ਗੁਰਿੰਦਰ ਸਿੰਘ
ਲੁਧਿਆਣਾ, 2 ਸਤੰਬਰ
ਜਾਗ੍ਰਿਤੀ ਸੈਨਾ ਵੱਲੋਂ ਅੱਜ ਪਿਛਲੇ ਚਾਰ ਵਰ੍ਹਿਆਂ ਤੋਂ ਉਸਾਰੀ ਲਈ ਲਟਕ ਰਹੇ ਜਗਰਾਉਂ ਪੁੱਲ ਵਿੱੱਚ ਅਨੋਖਾ ਪ੍ਰਦਰਸ਼ਨ ਕਰਕੇ ਸੱਤਾਧਾਰੀ ਅਤੇ ਵਿਰੋਧੀ ਧਿਰ ਸਮੇਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੁਲ ਨੂੰ ਸੂਰਬੀਰ ਦਾ ਨਾਮ ਦਿੱਤਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਬੈਨਰ ਲਗਾਏ ਗਏ। ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੀ ਅਗਵਾਈ ਹੇਠ ਵਰਕਰਾਂ ਨੇ ਰੋਸ ਪ੍ਰਗਟ ਕਰਦਿਆਂ ਅੱਧ ਬਣੇ ਪੁੱਲ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਸੰਗਠਨ ਵੱਲੋਂ ਜੋ ਬੈਨਰ ਲਗਾਏ ਗਏ ਹਨ ਉਨ੍ਹਾਂ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀਆਂ ਤਸਵੀਰਾਂ ਸ਼ਾਮਿਲ ਹਨ। ਇਸ ਮੌਕੇ ਪ੍ਰਵੀਨ ਡੰਗ ਨੇ ਕਿਹਾ ਕਿ ਪੁਲ ਦਾ ਅੱਧ ਵਿਚਕਾਰ ਲਟਕਣ ਲਈ ਸੱਤਾਧਾਰੀ ਅਤੇ ਵਿਰੋਧੀ ਧਿਰ ਬਰਾਬਰ ਦੀਆਂ ਜ਼ਿੰਮੇਵਾਰ ਹਨ ਅਤੇ ਕੋਈ ਵੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾ ਰਿਹਾ ਅਤੇ ਕਰੋਨਾ ਦਾ ਡਰ ਵਿਖਾ ਕੇ ਆਪਣੇ ਘਰਾਂ ਵਿੱਚ ਲੁੱਕ ਕੇ ਬੈਠੇ ਹੋਏ ਹਨ ਅਤੇ ਜਨਤਾ ਸੜਕਾਂ ’ਤੇ ਪ੍ਰੇਸ਼ਾਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲ ਦਾ ਨਿਰਮਾਣ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਜਾਗ੍ਰਿਤੀ ਸੈਨਾ ਵੱਲੋਂ ਇਨ੍ਹਾਂ ਆਗੂਆਂ ਦੇ ਘਰ ਸਾਹਮਣੇ ਉਨ੍ਹਾਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਬੰਗਾ, ਰਾਜੇਸ਼ ਸ਼ਰਮਾ, ਸਚਿਨ ਬਜਾਜ ਅਤੇ ਯੋਗੇਸ਼ ਧੀਮਾਨ ਵੀ ਹਾਜ਼ਰ ਸਨ।