ਨਵੀਂ ਦਿੱਲੀ, 18 ਅਗਸਤ
ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਸੀਐੱਲਏਟੀ) ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਸ਼ਮੂਲੀਅਤ ਵਾਲੇ 14,000 ਕਰੋੜ ਰੁਪਏ ਦੇ ਧੋਖਾਧੜੀ ਘੁਟਾਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਤੋਂ ਪੁੱਛ-ਪੜਤਾਲ ਦੀ ਇਜਾਜ਼ਤ ਦਿੰਦੇ ਹੁਕਮਾਂ ਨੂੰ ਉਲੱਦ ਦਿੱਤਾ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ) ਨੇ ਜਨਵਰੀ 2019 ਵਿੱਚ ਬੈਂਕ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਕੇ.ਵੀ.ਬ੍ਰਹਮਾਜੀ ਰਾਓ ਸਮੇਤ ਕੁੱਲ 19 ਵਿਅਕਤੀਆਂ ਤੋਂ ਸਿੱਧੀ ਪੁੱਛਗਿੱਛ ਜਾਂ ਕਾਰਵਾਈ ਕਰਨ ਸਬੰਧੀ ਹੁਕਮ ਦਿੰਦਿਆਂ ਇਨ੍ਹਾਂ ਸਾਰਿਆਂ ਦੇ ਅਸਾਸੇ ਜਾਮ ਕਰ ਦਿੱਤੇ ਸੀ। ਟ੍ਰਿਬਿਊਨਲ ਦਾ ਉਪਰੋਕਤ ਫੈਸਲਾ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਦਾਇਰ ਪਟੀਸ਼ਨ ’ਤੇ ਆਇਆ ਹੈ। ਰਾਓ ਨੇ ਅਪੀਲ ਵਿੱਚ ਐੱਨਸੀਐੱਲਟੀ ਦੇ ਮੁੰਬਈ ਬੈਂਚ ਵੱਲੋਂ ਸੁਣਾਏ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
-ਪੀਟੀਆਈ