ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਗਸਤ
ਡੀਐੱਸਪੀ ਧਰਮਕੋਟ ਵੱਲੋਂ ਥਾਣਾ ਕੋਟ ਈਸੇ ਖਾਂ ਅਧੀਨ ਪੁਲੀਸ ਚੌਕੀ ਬਲਖੰਡੀ ’ਚ ਛਾਪੇ ਕਾਰਨ ਜਾਮ ਛਲਕਾਉਂਦੇ ਥਾਣੇਦਾਰਾਂ ਦੇ ਹੱਥਾਂ ’ਚੋਂ ਪੈੱਗ ਛੁੱਟ ਗਏ। ਉਨ੍ਹਾਂ ਚੌਕੀ ਅੰਦਰਲੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਡੀਐੱਸਪੀ ਨੇ ਚੌਕੀ ਇੰਚਾਰਜ ਸਣੇ ਦੋਵੇਂ ਥਾਣੇਦਾਰਾਂ ਨੂੰ ਮੁਅੱਤਲ ਕਰਕੇ ਰਿਪੋਰਟ ਐੱਸਐੱਸਪੀ ਨੂੰ ਭੇਜ ਦਿੱਤੀ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਥਾਣੇਦਾਰਾਂ ਨੂੰ ਮੁਅੱਤਲ ਕਰਕੇ ਰਿਪੋਰਟ ਐੱਸਐੱਸਪੀ ਨੂੰ ਭੇਜਣ ਦੀ ਪੁਸ਼ਟੀ ਕਰਦੇ ਆਖਿਆ ਕਿ 16 ਅਗਸਤ ਦੇਰ ਰਾਤ ਦੀ ਹੈ ਅਤੇ ਦੋਵਾਂ ਮੁਲਾਜ਼ਮਾਂ ਦਾ ਰਾਤ ਨੂੰ ਹੀ ਡਾਕਟਰੀ ਮੁਆਇਨਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਪੁਲੀਸ ਮੁਲਾਜ਼ਮ ਸਾਰੀ ਫੋਰਸ ਦੀ ਬਦਨਾਮੀ ਦਾ ਕਾਰਨ ਬਣਦੇ ਹਨ। ਡੀਐੱਸਪੀ ਧਰਮਕੋਟ ਨੂੰ ਭਿਣਕ ਲੱਗੀ ਸੀ ਕਿ ਚੌਕੀ ਬਲਖੰਡੀ ਇੰਚਾਰਜ ਸਬ ਇੰਸਪੈਕਟਰ ਗੁਰਦੀਪ ਸਿੰਘ ਤੇ ਏਐੱਸਆਈ ਦਰਸ਼ਨ ਸਿੰਘ ਚੌਕੀ ਅੰਦਰ ਸ਼ਰਾਬ ਦੇ ਨਸ਼ੇ ’ਚ ਟੱਲੀ ਹਨ। ਉਨ੍ਹਾਂ ਤੋਂ ਸੰਭਲਿਆ ਵੀ ਨਹੀਂ ਸੀ ਜਾ ਰਿਹਾ ਸੀ ਅਤੇ ਡੀਐੱਸਪੀ ਨੂੰ ਵੇਖਕੇ ਹੱਥਾਂ ’ਚੋਂ ਪੈੱਗ ਡਿੱਗ ਗਏ। ਇਸ ਮੌਕੇ ਉਨ੍ਹਾਂ ਬਚਾਅ ਲਈ ਕਮਰਾ ਵੀ ਬੰਦ ਕਰ ਲਿਆ। 5 ਦਿਨ ਪਹਿਲਾਂ ਹੀ ਇਸ ਚੌਕੀ ’ਚ ਤਾਇਨਾਤ ਏਐੱਸਆਈ ਨੂੰ ਟਰੱਕ ਚਾਲਕਾਂ ਤੋਂ ਗੁੰਡਾਂ ਟੈਕਸ ਵਸੂਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।