ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਦਿੱਲੀ ਸਰਕਾਰ ਤੇ ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਪੰਜਵੀਂ ਵਾਰ ‘ਅਨਲੌਕ’ ਦੌਰਾਨ ਦਿੱਤੀਆਂ ਢਿੱਲਾਂ ਤਹਿਤ ਜਿਮਨੇਜ਼ੀਅਮ ਹਾਲ, ਮੈਰਿਜ ਪੈਲੇਸ ਤੇ ਯੋਗ ਕੇਂਦਰ ਸ਼ੁਰੂ ਕਰਨ ਦੇ ਫ਼ੈਸਲੇ ਤੋਂ ਇਨ੍ਹਾਂ ਸਥਾਨਾਂ ਦੇ ਸੰਚਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਥਕ ਸੇਵਾ ਦਲ ਦੇ ਆਗੂ ਨੇ ਕੌਮੀ ਪੱਧਰ ਦੀ ਕੈਟਰਿੰਗ ਤੇ ਟੈਂਟ ਫੈੱਡਰੇਸ਼ਨ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਦਿੱਤੀ ਢਿੱਲ ਕਾਰਨ ਹੁਣ ਜਿਮ ਤੇ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਕਰੋਨਾਵਾਇਰਸ ਦੀ ਦਿੱਲੀ ਵਿੱਚ ਆਈ ਲਹਿਰ ਕਾਰਨ ਇਸ ਖੇਤਰ ਵਿੱਚ ਕਾਰੋਬਾਰ ਕਰਨ ਉਪਰੋਂ ਪਾਬੰਦੀ ਹੱਟ ਗਈ ਹੈ।
ਉਨ੍ਹਾਂ ਕਿਹਾ ਕਿ ਹਾਲਾਂ ਕਿ ਕੁੱਝ ਹਦਾਇਤਾਂ ਫਿਰ ਵੀ ਲਾਗੂ ਹਨ ਪਰ ਕਰੋਨਾ ਦੇ ਸੰਕਟ ਦੇ ਮੱਦੇਨਜ਼ਰ ਭੀੜ ਜ਼ਿਆਦਾ ਨਾ ਹੋਣ ਦੇਣਾ ਸਭ ਲਈ ਫਾਇਦੇਮੰਦ ਰਹੇਗਾ। ਪੁਰਾਣੀ ਦਿੱਲੀ ਦੇ ਕੱਪੜੇ ਦੇ ਥੋਕ ਵਪਾਰੀ ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਆਹਾਂ ਲਈ ਕੁੱਖ ਢਿੱਲ ਦੇਣ ਤੇ ਮੈਰਿਜ ਪੈਲੇਸ ਖੋਲ੍ਹਣ ਨਾਲ ਵਿਆਹਾਂ ਨਾਲ ਜੁੜੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਜਿਸ ਨਾਲ ਅਰਥ ਵਿਵਸਥਾ ਦੀ ਖੜੋਤ ਖਤਮ ਹੋਵੇਗੀ। ਜ਼ਿੰੰਮ ਸੰਚਾਲਕਾਂ ਨੇ ਦੱਸਿਆ ਕਿ 3 ਮਹੀਨਿਆਂ ਤੋਂ ਜ਼ਿੰਮ ਬੰਦ ਸਨ ਪਰ ਉਨ੍ਹਾਂ ਨੂੰ ਡਰ ਬਣਿਆ ਹੋਇਆ ਸੀ ਕਿ ਮਸ਼ੀਨਾਂ ਨੂੰ ਚੂਹੇ ਨਾ ਕੁਤਰ ਜਾਣ ਤੇ ਉਹ ਜਾਮ ਨਾ ਹੋ ਜਾਣ। ਬੀਤੇ ਦਿਨੀਂ ਜ਼ਿੰੰਮ ਸੰਚਾਲਕਾਂ ਦੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਪਣੀ ਮੰਗ ਰੱਖੀ ਸੀ।