ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜਨਵਰੀ
ਗਣਤੰਤਰ ਦਿਵਸ ਮੌਕੇ ਇੱਥੇ ਰਾਜਪਥ ’ਤੇ ਹੋਣ ਵਾਲੀ ਪਰੇਡ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਸਦੀਵੀਂ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਖ਼ਾਤਰ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ। ਇੱਥੇ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਹੋਈ ਜਿਸ ਵਿੱਚ ਪੰਜਾਬ ਦੀ ਇਹ ਝਾਕੀ ਦਿਖਾਈ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰ-ਚੁਫ਼ੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ। ਟਰੈਕਟਰ ਵਾਲੇ ਅਗਲੇ ਹਿੱਸੇ ’ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ। ਟਰੇਲਰ ਵਾਲੇ ਹਿੱਸੇ ਦੇ ਸ਼ੁਰੂ ਵਿੱਚ ‘ਪ੍ਰਭਾਤ ਫੇਰੀ’ ਦਰਸਾਈ ਜਾਵੇਗੀ ਤੇ ਸੰਗਤ ਕੀਰਤਨ ਕਰਦੀ ਦਿਖਾਈ ਦੇਵੇਗੀ। ਟਰੇਲਰ ਦੇ ਆਖ਼ਰੀ ਹਿੱਸੇ ਵਿੱਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ। ਸਾਲ 2019 ਵਿੱਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ। ਉਦੋਂ ਜੱਲ੍ਹਿਆਂਵਾਲਾ ਬਾਗ ਕਤਲੇਆਮ ਦੀ ਝਾਕੀ ਨੇ ਸਭ ਪਾਸੇ ਪ੍ਰਸ਼ੰਸਾ ਖੱਟੀ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀ ਝਾਕੀ ਤੀਜੇ ਸਥਾਨ ’ਤੇ ਰਹੀ ਸੀ।