ਬੇਰੁਜ਼ਗਾਰੀ ਦੀ ਬਿਮਾਰੀ
23 ਅਗਸਤ ਨੂੰ ਐਸ ਪੀ ਸਿੰਘ ਦਾ ਲੇਖ ‘ ਕਰੋਨਾ ਦਾ ਸਾਨੂੰ ਲੱਗੇ ਟੀਕਾ, ਵਬਾ ਨੂੰ ਭਾਗ ਲੱਗਣ ਜੀ’ ਪੜ੍ਹਿਆ ਕਰੋਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਇੱਕ ਹੋਰ ਬਿਮਾਰੀ ਜੋ ਬਹੁਤ ਖ਼ਤਰਨਾਕ ਹੈ, ਉਹ ਹੈ ਬਿਮਾਰੀ ਬੇਰੁਜ਼ਗਾਰੀ ਕਰੋਨਾ ਵਾਇਰਸ ਤੋਂ ਬਾਅਦ ਇਸ ਬਿਮਾਰੀ ਵਿਚ ਵੀ ਬਹੁਤ ਵਾਧਾ ਹੋ ਰਿਹਾ ਹੈ। ਸਰਕਾਰ ਨੂੰ ਇਸ ਬਿਮਾਰੀ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਹਰਦੇਵ ਸਿੰਘ, ਪਿੱਪਲੀ (ਹਰਿਆਣਾ)
ਦਲੀਲ ਜਚੀ ਨਹੀਂ
26 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ਪੜ੍ਹਿਆ। ਕਾਫ਼ੀ ਜਾਣਕਾਰੀ ਮਿਲੀ ਪਰ ਉਨ੍ਹਾਂ ਜੋ ਲਿਖਿਆ ਕਿ ਉਨ੍ਹਾਂ ਨੇ ਸਿੰਧ ਜਲ ਸਮਝੌਤਾ ਕਈ ਵਾਰ ਪੜ੍ਹਿਆ (ਜੋ ਭਾਰਤ ਪਾਕਿਸਤਾਨ ਵਿਚਾਲੇ 1960 ਵਿਚ ਹੋਇਆ), ਪੰਜਾਬ ਦਾ ਇਸ ਵਿਚ ਜ਼ਿਕਰ ਹੀ ਨਹੀਂ ਹੈ। ਇਹ ਦਲੀਲ ਕੁਝ ਜਚੀ ਨਹੀਂ। 1947 ਦੀ ਵੰਡ ਬਾਰੇ ਹਮੇਸ਼ਾ ਭਾਰਤ-ਪਾਕਿਸਤਾਨ ਦੀ ਵੰਡ ਲਿਖਿਆ ਜਾਂਦਾ ਹੈ। ਇਸ ਵਿਚ ਪੰਜਾਬ ਦਾ ਜ਼ਿਕਰ ਨਹੀਂ। ਇਸੇ ਤਰ੍ਹਾਂ ਸਿੰਧ ਜਲ ਸਮਝੌਤਾ ਵੀ ਅਸਲ ਵਿਚ ਦੋਵਾਂ ਪੰਜਾਬਾਂ (ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ) ਵਿਚ ਹੀ ਹੋਇਆ ਹੈ। ਜੇ ਪੱਛਮੀ ਪੰਜਾਬ ਨੂੰ ਪਾਕਿਸਤਾਨ ਲਿਖਿਆ ਜਾ ਸਕਦਾ ਹੈ ਤਾਂ ਪੂਰਬੀ ਪੰਜਾਬ ਨੂੰ ਭਾਰਤ ਕਿਉਂ ਨਹੀਂ? ਦੇਸ਼ਾਂ ਦਾ ਨਾਂ ਹੀ ਲਿਆ ਜਾਂਦਾ ਹੈ, ਰਾਜਾਂ ਦਾ ਨਹੀਂ। ਲੇਖਕ ਨੇ ਇਸ ਲੇਖ ਵਿਚ ਰਾਜਸਥਾਨ ਦਾ ਜ਼ਿਕਰ ਬਿਲਕੁੱਲ ਨਹੀਂ ਕੀਤਾ ਜੋ ਸਾਰੇ ਪਾਣੀ ’ਚੋਂ ਅੱਧਿਓਂ ਜ਼ਿਆਦਾ ਇਕੱਲਾ ਹੀ ਮਾਂਜ ਗਿਆ, ਉਹ ਵੀ ਕੁਦਰਤੀ ਨੇਮਾਂ ਦੇ ਉਲਟ; ਦੋ ਲਿਫ਼ਟਾਂ ਰਾਹੀਂ 120 ਫੁੱਟ ਉੱਪਰ ਚੁੱਕ ਕੇ ਪਾਣੀ ਬੀਕਾਨੇਰ ਪਹੁੰਚਾਇਆ ਗਿਆ।
