ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 17 ਅਗਸਤ
ਇੱਥੇ ਬੱਤੀਆਂ ਵਾਲਾ ਚੌਕ ਨੇੜੇ ਡਾ. ਹਰਪਾਲ ਸਿੰਘ ਸਟਰੀਟ ਨੂੰ ਕਰੋਨਾ ਮਰੀਜ਼ਾਂ ਦੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੇ ਕੰਟੇਨਮੈਂਟ ਜ਼ੋਨ ਐਲਾਨਿਆ ਹੋਇਆ ਹੈ। ਤਹਿਸੀਲਦਾਰ ਰਜਿੰਦਰ ਸਿੰਘ ਤੇ ਥਾਣਾ ਸ਼ਹਿਰੀ ਦੇ ਭੁਪਿੰਦਰ ਸਿੰਘ ਤੇ ਹੋਰ ਅਮਲੇ ਨੇ ਗਲੀ ਵਿੱਚ ਪਹੁੰਚ ਕੇ ਜਾਇਜ਼ਾ ਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੇਖਿਆ ਕਿ ਕੰਟੇਨਮੈਂਟ ਜ਼ੋਨ ਵਿੱਚ ਕੁਝ ਦੁਕਾਨਦਾਰਾਂ ਨੇ ਦੁਕਾਨ ਖੋਲ੍ਹ ਰੱਖੀਆਂ ਸਨ। ਅਧਿਕਾਰੀਆਂ ਨੇ ਦੁਕਾਨਾਂ ਤੁਰੰਤ ਬੰਦ ਕਰਵਾ ਦਿੱਤੀਆਂ। ਗਲੀ ਦੇ ਵਸਨੀਕਾਂ ਅਰਵਿੰਦਰ ਕੁਮਾਰ ਸ਼ਰਮਾ, ਬਿੱਟੂ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਦੋਂ ਗਲੀ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਉਦੋਂ ਤੋਂ ਇੱਥੇ ਘਰਾਂ ’ਚੋਂ ਕੂੜਾ ਲੈਣ ਕਰਮਚਾਰੀ ਨਹੀਂ ਆ ਰਹੇ ਜਿਸ ਕਰਕੇ ਘਰਾਂ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ।