ਨਵੀਂ ਦਿੱਲੀ, 25 ਜਨਵਰੀ
ਸਰਕਾਰ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਉੱਤਰੀ ਸਿੱਕਮ ਵਿੱਚ ਪਿਛਲੇ ਹਫ਼ਤੇ ਨਾਕੂ ਲਾ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਝੜਪ ਹੋਈ ਸੀ। ਉਂਜ ਹਾਲ ਦੀ ਘੜੀ ਹਾਲਾਤ ਕੰਟਰੋਲ ਹੇਠ ਹਨ। ਰਿਪੋਰਟਾਂ ਮੁਤਾਬਕ ਝੜਪ ’ਚ ਚਾਰ ਭਾਰਤੀ ਤੇ 20 ਚੀਨੀ ਫੌਜੀ ਜ਼ਖ਼ਮੀ ਹੋਏ ਹਨ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੈਂਗੌਂਗ ਝੀਲ, ਗਲਵਾਨ, ਗੋਗਰਾ ਤੇ ਹੌਟ ਸਪਰਿੰਗਜ਼ ਵਾਂਗ ਨਾਕੂ ਲਾ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਉਨ੍ਹਾਂ ਖੇਤਰਾਂ ’ਚ ਸ਼ੁਮਾਰ ਹੈ, ਜਿੱਥੇ ਪਿਛਲੇ ਸਾਲ ਮਈ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਣਾਅ ਤੇ ਤਲਖੀ ਸਿਖਰਾਂ ’ਤੇ ਹੈ।
ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਚੀਨ ਦੀ ਇਕ ਗਸ਼ਤੀ ਟੁਕੜੀ ਨੇ ਭਾਰਤੀ ਖੇਤਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਫੌਜੀਆਂ ਨੇ ਨਾਕਾਮ ਕਰ ਦਿੱਤਾ। ਭਾਰਤੀ ਥਲ ਸੈਨਾ ਨੇ ਇਕ ਬਿਆਨ ’ਚ ਕਿਹਾ, ‘ਸਾਨੂੰ ਸਿੱਕਮ ਸੈਕਟਰ ਵਿੱਚ ਭਾਰਤੀ ਥਲ ਸੈਲਾ ਤੇ ਪੀਪਲਜ਼ ਲਬਿਰੇਸ਼ਨ ਆਰਮੀ ਦੇ ਜਵਾਨਾਂ ਵਿਚਾਲੇ ਟਕਰਾਅ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 20 ਜਨਵਰੀ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਖੇਤਰ ਵਿੱਚ ਦੋਵਾਂ ਧਿਰਾਂ ’ਚ ਮਾਮੂਲੀ ਟਕਰਾਅ ਵਾਲੇ ਹਾਲਾਤ ਬਣੇ ਸਨ, ਜਿਸ ਨੂੰ ਮੁਕਾਮੀ ਕਮਾਂਡਰਾਂ ਨੇ ਸਥਾਪਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੁਲਝਾ ਲਿਆ।’ 19000 ਫੁੱਟ ਦੀ ਉਚਾਈ ’ਤੇ ਸਥਿਤ ਨਾਕੂ ਲਾ ਦੱਰਾ ਸਿੱਕਮ ਨੂੰ ਚੀਨ ਦੇ ਤਿੱਬਤ ਖੇਤਰ ਨਾਲ ਜੋੜਦਾ ਹੈ ਤੇ ਇਸ ਨੂੰ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਸਰਕਾਰੀ ਸੂਤਰ ਨੇ ਦਾਅਵਾ ਕੀਤਾ ਕਿ ਇਹ ਝੜਪ ਪਿਛਲੇ ਹਫ਼ਤੇ ਹੋਈ ਸੀ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਤੇ ਫੌਜਾਂ 3488 ਕਿਲੋਮੀਟਰ ਅਸਲ ਕੰਟਰੋਲ ਰੇਖਾ ਨਾਲ ਲੱਗਦੇ ਵਿਵਾਦਤ ਸਰਹੱਦੀ ਇਲਾਕੇ ਦੇ ਮੁੱਦੇ ਨੂੰ ਇਕ ਹੋਰ ਗੇੜ ਦੀ ਗੱਲਬਾਤ ਨਾਲ ਸੁਲਝਾਉਣ ਲਈ ਯਤਨਸ਼ੀਲ ਹਨ।
-ਆਈਏਐੱਨਐੱਸ
ਚੀਨ ਨੇ ਭਾਰਤ ਦੀ ਜ਼ਮੀਨ ਦੱਬੀ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ ਅਤੇ ਚੀਨੀ ਫ਼ੌਜੀਆਂ ਦੇ ਮੁੜ ਆਹਮੋ-ਸਾਹਮਣੇ ਆਉਣ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ‘ਚੀਨੀ ਫ਼ੌਜ ਅੱਜ ਭਾਰਤੀ ਇਲਾਕੇ ਅੰਦਰ ਬੈਠੀ ਹੋਈ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਉਨ੍ਹਾਂ ਦਾ 56 ਇੰਚ ਦਾ ਸੀਨਾ ਹੈ ਪਰ ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਆਪਣੇ ਕਬਜ਼ੇ ਹੇਠ ਲੈ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਮੋਦੀ ਕਦੇ ਵੀ ਚੀਨ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਉਨ੍ਹਾਂ ’ਚ ਇਹ ਨਾਮ ਲੈਣ ਦੀ ਹਿੰਮਤ ਨਹੀਂ ਹੈ।
-ਪੀਟੀਆਈ