ਸ਼ਗਨ ਕਟਾਰੀਆ
ਬਠਿੰਡਾ, 24 ਜਨਵਰੀ
ਬਠਿੰਡਾ-ਮਾਨਸਾ ਮਾਰਗ ’ਤੇ ਭਾਈ ਬਖ਼ਤੌਰ ਨੇੜੇ ਲੰਘੀ ਰਾਤ ਅਣਪਛਾਤਾ ਵਾਹਨ ਮਹਿੰਦਰਾ ਪਿਕਅੱਪ ਗੱਡੀ (ਪੀਬੀ 03-ਬੀਡੀ 0155) ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਧੁੰਦ ਕਾਰਨ ਵਾਪਰੇ ਇਸ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਵਾਹਨਾਂ ਦੀ ਟੱਕਰ ਹੁੰਦਿਆਂ ਹੀ ਪਿਕਅੱਪ ’ਚ ਸਵਾਰ ਡਰਾਈਵਰ ਤੇ ਸਹਾਇਕ ਗੱਡੀ ’ਚੋਂ ਬਾਹਰ ਸੜਕ ’ਤੇ ਡਿੱਗ ਪਏ ਅਤੇ ਉਥੋਂ ਲੰਘਦੇ ਵਾਹਨਾਂ ਹੇਠ ਆਉਣ ਕਾਰਨ ਕੁਚਲੇ ਜਾਣ ’ਤੇ ਉਹ ਦਮ ਤੋੜ ਗਏ। ਪਿਕਅੱਪ ਗੱਡੀ ਫ਼ਰੀਦਕੋਟ ਤੋਂ ਵਾਇਆ ਬਠਿੰਡਾ ਮਾਨਸਾ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਬੀਰਬਲ ਸ਼ਰਮਾ (38) ਪੁੱਤਰ ਤੋਤਾ ਰਾਮ ਵਾਸੀ ਮਾਨਸਾ ਅਤੇ ਪ੍ਰੇਮ ਕੁਮਾਰ ਪੁੱਤਰ ਗਿਰਧਾਰੀ ਰਾਮ (30) ਵਾਸੀ ਸੁਨਾਮ ਵਜੋਂ ਹੋਈ ਹੈ। ਘਟਨਾ ਦਾ ਦੁਖਦਾਇਕ ਪਹਿਲੂ ਇਹ ਵੀ ਰਿਹਾ ਕਿ ਹਾਦਸਾ ਹੋਣ ਪਿੱਛੋਂ ਜ਼ਖ਼ਮੀਆਂ ਨੂੰ ਸੰਭਾਲਣ ਦੀ ਥਾਂ ਕੋਈ ਅਣਪਛਾਤਾ ਵਿਅਕਤੀ ਪਿਕਅੱਪ ਗੱਡੀ ਵਿਚ ਪਈ ਨਕਦੀ ਅਤੇ ਦਸਤਾਵੇਜ਼ ਚੋਰੀ ਕਰ ਕੇ ਲੈ ਗਿਆ। ਮ੍ਰਿਤਕ ਦੇਹਾਂ ਨੂੰ ਸਹਾਰਾ ਜਨ ਸੇਵਾ ਦੇ ਵਾਲੰਟੀਅਰਾਂ ਨੇ ਸੰਭਾਲਿਆ ਹੈ।