ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਇਥੋਂ ਦੇ ਕਾਂਗਰਸੀ ਵਿਧਾਇਕ ਅਤੇ ਸਿਵਲ ਹਸਪਤਾਲ ਦੀ ਮਹਿਲਾ ਮੈਡੀਕਲ ਅਫ਼ਸਰ ਦਰਮਿਆਨ ਤਕਰਾਰਬਾਜ਼ੀ ਮਗਰੋਂ ਮਹਿਲਾ ਡਾਕਟਰ ਦਾ ਸਿਆਸੀ ਦਬਾਅ ਹੇਠ ਲੁਧਿਆਣਾ ਤਬਾਦਲਾ ਕਰ ਦਿੱਤਾ ਗਿਆ ਸੀ ਪਰ ਸਰਕਾਰੀ ਡਾਕਟਰਾਂ ਦੀ ਪੀਸੀਐੱਮਐੱਸ ਜਥੇਬੰਦੀ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਤੋਂ ਬਾਅਦ ਸਰਕਾਰ ਨੂੰ ਝੁਕਣਾ ਪਿਆ। ਵਿਭਾਗ ਨੇ ਅੱਜ ਡਾਕਟਰ ਦੀ ਬਦਲੀ ਰੱਦ ਕਰ ਦਿੱਤੀ ਹੈ। ਇਸ ਮਗਰੋਂ ਡਾਕਟਰਾਂ ਨੇ ਜੇਤੂ ਰੈਲੀ ਕੱਢ ਕੇ ਸੰਘਰਸ਼ ਮੁਲਤਵੀ ਕਰਨ ਦਾ ਐਲਾਨ ਕੀਤਾ।
ਸਿਵਲ ਸਰਜਨ ਡਾ.ਅਮਨਪ੍ਰੀਤ ਕੌਰ ਬਾਜਵਾ ਨੇ ਧਰਨਾਕਾਰੀ ਡਾਕਟਰਾਂ ਤੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਨੇਹਾ ਦਿੱਤਾ ਹੈ ਕਿ ਮਹਿਲਾ ਡਾਕਟਰ ਰਿਤੂ ਜੈਨ ਨੂੰ ਸਿਵਲ ਹਸਪਤਾਲ ਵਿਚ ਬਤੌਰ ਮੈਡੀਕਲ ਅਫ਼ਸਰ ਦੀ ਡਿਊਟੀ ਤੋਂ ਫ਼ਾਰਗ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਬਦਲੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਅਤੇ ਜੇਤੂ ਰੈਲੀ ਕੱਢੀ ਗਈ।
ਪੀਸੀਐੱਮਐੱਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ, ਡਾ.ਇੰਦਰਵੀਰ ਸਿੰਘ ਗਿੱਲ, ਡਾ.ਸੰਜੀਵ ਜੈਨ, ਡਾ.ਰਿਤੂ ਜੈਨ ਅਤੇ ਸਿਹਤ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂ ਮਹਿੰਦਰ ਪਾਲ ਲੂੰਬਾ, ਕੁਲਬੀਰ ਸਿੰਘ ਢਿੱਲੋਂ, ਗੁਰਜੰਟ ਸਿੰਘ ਮਾਹਲਾ, ਗੁਰਬਚਨ ਸਿੰਘ, ਚਮਨ ਲਾਲ ਸੰਘੋਲੀਆ ਨੇ ਕਿਹਾ ਕਿ ਸੰਘਰਸ਼ ਕਾਰਨ ਹੀ ਜਿੱਤ ਹਾਸਲ ਹੋਈ ਹੈ। ਇਸ ਮੌਕੇ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਇਹ ਕੋਈ ਆਖ਼ਰੀ ਸੰਘਰਸ਼ ਨਹੀਂ ਹੈ, ਲੜਾਈ ਅਜੇ ਬਹੁਤ ਲੰਬੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਾਰਨ ਹੀ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ਹੈ।