ਨਵੀਂ ਦਿੱਲੀ, 25 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼, ਹੱਥ ਧੋਣ ਸਬੰਧੀ ਜਾਗਰੂਕਤਾ ਮੁਹਿੰਮ ’ਚ ਦੇਸ਼ ਦੇ ਬੱਚਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਈ ਪ੍ਰੋਗਰਾਮ ਤਾਂ ਹੀ ਕਾਮਯਾਬ ਹੁੰਦਾ ਹੈ ਜਦੋਂ ਬੱਚੇ ਉਸ ਦਾ ਹਿੱਸਾ ਬਣ ਜਾਂਦੇ ਹਨ।
ਪ੍ਰਧਾਨ ਮੰਤਰੀ ਨੇ ਕੌਮੀ ਬਾਲ ਪੁਰਸਕਾਰ ਜੇਤੂਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਪੁਰਸਕਾਰ ਜਿੱਤਣ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ ਹੇ ਤੇ ਹਮੇਸ਼ਾ ਨਿਮਰ ਬਣੇ ਰਹਿਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਦੇਸ਼ ਲਈ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਉਹ ਕੀ ਕਰ ਸਕਦੇ ਹਨ, ਉਹ ਇਸ ਬਾਰੇ ਸੋਚਣ। ਉਨ੍ਹਾਂ ਕਿਹਾ, ‘ਕਰੋਨਾ ਨੇ ਲਾਜ਼ਮੀ ਤੌਰ ’ਤੇ ਸਭ ਨੂੰ ਪ੍ਰਭਾਵਿਤ ਕੀਤਾ ਹੈ ਪਰ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਦੇਸ਼ ਦੇ ਬੱਚੇ, ਦੇਸ਼ ਦੀ ਭਵਿੱਖੀ ਪੀੜ੍ਹੀ ਨੇ ਇਸ ਮਹਾਮਾਰੀ ਨਾਲ ਟਾਕਰਾ ਕਰਨ ’ਚ ਵੱਡੀ ਭੂਮਿਕਾ ਨਿਭਾਈ ਹੈ। ਸਾਬਣ ਨਾਲ 20 ਸਕਿੰਟ ਤੱਕ ਹੱਥ ਧੋਣੇ ਹੋਣ, ਇਹ ਗੱਲ ਬੱਚਿਆਂ ਨੇ ਸਭ ਤੋਂ ਪਹਿਲਾਂ ਫੜੀ।’ ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਜੀਵਨੀਆਂ ਪੜ੍ਹਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਪ੍ਰੇਰਨਾ ਮਿਲੇਗੀ। ਉਨ੍ਹਾਂ ਇੱਕ ਬਹੁ-ਮੰਤਵੀ ਬੀਜ ਬੀਜਣ ਵਾਲੀ ਮਸ਼ੀਨ ਬਣਾਉਣ ਵਾਲੇ ਇੱਕ ਬੱਚੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਧੁਨਿਕ ਖੇਤੀ ਅੱਜ ਦੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਸਵੱਛ ਭਾਰਤ ਮੁਹਿੰਮ ਤਹਿਤ ਸਾਫ਼-ਸਫ਼ਾਈ ਨੂੰ ਲੈ ਕੇ ਜਾਗਰੂਕਤਾ ਫੈਲਾਉਣ ’ਚ ਵੀ ਬੱਚਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। -ਪੀਟੀਆਈ