ਬਟਾਲਾ (ਦਲਬੀਰ ਸੱਖੋਵਾਲੀਆ): ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਸ਼ਰਨਜੀਤ ਸਿੰਘ ਨੂੰ ਅੱਜ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਦਿੰਦਿਆਂ ਉਸ ਨੂੰ ਬਹੁਪੱਖੀ ਕਲਾਕਾਰ ਦੱਸਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਚੰਦਨ ਨਗਰ ਬਟਾਲਾ ’ਚ ਅੰਤਿਮ ਅਰਦਾਸ ਹੋਈ, ਮਗਰੋਂ ਇੱਥੋਂ ਦੇ ਕਹਾਨੂੰਵਾਨ ਰੋਡ ’ਤੇ ਸਥਿਤ ਤਾਜ ਪੈਲੇਸ ’ਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਸੂਫ਼ੀ ਗਾਇਕ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨੇ ਕਿਹਾ ਕਿ ਸ਼ਰਨਜੀਤ ਵੱਲੋਂ ਲਿਖੇ ਸੂਫੀ ਗੀਤ ਹਮੇਸ਼ਾ ਯਾਦ ਰਹਿਣਗੇ। ਵਿਧਾਇਕ ਬਲਵਿੰਦਰ ਸਿੰਘ ਲਾਡੀ, ਭਾਕਿਯੂ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ, ਪੱਤਰਕਾਰ ਰਾਜਿੰਦਰਪਾਲ ਸਿੰਘ ਧਾਲੀਵਾਲ, ਸ਼ਾਇਰ ਡਾ. ਰਵਿੰਦਰ, ਲੇਖਕ ਡਾ. ਅਨੂਪ ਸਿੰਘ, ਨਾਮਵਰ ਫੋਟੋਗ੍ਰਾਫਰ ਹਰਭਜਨ ਬਾਜਵਾ ਉਰਫ ਬਾਬਾ ਬਾਜਵਾ, ਅਜੀਤ ਕਮਲ, ਸ਼ੈਰੀ ਕਲਸੀ, ਸੰਗੀਤਕਾਰ ਜਤਿੰਦਰ ਜੀਤੂ ਨੇ ਆਪਣੇ ਸੰਖ਼ੇਪ ਸੰਬੋਧਨ ਵਿੱਚ ਸ਼ਰਨਜੀਤ ਸਿੰਘ ਨੂੰ ਜ਼ਿੰਮੇਵਾਰ ਪੱਤਰਕਾਰ, ਲੇਖਕ, ਸਮਾਜ ਸੇਵੀ ਦੱਸਿਆ। ਮੰਚ ਸੰਚਾਲਨ ਕਰ ਰਹੇ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ, ਪ੍ਰੋ. ਗੁਰਭਜਨ ਗਿੱਲ ਸਣੇ ਹੋਰ ਜਥੇਬੰਦੀਆਂ ਵੱਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ। ਅੰਤ ਵਿੱਚ ਮਰਹੂਮ ਸ਼ਰਨਜੀਤ ਸਿੰਘ ਦੇ ਬੇਟੇ ਪਰਮਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।