ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਗਸਤ
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ, ਆਲੇ ਦੁਆਲੇ ਦੀ ਸੁੰਦਰਤਾ ਅਤੇ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਲਈ ਵੱਡੇ ਪੱਧਰ ’ਤੇ ਰੁੱਖ ਲਗਾਉਣ ਦੀ ਲੋੜ ਹੈ। ਉਹ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਨਵੇਂ ਉਸਾਰੇ ਗਏ ਦੀਵਾਨ ਹਾਲ ਦੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਅਤੇ ਵੱਖ ਵੱਖ ਤਰ੍ਹਾਂ ਦੇ ਸਜਾਵਟੀ ਰੁੱਖ ਲਗਾਉਣ ਦੀ ਮੁਹਿੰਮ ਅਰੰਭ ਕਰਨ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਣੀ, ਆਵਾਜ਼ ਅਤੇ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਭਵਿੱਖ ਲਈ ਵੱਡੀ ਚੁਣੌਤੀ ਬਣਦਾ ਨਜ਼ਰ ਆ ਰਿਹਾ ਹੈ। ਇਸ ਨੂੰ ਬਚਾਉਣ ਲਈ ਗੰਭੀਰ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਪੀਏਯੂ ਦੇ ਡਾ. ਪਰਮਿੰਦਰ ਸਿੰਘ ਅਤੇ ਡਾ. ਜੁਗਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਬੈਨੀਪਾਲ, ਡਾ. ਸੁਖਦੇਵ ਸਿੰਘ, ਬਲਬੀਰ ਸਿੰਘ, ਜਗੀਰ ਸਿੰਘ, ਪਵਿੱਤਰ ਸਿੰਘ ਅਤੇ ਕੁਲਵੰਤ ਸਿੰਘ ਪਨੇਸਰ ਹਾਜ਼ਰ ਸਨ।