ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਅਗਸਤ
ਯੂਟੀ ਦੇ ਉਚ ਸਿੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਕਾਲਜਾਂ ਦੇ ਬੀਬੀਏੇ,ਬੀਸੀਏ, ਬੀਕਾਮ, ਬੀਐਸਸੀ ਦੀ ਮੈਰਿਟ ਲਿਸਟ ਅੱਜ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਕਾਲਜਾਂ ਵਿਚ ਕਾਊਂਸਲਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿਚੋਂ ਜੀਜੀਡੀ ਐਸਡੀ ਕਾਲਜ ਸੈਕਟਰ-32 ਦੀ ਬੀਬੀਏ ਵਿਚ ਕਟਆਫ 92.2 ਫੀਸਦੀ ਗਈ ਹੈ। ਜਦਕਿ ਨਾਨ ਯੂਟੀ ਪੂਲ ਵਿਚ ਐਮਸੀਐਮ ਡੀਏਵੀ ਦੀ ਕਟਆਫ 96.4 ਫੀਸਦੀ ਰਹੀ।
ਬੀਏ ਯੂਟੀ ਪੂਲ ਦੀ ਕੱਟਆਫ ਸਰਕਾਰੀ ਕਾਲਜ ਸੈਕਟਰ-11 ਵਿਚ ਉਚੀ ਰਹੀ। ਇਸ ਤੋਂ ਇਲਾਵਾ ਐਸਡੀ ਕਾਲਜ ਦੀ ਬੀਏ ਲਈ ਕੱਟਆਫ 99.4 ਫੀਸਦੀ ਗਈ ਤੇ ਸਭ ਤੋਂ ਘੱਟ 83.6 ਫੀਸਦੀ ਵਾਲੇ ਵਿਦਿਆਰਥੀ ਨੂੰ ਦਾਖਲਾ ਮਿਲਿਆ। ਕਾਲਜ ਦੀ ਬੀਬੀਏ ਤੇ ਬੀਸੀਏ ਦੇ ਯੂਟੀ ਤੇ ਆਊਟਸਾਈਡ ਯੂਟੀ ਪੂਲ ਦੀ ਕਟਆਫ ਵੀ ਉਚੀ ਰਹੀ। ਡੀਏਵੀ ਕਾਲਜ ਵਿਚ ਬੀ ਕਾਮ ਦੀ ਕੱਟਆਫ ਯੂਟੀ ਪੂਲ ਦੀ 113.6 ਤੇ ਨਾਨ ਯੂਟੀ ਪੂਲ ਦੀ 113.4 ਫੀਸਦੀ ਰਹੀ ਜਦਕਿ ਦੂਜੇ ਪਾਸੇ ਸਰਕਾਰੀ ਕਾਲਜ ਸੈਕਟਰ-46 ਦੀ ਬੀਕਾਮ ਦੀ ਕੱਟਆਫ ਯੂਟੀ ਪੂਲ ਦੀ 112.2 ਤੇ ਨਿਊਨਤਮ 102 ਫੀਸਦ ਰਹੀ ਤੇ ਨਾਨ ਯੂਟੀ ਪੂਲ ਦੀ ਕ੍ਰਮਵਾਰ 112.6 ਤੇ 112 ਫੀਸਦੀ ਰਹੀ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਪਹਿਲੀ ਕਾਊਂਸਲਿੰਗ ਦੌਰਾਨ ਹੀ ਕਾਲਜਾਂ ਵਿਚ ਮੁੱਖ ਕੋਰਸਾਂ ਦੀਆਂ ਯੂਟੀ ਪੂਲ ਦੀਆਂ ਸੀਟਾਂ ਲਗਪਗ ਭਰ ਗਈਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸੀਟਾਂ ਕਨਫਰਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ 24 ਘੰਟੇ ਅੰਦਰ ਫੀਸ ਭਰਨੀ ਜ਼ਰੂਰੀ ਹੋਵੇਗੀ ਤੇ ਫੀਸ ਭਰਨ ਦੀ ਆਖਰੀ ਤਾਰੀਖ 19 ਅਗਸਤ ਹੈ। ਬੀਕਾਮ ਵਿਚ ਡੀਏਵੀ ਕਾਲਜ ਤੇ ਐਸਡੀ ਕਾਲਜ ਦੀ ਕਟਆਫ ਸਭ ਤੋਂ ਜ਼ਿਆਦਾ ਰਹੀ।
ਕਰੋਨਾ ਕਾਰਨ ਇਸ ਵਾਰ ਕਾਲਜਾਂ ਵਿਚ ਅੱਜ ਕਾਊਂਸਲਿੰਗ ਲਈ ਭੀੜ ਭੜੱਕਾ ਨਹੀਂ ਹੋਇਆ ਤੇ ਕਾਲਜਾਂ ਨੇ ਆਨਲਾਈਨ ਹੀ ਕਾਊਂਲਿੰਗ ਦੇ ਸੈਸ਼ਨ ਕੀਤੇ। ਕਈ ਵਿਦਿਆਰਥੀਆਂ ਨੇ ਉਚ ਸਿੱਖਿਆ ਵਿਭਾਗ ਦੀ ਵੈਬਸਾਈਟ ਵਿਚ ਵੱਖਰੇ ਵੱਖਰੇ ਕਾਲਜਾਂ ਦੇ ਲਿੰਕ ਜਾਮ ਹੋਣ ਦੀ ਸ਼ਿਕਾਇਤ ਵੀ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਨਾਨ ਯੂਟੀ ਪੂਲ ਦੀ ਕਾਊਂਸਲਿੰਗ 19 ਅਗਸਤ ਨੂੰ ਹੋਵੇਗੀ ਤੇ ਆਨਲਾਈਨ ਕਾਊਂਸਲਿੰਗ ਦਾ ਦੂਜਾ ਸੈਸ਼ਨ 25 ਅਗਸਤ ਤੋਂ ਸ਼ੁਰੂ ਹੋਵੇਗਾ।