ਬਲਦੇਵ ਸਿੰਘ, ਭਗਤਾ ਭਾਈ ਕਾ (ਬਠਿੰਡਾ)
(2)
ਡਾ. ਸੁੱਚਾ ਸਿੰਘ ਗਿੱਲ ਵੱਲੋਂ ਰਿਪੇਰੀਅਨ ਅਸੂਲ ਨੂੰ ਝਗੜਾ ਵਧਾਉਣ ਵਾਲਾ ਅਸੂਲ ਕਹਿਣਾ ਪੰਜਾਬ ਦਾ ਪਾਣੀਆਂ ਉੱਪਰ ਹੱਕ ਖ਼ਤਮ ਕਰਨ ਦਾ ਯਤਨ ਹੈ। ਜੇਕਰ ਇਹ ਅਸੂਲ ਹੈ ਹੀ ਨਹੀਂ ਅਤੇ ਪਾਕਿਸਤਾਨ ਤੋਂ ਖ਼ਰੀਦਿਆ ਪਾਣੀ ਭਾਰਤ ਸਰਕਾਰ ਦਾ ਹੈ ਤਾਂ ਫਿਰ ਭਾਰਤ ਸਰਕਾਰ ਰਾਵੀ ਦੇ ਵਾਧੂ ਪਾਣੀ ਵਿਚੋਂ ਹਰਿਆਣੇ ਨੂੰ ਪਾਣੀ ਕਿਉਂ ਨਹੀਂ ਦੇ ਸਕਦੀ? ਜੇਕਰ ਲੇਖਕ ਦਾ ਕਥਨ ਸਹੀ ਹੈ ਤਾਂ ਨਰਮਦਾ ਪਾਣੀ ਵਿਵਾਦ ਵਿਚ ਰਾਜਸਥਾਨ ਦੀ ਮੰਗ ਰੱਦ ਕਰਦੇ ਹੋਏ ਕੇਂਦਰ ਸਰਕਾਰ ਦਾ ਹਵਾਲਾ ਨੰਬਰ 10/1/69 ਡਬਲਿਊ ਡੀ ਮਿਤੀ 16/10/1969 ਨੂੰ 1956 ਕਾਨੂੰਨ ਦੀ ਧਾਰਾ 5 ਦੇ ਉਲਟ ਹੋਣਾ ਕਿਉਂ ਲਿਖਿਆ? ਹਰਿਆਣਾ ਸਰਕਾਰ ਨੇ 1969 ਵਿਚ ਨਹੀਂ ਸਗੋਂ ਮਈ 1967 ਵਿਚ ਆਪਣੇ ਪੱਤਰ ਨੰਬਰ 2868-ਪੀ ਡਬਲਿਊ 11 (5) 67/8778 ਮਿਤੀ 18 ਮਈ 1967 ਰਾਹੀਂ ਰਾਵੀ ਦੇ ਵਾਧੂ ਪਾਣੀ ਵਿਚੋਂ 4.8 ਮਿਲੀਅਨ ਏਕੜ ਫੁੱਟ ਪਾਣੀ ਦੀ ਮੰਗ ਕੀਤੀ ਸੀ। ਡਾ. ਗਿੱਲ ਦਾ ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਪੰਜਾਬ ਪੁਨਰ ਗਠਨ ਕਾਨੂੰਨ 1966 ਦੀ ਧਾਰਾ 78 ਵੀ ਕੇਵਲ ਜੋ ਪ੍ਰਾਜੈਕਟ ਦੀ ਯੋਜਨਾ ਚੱਲਦੀ ਸੀ, ਉਸ ਅਨੁਸਾਰ ਜਾਂ ਜੇ ਬਿਆਸ ਦਰਿਆ ਉੱਪਰ ਕੋਈ ਹੋਰ ਪ੍ਰਾਜੈਕਟ ਲਗਾਇਆ ਜਾਵੇ, ਉਸ ਅਨੁਸਾਰ ਪਾਣੀ ਅਤੇ ਬਿਜਲੀ ਦੀ ਵੰਡ ਦੀ ਗੱਲ ਹੈ। ਇਸ ਅਨੁਸਾਰ ਬਿਆਸ ਪ੍ਰਾਜੈਕਟ ਤੋਂ ਹਰਿਆਣੇ ਨੂੰ 0.9 ਮਿਲੀਅਨ ਏਕੜ ਫੁੱਟ ਪਾਣੀ ਜਾਣਾ ਸੀ। ਬਾਕੀ ਵੰਡ ਦੀ ਗੱਲ ਕਰਨਾ ਮਸਲੇ ਨੂੰ ਹੋਰ ਉਲਝਾਉਣ ਅਤੇ ਪੰਜਾਬ ਦੇ ਹੱਕ ਖ਼ਤਮ ਕਰਨ ਦਾ ਹੀਲਾ ਹੈ, ਜੋ ਲੇਖਕ ਨੇ ਪੰਜਾਬ ਦਾ ਹਿਤੈਸ਼ੀ ਬਣ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸੰਤੋਖ ਗਿੱਲ, ਗੁਰੂਸਰ ਸੁਧਾਰ
