ਮਕਬੂਲ ਅਹਿਮਦ
ਕਾਦੀਆਂ, 25 ਜਨਵਰੀ
ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਆਪਣੇ ਸਮਰਥਕਾਂ ਨਾਲ ਨਗਰ ਕੌਂਸਲ ਦੇ ਦਫ਼ਤਰ ਈਓ ਬ੍ਰਿਜ ਤਿਪਾਠੀ ਨੂੰ ਮਿਲਣ ਲਈ ਪਹੁੰਚੇ ਪਰ ਉਨ੍ਹਾਂ ਦੇ ਦਫ਼ਤਰ ’ਚ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਆਗੂਆਂ ਦੀ ਮੁਲਾਕਾਤ ਨਾ ਹੋ ਸਕੀ। ਇਸ ਮੌਕੇ ਸ੍ਰੀ ਮਾਹਲ ਅਤੇ ਐੱਸਜੀਪੀਸੀ ਮੈਂਬਰ ਜਥੇਦਾਰ ਗੋਰਾ ਨੇ ਦੱਸਿਆ ਕਿ ਉਹ ਕਾਦੀਆਂ ’ਚ 15 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ ਜਿਸ ਲਈ ਉਮੀਦਵਾਰਾਂ ਨੇ ਇੱਕ ਮਹੀਨਾ ਪਹਿਲਾਂ ਨਗਰ ਕੌਂਸਲ ਦਫ਼ਤਰ ਤੋਂ ਐੱਨਓਸੀ ਲੈਣ ਲਈ ਬਿਨੈ ਪੱਤਰ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਮਹੀਨਾ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਐੱਨਓਸੀ ਜਾਰੀ ਨਹੀਂ ਕੀਤੇ ਜਾ ਰਹੇ। ਸ੍ਰੀ ਮਾਹਲ ਨੇ ਕਿਹਾ ਕਿ ਜੇਕਰ 27 ਜਨਵਰੀ ਤੱਕ ਐੱਨਓਸੀ ਜਾਰੀ ਨਹੀਂ ਕੀਤੀ ਗਈਆਂ ਤਾਂ ਉਹ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੇ।
ਨਗਰ ਕੌਂਸਲ ਕਾਦੀਆਂ ਦੇ ਈਓ ਬ੍ਰਿਜ ਤ੍ਰਿਪਾਠੀ ਨੇ ਕਿਹਾ ਕਿ ਐੱਨਓਸੀ ਸਬੰਧੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਅਜੇ ਤੱਕ ਕਿਸੇ ਨੂੰ ਵੀ ਜਾਰੀ ਨਹੀਂ ਕੀਤੀ ਗਈ। ਕਾਗ਼ਜ਼ੀ ਕਾਰਵਾਈ ਮਗਰੋਂ ਹੀ ਐੱਨਓਸੀ ਜਾਰੀ ਕੀਤੀ ਜਾ ਸਕੇਗੀ। ਇਸ ਮੌਕੇ ਕੌਂਸਲਰ ਅਸ਼ੋਕ ਕੁਮਾਰ, ਸ਼ੈਬੀ ਭਾਟੀਆ ਅਤੇ ਵਿਜੇ ਕੁਮਾਰ ਸਮੇਤ ਅਕਾਲੀ ਦਲ (ਬਾਦਲ) ਦੇ ਸਮਰਥਕ ਮੌਜੂਦ ਸਨ।