੀਗੜ੍ਹ
(2)
ਕਰਮਜੀਤ ਕੌਰ ਨੇ ਰਿਕਸ਼ੇ ਵਾਲੇ, ਮਿਹਨਤ ਮੁਸ਼ੱਕਤ ਕਰਨ ਵਾਲੇ ਦਾ ਕਿਰਦਾਰ ਪੇਸ਼ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲੋਕ ਕਿੰਨੇ ਸਵਾਰਥੀ ਹਾਂ, ਕਿਰਤੀ ਬੰਦੇ ਦੀ ਮਿਹਨਤ ਦੇ ਪੈਸੇ ਦੇਣ ਤੋਂ ਕਿੰਨੀ ਵਾਰੀ ਆਨਾ-ਕਾਨੀ ਕਰਦੇ ਹਾਂ ਤੇ ਮਹਿੰਗੀ ਤੋਂ ਮਹਿੰਗੀ ਚੀਜ਼ ਲੈਣ ਲਈ ਅਸੀਂ ਭਾਅ ਵੀ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਨੇ ਕਿਰਤੀ ਨੂੰ ਮਹਾਨ ਦਰਜਾ ਦਿੱਤਾ ਹੈ। ਭਾਈ ਲਾਲੋ ਵਾਲੀ ਸਾਖੀ ਸਭ ਦੇ ਚੇਤਿਆਂ ਵਿਚ ਵਸੀ ਹੋਈ ਹੈ।
ਗੁਰਮੀਤ ਸਿੰਘ, ਵੇਰਕਾ
ਫ਼ਾਸ਼ੀਵਾਦ ਖ਼ਿਲਾਫ਼ ਹੋਕਾ
13 ਅਕਤੂਬਰ ਦੇ ਸੰਪਾਦਕੀ ‘ਕਿਸਾਨ ਅੰਦੋਲਨ’ ਵਿਚ ਕਿਸਾਨ ਧਿਰਾਂ ਅਤੇ 14 ਅਕਤੂਬਰ ਦੇ ਸੰਪਾਦਕੀ ਵਿਚ ਪੱਬੇ-ਪੱਖੀ ਕਾਰਕੁਨਾਂ, ਚਿੰਤਕਾਂ, ਸਮਾਜਿਕ ਸਰੋਕਾਰ ਰੱਖਣ ਵਾਲੇ ਵਿਚਾਰਵਾਨਾਂ, ਲੇਖਕਾਂ ਆਦਿ ਬਾਰੇ ਪ੍ਰਗਟ ਕੀਤੇ ਵਿਚਾਰ ਵਧੀਆ ਲੱਗੇ। ਇਹ ਅਸਲ ਵਿਚ ਫ਼ਾਸ਼ੀਵਾਦ ਖ਼ਿਲਾਫ਼ ਹੋਕਾ ਹੈ। ਇਸ ਹੋਕੇ ਵਿਚ ਹੋਰ ਆਵਾਜ਼ਾਂ ਵੀ ਰਲਣੀਆਂ ਚਾਹੀਦੀਆਂ ਹੈ।
ਹਰਗਿਆਨ ਸਿੰਘ, ਬੁਰਜ ਢਿੱਲਵਾਂ (ਮਾਨਸਾ)
ਸਿੱਧੇ ਸਾਦੇ ਬੰਦੇ ਦੀ ਬਾਤ
5 ਅਕਤੂਬਰ ਨੂੰ ਉੱਤਮਵੀਰ ਸਿੰਘ ਦਾਊਂ ਦੀ ਮਿਡਲ ਰਚਨਾ ‘ਮਾਰ੍ਹੇ ਪਿੰਡ ਕਾ ਫ਼ੱਕਰ ਬੰਦਾ’ ਬੜੀ ਦਿਲਚਸਪ ਹੈ। ਇਹ ਰਚਨਾ ਜਿੱਥੇ ਸਿੱਧੇ ਸਾਦੇ ਬੰਦੇ ਦੀ ਬਾਤ ਪਾਉਂਦੀ ਹੈ, ਉੱਥੇ ਅੰਬਾਲਵੀ ਬੋਲੀ ਦੀ ਵਧੀਆ ਵੰਨਗੀ ਪੇਸ਼ ਕਰਦੀ ਹੈ ਜੋ ਪੁਆਧੀ ਉਪ ਭਾਖਾ ਦੀ ਇਕ ਕਿਸਮ ਹੈ।