ਬੁਨਿਆਦੀ ਸਵਾਲ
26 ਅਗਸਤ ਨੂੰ ਸੰਪਾਦਕੀ ਦਾ ‘ਬੁਨਿਆਦੀ ਸਵਾਲ’ ਪ੍ਰਸ਼ਾਂਤ ਭੂਸ਼ਨ ਅਤੇ ਕੋਰਟ ਦੀ ਮਾਣਹਾਨੀ ਦੇ ਨਾਲ ਜੁੜਿਆ ਅੱਜ ਦੇ ਸਮੇਂ ਵਿਚ ਅਹਿਮ ਹੈ। ਇਸ ਕੇਸ ਵਿਚ ਸੰਵਿਧਾਨ ਦੀਆਂ ਧਾਰਾਵਾਂ 19 (1) (a) ਬੋਲਣ ਦੀ ਆਜ਼ਾਦੀ ਇਕ ਪਾਸੇ ਅਤੇ ਦੂਜੇ ਪਾਸੇ ਕੋਰਟ ਦੀ ਮਾਣ ਮਰਿਆਦਾ ਲਈ 129 ਅਤੇ 215 ਧਾਰਾਵਾਂ ਇਕ ਦੂਜੇ ਸਾਹਮਣੇ ਆ ਖੜ੍ਹੀਆਂ ਹਨ। ਕਰਨੈਲ ਸਿੰਘ ਸੋਮਲ ਦਾ ‘ਰਮਜ਼ਾਨ ਕਦੇ ਭੁੱਲਦਾ ਨਹੀਂ’ ਬੀਤੇ ਸਮੇਂ ਦੀ ਸਹਿਜ ਦਾਸਤਾਨ ਹੈ। ਅੱਜ ਵੀ ਇਹ ਦੇਸ਼ ਦਾ ਮਸਲਾ ਬਣ ਚੁੱਕਿਆ ਹੈ ਕਿ ਧਾਰਮਿਕ ਸਹਿਣਸ਼ੀਲਤਾ ਅਤੇ ਇਨ੍ਹਾਂ ਬੁਨਿਆਦਾਂ ਉਤੇ ਆਧਾਰਿਤ ਸਿਆਸਤ ਕਿੰਨੀ ਜ਼ਰੂਰੀ ਹੈ। ਹਰਕੰਵਲ ਕੰਗ ਦਾ ਭਾਦੋਂ ਦਾ ਮਹੀਨਾ ਪੜ੍ਹ ਕੇ ‘ਚੌਮਾਸਾ’ ਲਫ਼ਜ਼ ਦੇ ਅਰਥ ਪਤਾ ਲੱਗੇ ਜਿਸ ਨੂੰ ਅਕਸਰ ‘ਚਮਾਸਾ’ ਕਹਿ ਦਿੰਦੇ ਹਨ। ਦਿਨ ਵਿਚ ਚਾਰ ਵਾਰ ਰੰਗ ਬਦਲਣ ਵਾਲਾ ਮਹੀਨਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਖੁਸ਼ੀ ਬਨਾਮ ਉਦਾਸੀ
24 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਦਾ ਮਿਡਲ ‘ਮਨ ਦੀ ਸ਼ਕਤੀ’ ਪੜ੍ਹਿਆ। ਖੁਸ਼ੀ ਅਤੇ ਉਦਾਸੀ ਮਨ ਨਾਲ ਜੁੜੀਆਂ ਅਵਸਥਾਵਾਂ ਹਨ। ਉਂਜ, ਪੁੱਠੇ ਸਿੱਧੇ ਕਾਰਿਆਂ ਲਈ ਮਨ ਹੀ ਜ਼ਿੰਮੇਵਾਰ ਹੁੰਦਾ ਹੈ। ਇਸ ਲਈ ਸਿਆਣਿਆਂ ਸੱਚ ਕਿਹਾ ਹੈ ਕਿ ਮਨ ਨੂੰ ਜਿੱਤਣਾ ਜੱਗ ਜਿੱਤਣ ਜਿਹਾ ਹੈ।
ਪ੍ਰਸ਼ੋਤਮ ਪੱਤੋ (ਮੋਗਾ)