ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਅਗਸਤ
ਹਲਕਾ ਸ਼ੁਤਰਾਣਾ ਦੇ ਅਕਾਲੀ ਆਗੂ ਵੱਲੋਂ ਦੋ ਮਹੀਨੇ ਪਹਿਲਾਂ ਘਰ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਤੇ ਬਾਅਦ ’ਚ ਮਾਮਲੇ ਦੀ ਪੁਲੀਸ ਜਾਂਚ ਤੋਂ ਡਰਦਿਆਂ ਉਸ ਦੀ ਪਤਨੀ ਵੱਲੋਂ ਕੀਤੀ ਖ਼ੁਦਕਸ਼ੀ ਦੇ ਮਾਮਲੇ ’ਚ ਨਵੇਂ ਖ਼ੁਲਾਸੇ ਹੋਣ ਲੱਗੇ ਹਨ। ਇਹ ਖ਼ੁਲਾਸੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਰਾਹੀਂ ਮਰਹੂਮ ਅਕਾਲੀ ਆਗੂ ਗੁਰਸੇਵਕ ਸਿੰਘ ਧੂਹੜ ਦੀ ਗਿਆਰਾਂ ਸਾਲਾ ਧੀ ਨੇ ਕੀਤੇ ਹਨ। ਇਸ ਵੀਡੀਓ ਨੂੰ ਲੈ ਕੇ ਬੱਚੀ ਦੇ ਨਾਨਕਾ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖ਼ੁਦਕੁਸ਼ੀ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਹੋਰਨਾਂ ਖ਼ਿਲਾਫ਼ ਕੇਸ ਰੱਦ ਕੀਤਾ ਜਾਵੇ। ਵੀਡੀਓ ’ਚ ਬੱਚੀ ਨੇ ਕਿਹਾ ਕਿ ਖ਼ੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਉਸ ਦੀ ਮਾਂ ਨੇ ਰੋਹੀ ਨਾਂ ਦੇ ਵਿਅਕਤੀ ਤੋਂ ਫੋਨ ’ਤੇ ਦਵਾਈ ਮੰਗਵਾਈ ਸੀ। ਖ਼ੁਦਕੁਸ਼ੀ ਵਾਲੀ ਸਵੇਰ ਉਸ ਦੀ ਮਾਂ ਉਨ੍ਹਾਂ ਨੂੰ ਚਾਹ ਦੇ ਕੇ ਗੱਲ ਕਰ ਰਹੀ ਸੀ ਕਿ ਜੇ ਦਾਦੀ, ਤਾਏ ਤੇ ਫੁੱਫੜ ਦਾ ਨਾਂ ਨਹੀਂ ਲਵਾਂਗੇ ਤਾਂ ਪੁਲੀਸ ਨੇ ਖਹਿੜਾ ਨਹੀਂ ਛੱਡਣਾ ਤੇ ਫੋਨ ਦਾ ਪਾਸਵਰਡ ਬਦਲ ਕੇ ਅਲਮਾਰੀ ’ਚ ਰੱਖ ਦਿੱਤਾ ਸੀ। ਉਸ ਦੀ ਮਾਂ ਕਮਰੇ ’ਚ ਉਲਟੀਆਂ ਕਰ ਰਹੀ ਸੀ ਤੇ ਬਾਹਰ ਸਰਪੰਚ, ਦਾਦੀ, ਤਾਇਆ ਤੇ ਹੋਰ ਬੰਦੇ ਬੂਹਾ ਖੋਲ੍ਹਣ ਲਈ ਰੌਲਾ ਪਾਉਂਦੇ ਰਹੇ ਫੇਰ ਬੂਹਾ ਤੋੜ ਕੇ ਪੀੜਤ ਨੂੰ ਹਸਪਤਾਲ ਲੈ ਗਏ। ਉਸ ਨੇ ਦੱਸਿਆ ਰੋਹੀ ਰਾਤ ਨੂੰ ਉਨ੍ਹਾਂ ਦੇ ਘਰ ਇਕ ਬਾਰੀ ਰਾਹੀਂ ਆਉਂਦਾ ਸੀ ਤੇ ਇਕ ਰਾਤ ਉਸ ਨੇ ਦੇਖਿਆ ਉਹ ਉਸ ਦੀ ਮਾਂ ਨਾਲ ਗੱਲਾਂ ਕਰ ਰਿਹਾ ਸੀ।
ਸਾਜਿਸ਼ ਤਹਿਤ ਵੀਡੀਓ ਤਿਆਰ ਕਰਨ ਦੇ ਦੋਸ਼
ਮਰਹੂਮ ਧੂਹੜ ਦੀ ਬੇਟੀ ਵੱਲੋਂ ਕੀਤੇ ਖ਼ੁਲਾਸੇ ਮਗਰੋਂ ਅਕਾਲੀ ਆਗੂ ਦੀ ਪਤਨੀ ਦੇ ਪੇਕਾ ਪਰਿਵਾਰ ਨੇ ਆਪਣੀ ਧੀ ਦੀ ਖ਼ੁਦਕੁਸ਼ੀ ਤੋਂ ਬਾਅਦ ਵਾਇਰਲ ਵੀਡੀਓ ਨੂੰ ਸਾਜਿਸ਼ ਤਹਿਤ ਤਿਆਰ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਸੱਸ ਗੁਰਮੇਲ ਕੌਰ, ਜੇਠ ਰਾਮਫਲ ਸਿੰਘ ਤੇ ਡੀਟੀਓ ਕਰਨ ਸਿੰਘ ਅਤੇ ਲਾਲਾ ਯਾਦਵ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਦਰਜ ਕੇਸ ਰੱਦ ਕਰ ਕੇ ਉਸ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਜਿਹੜਾ ਵਿਅਕਤੀ ਦੋਵੇਂ ਮੌਤਾਂ ਲਈ ਜ਼ਿੰਮੇਵਾਰ ਹੈ।