ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 27 ਅਗਸਤ
ਕਰਤਾਰਪੁਰ ਕੋਰੀਡੋਰ ਲਈ ਉਸਾਰੇ ਜਾ ਰਹੇ ਪੁਲ ਸਬੰਧੀ ਅੱਜ ਭਾਰਤ-ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਕੌਮਾਂਤਰੀ ਸੀਮਾ ‘ਤੇ ਹੋਈ| ਮੀਟਿੰਗ ਵਿੱਚ ਪਾਕਿ ਦੇ ਚਾਰ ਮਾਹਿਰ ਸ਼ਾਮਲ ਹੋਏ, ਜਿਸ ਦੀ ਅਗਵਾਈ ਜਨਾਬ ਮੁਰਾਦ ਨੌਸ਼ਾਦ ਦੁਆਰਾ ਕੀਤੀ ਗਈ, ਜਦੋਂ ਕਿ ਭਾਰਤ ਵੱਲੋਂ ਲੈਂਡ ਪੋਰਟ ਆਫ ਅਥਾਰਟੀ ਦੇ ਅਧਿਕਾਰੀ ਜਤਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ| ਪਾਕਿਸਤਾਨ ਵੱਲੋਂ 260 ਤੋਂ 300 ਮੀਟਰ ਤੱਕ ਪੁਲ ਉਸਾਰਿਆ ਜਾਣਾ ਹੈ, ਜਦੋਂ ਕਿ ਭਾਰਤ ਨੇ ਆਪਣੇ ਹਿੱਸੇ ਦਾ ਪੁੱਲ ਪਹਿਲਾਂ ਹੀ ਬਣਾ ਲਿਆ ਹੈ। ਪਾਕਿਸਤਾਨ ਵਾਲੇ ਪਾਸੇ ਰਾਵੀ ਉਪਰ ਤਾਂ ਪੁਲ ਬਣਾਇਆ ਗਿਆ ਹੈ ਪਰ ਪਾਕਿ ਕੋਰੀਡੋਰ ਸਥਾਨ ਤੋਂ ਜ਼ੀਰੋ ਲਾਈਨ ਤੱਕ ਹਾਲੇ ਪੁਲ ਬਾਕੀ ਹੈ| ਇਸੇ ਲਈ ਅੱਜ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ ਹੋਈ ਹੈ| 9 ਨਵੰਬਰ ‘ਤੇ ਲਾਂਘਾ ਸ਼ੁਰੂ ਹੋਣ ਉਪਰੰਤ ਇਹ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਸੀ ਪਰ ਅੱਜ ਦੀ ਮੀਟਿੰਗ ਦੌਰਾਨ ਬੀਐੱਸਐੱਫ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਨੇੜੇ ਲੱਗਣ ਦਿੱਤਾ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਨੇ ਪੁਲ ਦੇ ਨਿਰਮਾਣ, ਸਰਵੇ ਅਤੇ ਲੈਵਲ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕੀਤੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੁਆਰਾ ਪਾਕਿ ਤੋਂ ਆਈ ਚਾਰ ਮੈਂਬਰੀ ਤਕਨੀਕੀ ਮਾਹਰਾਂ ਦੀ ਟੀਮ ਨੂੰ ਭਾਰਤ ਦੁਆਰਾ ਉਸਾਰੇ ਗਏ ਪੁਲ ਦਾ ਡਰਾਇੰਗ/ਨਕਸ਼ਾ ਦਿਖਾਇਆ ਗਿਆ। ਮੀਟਿੰਗ ਦੌਰਾਨ ਪਾਕਿ ਮਾਹਿਰਾਂ ਨੇ ਪੁਲ ਦਾ ਨਿਰਮਾਣ ਕਦੋਂ ਸ਼ੁਰੂ ਕਰਨਾ ਹੈ, ਬਾਰੇ ਕੋਈ ਨਿਸ਼ਚਿਤ ਸਮਾਂ ਨਹੀਂ ਦੱਸਿਆ।