ਹਰਦੀਪ ਸਿੰਘ ਸੋਢੀ
ਧੂਰੀ, 24 ਫਰਵਰੀ
ਇਥੋਂ ਦੇ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਅਧਿਆਪਕਾਵਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਬੱਚਿਆਂ ਅਤੇ ਮਾਪਿਆਂ ਅੰਦਰ ਸਹਿਮ ਪੈਦਾ ਹੋ ਗਿਆ। ਸਕੂਲ ਨੂੰ ਸੋਮਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ। ਸਕੂਲ ਲੈਕਚਰਾਰ ਅਵਤਾਰ ਸਿੰਘ ਢਢੋਗਲ ਨੇ ਦੱਸਿਆ ਗਿਆ ਕਿ ਕੱਲ੍ਹ ਸਕੂਲ ਦੇ 37 ਅਧਿਆਪਕਾਂ ਦਾ ਕਰੋਨਾ ਟੈਸਟ ਕਰਵਾਇਆ ਗਿਆ ਸੀ ਅਤੇ ਅੱਜ ਆਈ ਰਿਪੋਰਟ ਮਤਾਬਿਕ ਦੋ ਅਧਿਆਪਕਾਵਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ। ਮਾਮਲਾ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਸਕੂਲ ਸੋਮਵਾਰ ਤੱਕ ਬੰਦ ਕਰ ਦਿੱਤਾ ਗਿਆ ਤੇ 10 ਅਧਿਆਪਕਾਂ ਦਾ ਅੱਜ ਕਰੋਨਾ ਟੈਸਟ ਕਰਵਾਇਆ ਗਿਆ। ਸੋਮਵਾਰ ਨੂੰ ਸਕੂਲ ਖੁੱਲ੍ਹਣ ਤੋਂ ਪਹਿਲਾਂ ਸੈਨੇਟਾਈਜ਼ਡ ਕਰਵਾਇਆ ਜਾਵੇਗਾ।