ਅਲੀਗੜ੍ਹ/ਲਖਨਊ: ਐੱਸਐੱਚਓ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਵੱਲੋਂ ਭਾਜਪਾ ਵਿਧਾਇਕ ਦੀ ਕੀਤੀ ਕਥਿਤ ਖਿੱਚਧੂਹ ਦੇ ਰੋਸ ਵਜੋਂ ਪਾਰਟੀ ਵਰਕਰਾਂ ਨੇ ਅੱਜ ਇਥੇ ਅਲੀਗੜ੍ਹ ਪੁਲੀਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਇਗਲਾਸ ਹਲਕੇ ਤੋਂ ਵਿਧਾਇਕ ਰਾਜਕੁਮਾਰ ਸਹਿਯੋਗੀ ਨੇ ਕਿਹਾ ਕਿ ਗੌਂਡਾ ਪੁਲੀਸ ਸਟੇਸ਼ਨ ਵਿੱਚ ਉਸ ਨਾਲ ਕਥਿਤ ਖਿੱਚਧੂਹ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਖ਼ਿਲਾਫ਼ ਦਰਜ ਕੇਸ ਬਾਰੇ ਆਪਣਾ ਰੋਸ ਜ਼ਾਹਿਰ ਕਰਨ ਲਈ ਪੁਲੀਸ ਥਾਣੇ ਗਿਆ ਸੀ। ਇਸ ਦੌਰਾਨ ਵਿਧਾਇਕ ਦੀ ਖਿੱਚਧੂਹ ਸਬੰਧੀ ਖ਼ਬਰ ਫੈਲਦੇ ਹੀ ਸੈਂਕੜੇ ਭਾਜਪਾ ਵਰਕਰ ਪੁਲੀਸ ਸਟੇਸ਼ਨ ਦੇ ਬਾਹਰ ਇਕੱਤਰ ਹੋ ਗਏ।