ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 17 ਅਗਸਤ
ਕਸਬਾ ਕਾਹਨੂੰਵਾਨ ਵਿੱਚ ਹਲਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕੁਝ ਚੋਣਵੇਂ ਕਾਂਗਰਸੀਆਂ ਅਤੇ ਪੱਤਰਕਾਰਾਂ ਦਾ ਗੱਲਬਾਤ ਕਰਦਿਆਂ ਕਿਹਾ ਕਿ ਕਸਬੇ ਵਿੱਚ 2 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜਿਸ ਵਿੱਚੋਂ ਹੁਣ ਤੱਕ 50 ਲੱਖ ਰੁਪਏ ਦੀ ਰਾਸ਼ੀ ਨਾਲ ਕਾਫ਼ੀ ਕੰਮ ਮੁਕੰਮਲ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਵਿੱਚ ਵਿਕਾਸ ਕੰਮ ਹੋਏ ਵਿਕਾਸ ਕੰਮਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਉਨ੍ਹਾਂ 2 ਹੋਰ ਥਾਵਾਂ ’ਤੇ ਵੀ ਮੁਕੰਮਲ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਐੱਸ ਐੱਸ ਬੋਰਡ ਪੰਜਾਬ ਦੇ ਚੇਅਰਮੈਨ ਭੁਪਿੰਦਰਪਾਲ ਸਿੰਘ ਵਿੱਟੀ, ਬੀਡੀਪੀਓ ਸੁਖਜਿੰਦਰ ਸਿੰਘ, ਠਾਕੁਰ ਸੁਖਜਿੰਦਰ ਸਿੰਘ, ਸਾਬਕਾ ਸਿੱਖਿਆ ਅਫ਼ਸਰ ਈਸ਼ਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਾਂਗਰਸੀ ਅਤੇ ਬੀਡੀਪੀਓ ਦਫ਼ਤਰ ਕਰਨਾਲ ਦੇ ਕਰਮਚਾਰੀ ਵੀ ਹਾਜ਼ਰ ਸਨ।
ਵਿਧਾਇਕ ਗਿਲਜੀਆਂ ਵੱਲੋਂ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਅੱਜ ਸ਼ਹਿਰ ਦੇ ਸੀਵਰੇਜ ਨੂੰ ਮੁਕੰਮਲ ਕਰਨ ਲਈ 8 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪੰਜਾਬ ਸੀਵਰੇਜ ਬੋਰਡ ਚੇਅਰਮੈਨ ਪਰਗਟ ਸਿੰਘ ਧੁੰਨਾ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਉੜਮੁੜ, ਟਾਂਡਾ, ਅਹੀਆਪੁਰ, ਦਾਰਾਪੁਰ ਅਤੇ ਬਸਤੀ ਅੰਮ੍ਰਿਤਸਰੀਆ ਵਿੱਚ ਜਿੱਥੇ-ਜਿੱਥੇ ਵੀ ਸੀਵਰੇਜ ਅਧੂਰਾ ਹੈ, ਉੱਥੇ ਇਸ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਐਕਸੀਅਨ ਅਸ਼ੀਸ਼ ਰਾਏ, ਐੱਸਡੀਓ ਡੀਕੇ ਭੰਡਾਰੀ, ਦਲਜੀਤ ਸਿੰਘ ਗਿਲਜੀਆਂ, ਰਵਿੰਦਰ ਪਾਲ ਸਿੰਘ ਗੋਰਾ ਅਤੇ ਦੇਸ ਰਾਜ ਡੋਗਰਾ ਵੀ ਮੌਜੂਦ ਸਨ।