ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਗਸਤ
ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਅਪੂਰਵਾਨੰਦ ਤੋਂ ਉੱਤਰ-ਪੂਰਬੀ ਦਿੱਲੀ ’ਚ ਫਰਵਰੀ 2020 ਨੂੰ ਹੋਏ ਦੰਗਿਆਂ ਦੇ ਸਬੰਧ ’ਚ ਕਰੀਬ 5 ਘੰਟੇ ਪੁੱਛ-ਪੜਤਾਲ ਕੀਤੀ ਗਈ।
ਦਿੱਲੀ ਪੁਲੀਸ ਦੇ ਸੂਤਰਾਂ ਮੁਤਾਬਕ ਪ੍ਰੋ. ਅਪੂਰਵਾਨੰਦ ਤੋਂ ਬੀਤੇ ਦਿਨ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਅਤੇ ਦਸੰਬਰ 2019 ਨੂੰ ਜਾਮੀਆ ਮਿਲੀਆ ਇਸਲਾਮੀਆ ਨੇੜੇ ਹੋਈ ਹਿੰਸਾ ਸਮੇਂ ਉਹ ਕਿੱਥੇ ਸਨ? ਪੁਲੀਸ ਨੇ ਉਨ੍ਹਾਂ ਦੇ ਪਿੰਜਰਾ ਤੋੜ ਸੰਸਥਾ ਤੇ ਜਾਮੀਆ ਤਾਲਮੇਲ ਕਮੇਟੀ ਨਾਲ ਸਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਉੱਧਰ ਪ੍ਰੋ. ਅਪੂਰਵਾਨੰਦ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਅੱਗੇ ਉੱਤਰ-ਪੂਰਬੀ ਦਿੱਲੀ ’ਚ ਫਰਵਰੀ ਮਹੀਨੇ ਹੋਏ ਦੰਗਿਆਂ ਨਾਲ ਜੁੜੀ ਐੱਫਆਈਆਰ ਦੀ ਜਾਂਚ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਤੋਂ 5 ਘੰਟੇ ਪੁੱਛ-ਪੜਤਾਲ ਕੀਤੀ ਗਈ ਤੇ ਇਸ ਦੌਰਾਨ ਪੁਲੀਸ ਨੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੂੰ ਸਹਿਯੋਗ ਕਰਦੇ ਹੋਏ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪੁਲੀਸ ਜਾਂਚ ਦੌਰਾਨ ਹਿੰਸਾ ਭੜਕਾਉਣ ਵਾਲੇ ਅਪਰਾਧੀਆਂ ’ਤੇ ਧਿਆਨ ਕੇਂਦਰਤ ਕਰੇਗੀ ਜੋ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਗਟਾਉਣ ਵਾਲੇ ਤੇ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਖ਼ਿਲਾਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਧ ਐਕਟ ਪਾਸ ਕਰਨ ਤੇ ਕੇਂਦਰ ਸਰਕਾਰ ਦੇ ਐੱਨਆਰਸੀ (ਕੌਮੀ ਜਨਸੰਖਿਆ ਰਜਿਸਟਰ) ਤੇ ਐੱਨਪੀਆਰ (ਕੌਮੀ ਨਾਗਰਿਕਤਾ ਰਜਿਸਟਰ) ਦੇ ਫ਼ੈਸਲੇ ਉੱਪਰ ਅਸਿਹਮਤੀ ਜ਼ਾਹਿਰ ਕਰਦੇ ਹੋਏ ਸੰਵਿਧਾਨਕ ਤਰੀਕਿਆਂ ਨਾਲ ਲੋਕਤੰਤਰੀ ਹੱਕਾਂ ਦਾ ਦਾਅਵਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰੇਸ਼ਾਨ ਕਰਨ ਤੇ ਸਤਾਉਣ ਦਾ ਇਹ ਕਾਰਨ ਨਹੀਂ ਬਣਨਾ ਚਾਹੀਦਾ। ਉਨ੍ਹਾਂ ਪੁਲੀਸ ਨੂੰ ਅਪੀਲ ਕੀਤੀ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਤੇ ਨਿਆਂਪੂਰਨ ਹੋਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਜ਼ਿਕਰਯੋਗ ਹੈ ਕਿ ਮਾਰਚ ’ਚ ਇਹ ਕੇਸ ਦਰਜ ਕੀਤਾ ਗਿਆ ਸੀ ਜੋ ਵਿਸ਼ੇਸ਼ ਸੈੱਲ ਨੂੰ ਤਬਦੀਲ ਕਰ ਦਿੱਤਾ ਗਿਆ। ਇਸ ਕੇਸ ਨੂੰ ਬਾਅਦ ਵਿੱਚ ਕਿਸੇ ਵੱਡੀ ਸਾਜ਼ਿਸ਼ ਦੀ ਜਾਂਚ ਕਰਨ ਦੇ ਮੱਦੇਨਜ਼ਰ ‘ਯੂਏਪੀਏ’ ਨਾਲ ਜੋੜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਹਿੰਸਾ ਦੀ ਜਾਂਚ ਦੌਰਾਨ ਪਾਪੂਲਰ ਫਰੰਟ ਆਫ਼ ਇੰਡੀਆ, ਜਾਮੀਆ ਤਾਲਮੇਲ ਕਮੇਟੀ, ਆਈਸਾ ਸਮੇਤ ਦਿੱਲੀ ’ਵਰਸਿਟੀ ਤੇ ਜੇਐੱਨਯੂ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀ ਪੁਲੀਸ ਦੇ ਨਿਸ਼ਾਨੇ ਉੱਪਰ ਹਨ। ਬੀਤੇ ਦਿਨ ਦਿੱਲੀ ਪੁਲੀਸ ਨੇ ਨਿਗਮ ਕੌਂਸਲਰ ਤਾਹਿਰ ਹੁਸੈਨ ਦਾ ਕਬੂਲਨਾਮਾ ਵੀ ਜਾਰੀ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਉਹ ਹਿੰਸਾ ਵਿੱਚ ਸ਼ਾਮਲ ਸੀ।