ਸੁਖਪਾਲ ਸਿੰਘ ਹੁੰਦਲ, ਮੁਹਾਲੀ
ਵਿਦਿਆਰਥੀਆਂ ਦਾ ਭਵਿੱਖ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀਏ ਦੇ ਅੰਤਿਮ ਸਾਲ ਦੇ ਰੈਗੂਲਰ ਤੇ ਛੇਵੇਂ ਸਮੈਸਟਰ ਦੇ ਰੀ-ਅਪੀਅਰ ਵਿਦਿਆਰਥੀਆਂ ਦੇ ਇਮਤਿਹਾਨ ਔਨਲਾਈਨ ਲਏ ਜਾ ਰਹੇ ਹਨ ਪਰ ਦੂਜੇ ਤੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨਾ ਪੇਪਰ ਲਏ ਅਪਗਰੇਡ ਕਰ ਦਿੱਤੇ ਜਾਣ ਕਾਰਨ ਦੂਜੇ ਤੇ ਚੌਥੇ ਸਮੈਸਟਰ ਦੇ ਵਿਦਿਆਰਥੀ ਰੀ-ਅਪੀਅਰ ਦੇ ਪੇਪਰ ਦੇਣੋਂ ਖੁੰਝ ਗਏ ਹਨ, ਉਨ੍ਹਾਂ ਦੇ ਵੀ ਔਨਲਾਈਨ ਪੇਪਰ ਲਏ ਜਾਣੇ ਚਾਹੀਦੇ ਹਨ ਜਾਂ ਫਿਰ ਜਿਵੇਂ ਪਹਿਲੇ ਪੰਜ ਸਮੈਸਟਰਾਂ ਦੇ ਵਿਦਿਆਰਥੀਆਂ ਨੂੰ ਬਿਨਾ ਪੇਪਰ ਅਪਗਰੇਡ ਕਰ ਦਿੱਤਾ ਹੈ, ਉਸੇ ਤਰਜ਼ ’ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਵੀ ਪਾਸ ਕਰ ਦਿੱਤਾ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਦਾ ਸਾਲ ਖ਼ਰਾਬ ਹੋ ਜਾਵੇਗਾ। ਇਸ ਮਸਲੇ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੈ। ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਗੋਲਡਨ ਚਾਂਸ ਤਹਿਤ ਮੋਟੀਆਂ ਫ਼ੀਸਾਂ ਭਰੀਆਂ ਹਨ। ਇਸ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੇ ਭਵਿੱਖ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਸ ਸ ਰਮਲਾ, ਸੰਗਰੂਰ
ਮੋਗਾ ਗੋਲੀ ਕਾਂਡ: ਕੁਝ ਅਹਿਮ ਤੱਥ
ਮਹਿੰਦਰ ਸਿੰਘ ਰੱਤੀਆਂ ਦੇ ਲੇਖ (‘ਮੋਗਾ ਗੋਲੀ ਕਾਂਡ ਨੂੰ ਯਾਦ ਕਰਦਿਆਂ’, 7 ਅਕਤੂਬਰ, ਵਿਰਾਸਤ ਪੰਨਾ) ਵਿਚ ਪੀਐੱਸਯੂ ਨੂੰ 7 ਅਕਤੂਬਰ 1972 ਨੂੰ ਹੀ ਸ਼ਾਮਿਲ ਹੁੰਦੀ ਦਿਖਾਇਆ ਹੈ ਜਦੋਂ ਕਿ 5 ਅਕਤੂਬਰ 1972 ਦਾ ਸੰਘਰਸ਼ ਪੀਐੱਸਯੂ, ਜੁਝਾਰੂ ਭਰਾਤਰੀ ਜਥੇਬੰਦੀਆਂ ਤੇ ਪੀਐੱਸਯੂ ਦੀ ਸੋਚ-ਸਾਂਝ ਨਾਲ ਇਕਜੁੱਟ ਜੁਝਾਰੂ ਸਮਾਜਿਕ ਕਾਰਕੁਨਾਂ ਦੀ ਅਗਵਾਈ ਵਿਚ ਲੋਕ-ਰੋਹ ਦਾ ਪ੍ਰਗਟਾਵਾ ਸੀ ਜਿਸ ਵਿਚ ਏਆਈਐੱਸਐੱਫ਼ ਵੀ ਸ਼ਾਮਿਲ ਸੀ ਪਰ 7 ਅਕਤੂਬਰ ਦੀ ਜੁਝਾਰੂ ਇਕੱਤਰਤਾ ਸਮੇਂ ਏਆਈਐੱਸਐੱਫ਼ ਨਹੀਂ ਸੀ। ਪੰਜ ਸ਼ਹੀਦਾਂ ’ਚੋਂ ਵਿਦਿਆਰਥੀ ਇਕੱਲਾ ਹਰਜੀਤ ਸਿੰਘ ਚੜਿੱਕ ਹੈ। ਪੀਐੱਸਯੂ ਦੀ ਲੀਡਰਸ਼ਿਪ ਨੇ ਪੰਜਾਬ ਬੰਦ ਦਾ ਜੋ ਸੱਦਾ ਅਖ਼ਬਾਰਾਂ ਰਾਹੀਂ ਦਿੱਤਾ ਸੀ, ਉਹ ਦੁਬਾਰਾ ਅਖ਼ਬਾਰਾਂ ਵਿਚ ਬਿਆਨ ਰਾਹੀਂ ਵਾਪਿਸ ਲੈ ਲਿਆ ਜਦੋਂ ਕਿ ਮੇਰੇ ਅਤੇ ਮੇਰੀ ਸੋਚ ਵਾਲੇ ਦੋਸਤਾਂ ਨੇ ਇਸ ਸੱਦਾ-ਵਾਪਸੀ ਬਿਆਨ ਨੂੰ ਨਾ ਮੰਨਦਿਆਂ ਇਤਿਹਾਸਕ ਪੰਜਾਬ ਬੰਦ ਕੀਤਾ ਸੀ। ਬਾਅਦ ’ਚ ਪੀਐੱਸਯੂ ਦੀ ਲੀਡਰਸ਼ਿਪ ਤੋਂ ਪੰਜਾਬ ਬੰਦ ਦੇ ਸੱਦੇ ਨੂੰ ਵਾਪਸ ਲੈਣ ਦੇ ਅਖ਼ਬਾਰੀ ਬਿਆਨ ਬਾਰੇ ਪੁੱਛਿਆ ਗਿਆ ਤਾਂ ਕਹਿੰਦੇ, ਸਾਨੂੰ ਲੋਕਾਂ ਦੀ ਤਾਕਤ ਦਾ ਪਤਾ ਨਹੀਂ ਸੀ।… ਮੋਗਾ ਘੋਲ ਸਮੇਂ ਇਸ ਦੀ ਆਪਣੀ ਜੁਝਾਰੂ ਹਾਜ਼ਰੀ ਕਿੱਥੇ ਤੇ ਕਿੰਨੀ ਸੀ, ਬਾਰੇ ਜ਼ਿਕਰ ਨਾ ਕਰਨਾ ਦਰਸਾਉਂਦਾ ਹੈ ਕਿ ਲੇਖਕ ਮੋਗਾ ਘੋਲ ਬਾਰੇ ਲਿਖੇ ਲੇਖ ਪੜ੍ਹ ਕੇ ਹੀ ਆਪਣੇ ਮਨ-ਇੱਛਤ ਸਿੱਟੇ ਕੱਢ ਰਿਹਾ ਹੈ।
ਬਿੱਕਰ ਸਿੰਘ ਕੰਮੇਆਣਾ, ਸਾਬਕਾ ਜਨਰਲ ਸਕੱਤਰ, ਪੰਜਾਬ ਸਟੂਡੈਂਟਸ ਯੂਨੀਅਨ