ਸਿੱਖਿਆ ਨੀਤੀ ਦੀ ਹਕੀਕਤ
12 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਪੁਰੀ ਦੀ ਲਿਖਤ ‘ਕੌਮੀ ਸਿੱਖਿਆ ਨੀਤੀ : ਨਾਬਰਾਬਰੀ ਵੱਲ ਤੁਰਦੇ ਕਦਮ’ ਪੜ੍ਹੀ। ਸਿੱਖਿਆ ਨੀਤੀ ਦੀ ਜਿਸ ਤਰ੍ਹਾਂ ਦੀ ਪੇਸ਼ਕਾਰੀ ਸਰਕਾਰ ਨੇ ਲੋਕਾਂ ਸਾਹਮਣੇ ਰੱਖੀ ਹੈ, ਉਸ ਨੂੰ ਪੜ੍ਹਦਿਆਂ ਆਮ ਲੋਕਾਂ ਨੂੰ ਸਾਉਣ ਮਹੀਨੇ ਵਾਂਗ ਸਭ ਕੁਝ ਹਰਿਆ-ਭਰਿਆ ਮਹਿਸੂਸ ਹੋ ਰਿਹਾ ਹੈ। ਸਿੱਖਿਆ ਨੀਤੀ ਲੋਕ ਲੁਭਾਵਣੀ ਲੱਗਦੀ ਹੈ ਪਰ ਡਾ. ਪੁਰੀ ਨੇ ਨੀਤੀ ਵਿਚਲੇ ਕੁਝ ‘ਗੁੱਝੇ’ ਸ਼ਬਦਾਂ ਦੀ ਸਹੀ ਅਰਥਾਂ ਵਿਚ ਵਿਆਖਿਆ ਕਰ ਕੇ ਸਿੱਖਿਆ ਪ੍ਰਤੀ ਸਰਕਾਰ ਦੀ ਅਸਲ ਮਾਨਸਿਕਤਾ ਨੂੰ ਜੱਗ ਜ਼ਾਹਿਰ ਕੀਤਾ ਹੈ। ਸਪੱਸ਼ਟ ਹੈ ਕਿ ਨਵੀਂ ਸਿੱਖਿਆ ਨੀਤੀ ਸਮਾਜਿਕ ਨਾਬਰਾਬਰੀ ਦੇ ਪਾੜੇ ਨੂੰ ਹੋਰ ਵੀ ਡੂੰਘੇਰਾ ਕਰੇਗੀ। ਸਿੱਖਿਆ ਆਮ ਲੋਕਾਂ ਲਈ ਕਿਸੇ ‘ਅਰਸ਼ੀ ਜਲਵੇ’ ਤੋਂ ਘੱਟ ਨਹੀਂ ਹੋਵੇਗੀ ਜਿਸ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੋਵੇਗਾ। ਸਰਕਾਰ ਲੁਕਵੇਂ ਰੂਪ ਵਿਚ ਨਿੱਜੀਕਰਨ ਦੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਸਰਕਾਰ ਲਈ ਕਰੋਨਾ ਦੌਰ ਅਜਿਹੀਆਂ ਲੋਕ ਮਾਰੂ ਨੀਤੀਆਂ ਨੂੰ ਵਿਸਥਾਰ ਦੇਣ ਲਈ ਸ਼ਾਇਦ ਵਧੀਆ ਸਬੱਬ ਬਣ ਕੇ ਬਹੁੜਿਆ ਹੈ। ਚਰਨਜੀਤ ਭੁੱਲਰ ਦੀ ਰਿਪੋਰਟ ‘ਆਹਲੂਵਾਲੀਆ ਕਮੇਟੀ ਵੱਲੋਂ ਨਿੱਜੀਕਰਨ ਦੀ ਡੋਜ਼ ਵਧਾਉਣ ਦੀ ਸਿਫ਼ਾਰਸ਼’ ਵੀ ਸਰਕਾਰ ਦੀ ਇਸੇ ਮਾਨਸਿਕਤਾ ਵੱਲ ਇਸ਼ਾਰਾ ਕਰਦੀ ਹੈ।
ਬੂਟਾ ਸਿੰਘ ਵਾਕਫ਼, ਸ੍ਰੀ ਮੁਕਤਸਰ ਸਾਹਿਬ
ਜਾਤਪਾਤ ਦਾ ਡੰਗ
14 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘ਮਹਾਂ-ਦ੍ਰਿਸ਼ ਦਾ ਅੰਤਿਮ ਮਹਾਂ-ਵਾਕ’ ਵਿਚ ਜੋ ਤੱਥ ਸਾਹਮਣੇ ਲਿਆਂਦੇ ਗਏ ਹਨ, ਇਨ੍ਹਾਂ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਇਹ ਭੂਮੀ ਪੂਜਨ ਸਮੇਂ ਪ੍ਰਮੁੱਖ ਪੁਜਾਰੀ ਵੱਲੋਂ ਕਹੇ ਗਏ ਵਾਕ ਅਖ਼ੀਰਲੇ ਜਾਂ ਅੰਤਿਮ ਮਹਾਂ-ਵਾਕ ਨਹੀਂ ਹਨ। ਸ਼ੁਰੂਆਤੀ ਮਹਾਂ-ਵਾਕ ਵੀ ਬ੍ਰਾਹਮਣ ਦੇਵਤੇ ਤੋਂ ਹੀ ਸ਼ੁਰੂ ਹੋ ਕੇ ਅੰਤਿਮ ਰੂਪ ਵੀ ਬ੍ਰਾਹਮਣਵਾਦ ਦੀ ਸਰਬਉੱਚਤਾ ’ਤੇ ਹੀ ਮੁੱਕਦੇ ਹਨ। ਰੱਬ ਨੂੰ ਇਕ ਪਾਸੇ ਲਗਾ ਕੇ ਉੱਚ ਸ਼੍ਰੇਣੀ ਬ੍ਰਾਹਮਣਵਾਦ ਨੂੰ ਹੀ ਸਰਬਉੱਤਮ ਦਰਸਾਇਆ ਜਾਂਦਾ ਹੈ। ਇਹ ਵਤੀਰਾ ਸਿਰਫ਼ ਹਿੰਦੂਆਂ ਵਿਚ ਹੀ ਨਹੀਂ; ਸਿੱਖਾਂ, ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਦੇ ਧਰਮਾਂ ਵਿਚ ਵੀ ਹੈ।
ਡਾ. ਕਰਨਜੀਤ ਸਿੰਘ, ਅੰਮ੍ਰਿਤਸਰ
(2)
ਸਵਰਾਜਬੀਰ ਦਾ ਲੇਖ ‘ਮਹਾਂ-ਦ੍ਰਿਸ਼ ਦਾ ਅੰਤਿਮ ਮਹਾਂ-ਵਾਕ’ ਪੜ੍ਹਿਆ। ਭਾਰਤੀ ਸਮਾਜ ਅੰਦਰ ਘਰ ਕਰ ਚੁੱਕੇ ਜਾਤੀਵਾਦ ਤੋਂ ਬਾਹਰ ਆਉਣਾ ਇੰਨਾ ਸੁਭਾਵਿਕ ਨਹੀਂ ਜਿੰਨਾ ਅਸੀਂ ਸਮਝਣ ਦੀ ਕਈ ਵਾਰ ਭੁੱਲ ਕਰਨ ਲੱਗਦੇ ਹਾਂ। ਇਹ ਗੱਲ ਸਪੱਸ਼ਟ ਹੈ ਕਿ ਜਦੋਂ ਤਕ ਅਸੀਂ ਹਰ ਉਸ ਧਰਮ, ਪੰਥ, ਵਰਣ ਪ੍ਰਥਾ ਅਤੇ ਜਾਤੀਵਾਦ ਦਾ ਵਿਰੋਧ ਕਰਨ ਦੇ ਨਾਲ ਨਾਲ ਧਰਮਾਂ ਦੁਆਰਾ ਆਵਾਗੌਣ ਭਾਵ ਪੁਨਰ ਜਨਮ ਅਤੇ ਕਰਮ-ਫ਼ਲ ਦੇ ਸਿਧਾਂਤ ਤਿਆਗ ਨਹੀਂ ਦਿੰਦੇ, ਜਾਤੀ ਪ੍ਰਥਾ ਤੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਇਹ ਹੀ ਸਿਧਾਂਤ ਵਰਣ ਪ੍ਰਥਾ ਅਤੇ ਜਾਤੀਵਾਦ ਦਾ ਠੋਸ ਵਿਚਾਰਧਾਰਕ ਆਧਾਰ ਹਨ।
ਸਤਿਗੁਰ ਸਿੰਘ ਸੈਦਪੁਰਾ, ਡੇਰਾਬਸੀ (ਐਸਏਐਸ ਨਗਰ)
ਅੱਜ ਦੀਆਂ ਚੁਣੌਤੀਆਂ ਅਤੇ ਸੰਘਰਸ਼
11 ਅਗਸਤ ਦੇ ਅੰਕ ’ਚ ਨਰਾਇਣ ਦੱਤ ਦੇ ਲੇਖ ‘ਮਹਿਲ ਕਲਾਂ ਲੋਕ ਘੋਲ ਦੇ ਵਿਰਸੇ ਨੂੰ ਬੁਲੰਦ ਕਰੋ’ ਵਿਚ ਕਿਰਨਜੀਤ ਕੌਰ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਇਨਕਲਾਬੀ ਆਗੂ ਮਨਜੀਤ ਧਨੇਰ ਦੀ ਰਿਹਾਈ ਲਈ ਲੜੇ ਗਏ ਫ਼ੈਸਲਾਕੁਨ ਜਨਤਕ ਸੰਘਰਸ਼ ਨੂੰ ਮੌਜੂਦਾ ਸਮੇਂ ਦੇ ਫਾਸ਼ੀਵਾਦ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਬਿਲਕੁਲ ਸਹੀ ਮੁਖ਼ਾਤਬਿ ਕੀਤਾ ਗਿਆ ਹੈ। ਮੌਜੂਦਾ ਫ਼ਿਰਕੂ ਅਤੇ ਫਾਸ਼ੀਵਾਦ ਮੋਦੀ ਸਰਕਾਰ ਵੱਲੋਂ ਵੀ ਹੁਣ ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਪ੍ਰੋ. ਜੀਐੱਨ ਸਾਈਬਾਬਾ, ਤੇਲਗੂ ਸ਼ਾਇਰ ਵਰਵਰਾ ਰਾਓ, ਵਕੀਲ ਸੁਧਾ ਭਾਰਦਵਾਜ, ਸਮਾਜਿਕ ਕਾਰਕੁਨ ਗੌਤਮ ਨਵਲੱਖਾ, ਪ੍ਰੋ. ਆਨੰਦ ਤੈਲਤੁੰਬੜੇ, ਵਕੀਲ ਅਰੁਣ ਫਰੇਰਾ, ਪੱਤਰਕਾਰ ਪ੍ਰਸ਼ਾਂਤ ਰਾਹੀ, ਡਾ. ਕਫ਼ੀਲ ਖਾਨ ਅਤੇ ਕਈ ਹੋਰਨਾਂ ਸਮਾਜਿਕ ਕਾਰਕੁਨਾਂ ਨੂੰ ਇਸੇ ਲਈ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕਰ ਕੇ ਬਿਨਾ ਕਿਸੇ ਸੁਣਵਾਈ ਦੇ ਜੇਲ੍ਹਾਂ ਵਿਚ ਸੜਨ ਉੱਤੇ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਾਰੇ ਮੋਦੀ ਸਰਕਾਰ ਦੀਆਂ ਫ਼ਿਰਕੂ ਅਤੇ ਆਰਥਿਕ ਨੀਤੀਆਂ ਦੇ ਖ਼ਿਲਾਫ਼ ਅਤੇ ਦਲਿਤਾਂ, ਆਦਿਵਾਸੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾ ਰਹੇ ਹਨ। ਹੁਣ ਹਾਕਮਾਂ ਖ਼ਿਲਾਫ਼ ਫ਼ੈਸਲਾਕੁਨ ਜਨਤਕ ਸੰਘਰਸ਼ ਕਰਨ ਦੀ ਲੋੜ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਗਿਆਨ ਦਾ ਭੰਡਾਰ
11 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਮਿਡਲ ‘ਰੱਬ ਵਰਗੇ ਬੰਦੇ’ ਵਿਚ ਗੁਰਮੀਤ ਸੁਖਪੁਰ ਨੇ ਜਿਸ ਅਧਿਆਪਕ ਬਾਰੇ ਲਿਖਿਆ ਹੈ, ਉਹ ਜਗਮੀਤ ਸਿੰਘ ਪੰਧੇਰ ਵਾਕਿਆ ਹੀ ਗਿਆਨ ਦਾ ਭੰਡਾਰ ਤੇ ਸਮਾਜਿਕ ਸਰਕਾਰਾਂ ਨਾਲ ਪ੍ਰਤੀਬੱਧ ਅਧਿਆਪਕ ਸੀ ਜੋ ਸੇਵਾ ਮੁਕਤ ਹੋ ਕੇ ਅੱਜ ਵੀ ਨਿਰੰਤਰ ਕਾਰਜਸ਼ੀਲ ਹੈ। ਆਪਣੀਆਂ ਕਹਾਣੀਆਂ/ਲਿਖਤਾਂ ਰਾਹੀਂ ਉਹ ਅੱਜ ਵੀ ਗਿਆਨ ਦੀ ਰੌਸ਼ਨੀ ਵੰਡ ਰਿਹਾ ਹੈ। ਆਓ ਅਸੀਂ ਸਭ ਅਜਿਹੇ ਅਧਿਆਪਕ ਬਣ ਕੇ ਬੱਚਿਆਂ ਦਾ ਭਵਿੱਖ ਰੁਸ਼ਨਾਈਏ।
ਰਘਬੀਰ ਸਿੰਘ, ਬਰਨਾਲਾ
(2)
ਆਦਰਸ਼ ਅਧਿਆਪਕ ਉਹ ਹੈ ਜੋ ਬੱਚਿਆਂ ਨੂੰ ਮਿਲੇ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਨਾਲ ਜੁੜੀਆਂ ਚੰਗੀਆਂ ਗੱਲਾਂ ਪੜ੍ਹਾਉਂਦਾ ਹੈ। ਇਸ ਨਾਲ ਬੱਚਿਆਂ ਦਾ ਆਮ ਗਿਆਨ ਵਧਦਾ ਹੈ ਅਤੇ ਸ਼ਖ਼ਸੀਅਤ ਨਿਖਰਦੀ ਹੈ। ਉਸ ਦੀ ਸਿੱਖਣ ਯੋਗਤਾ ’ਚ ਵੀ ਵਾਧਾ ਹੁੰਦਾ ਹੈ।
ਗੁਰਮੀਤ ਸਿੰਘ, ਵੇਰਕਾ