ਭਗਤ ਸਿੰਘ ਦੀ ਸਿਆਸਤ
15 ਅਗਸਤ ਨੂੰ ਸਮਰਪਿਤ ਵਿਸ਼ੇਸ਼ ਅੰਕ ਵਿਚ ਗੁਲਜ਼ਾਰ ਸਿੰਘ ਸੰਧੂ ਨੇ ਆਪਣੀ ਰਚਨਾ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਗ਼ੁਲਾਮ ਹਿੰਦੁਸਤਾਨ’ ਵਿਚ ਸੱਚ ਬਿਆਨਿਆ ਹੈ ਿਕ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਭਾਵੇਂ ਅਣਗਿਣਤ ਸੂਰਬੀਰਾਂ ਨੇ ਆਪਣੀਆਂ ਲਾਸਾਨੀ ਕੁਰਬਾਨੀਆਂ ਦਿੱਤੀਆਂ, ਪਰ ‘ਸ਼ਹੀਦ-ਏ-ਆਜ਼ਮ’ ਵਜੋਂ ਜਾਣੇ ਜਾਣ ਦਾ ਗੌਰਵ ਕੇਵਲ ਭਗਤ ਸਿੰਘ ਦੇ ਹਿੱਸੇ ਆਇਆ। ਭਗਤ ਸਿੰਘ ਦਾ ਇਹ ਵਿਚਾਰ ਸੀ ਕਿ ਅੰਗਰੇਜ਼ ਉਦੋਂ ਤੱਕ ਭਾਰਤ ਛੱਡ ਕੇ ਨਹੀਂ ਜਾਣਗੇ ਜਦੋਂ ਤੱਕ ਉਨ੍ਹਾਂ ਨੂੰ ਇੱਥੋਂ ਜਾਣ ਲਈ ਮਜਬੂਰ ਨਾ ਕਰ ਦਿੱਤਾ ਜਾਵੇ, ਪਰ ਆਜ਼ਾਦੀ ਪ੍ਰਾਪਤੀ ਦੀ ਇੱਛਾ ਦੇ ਨਾਲ ਹੀ ਉਸ ਦੇ ਮਨ ਵਿਚ ਇਹ ਬੇਚੈਨੀ ਵੀ ਸੀ, ਜੋ ਉਸ ਦੇ ਸਾਹਮਣੇ ਪ੍ਰਸ਼ਨ ਵਾਂਗ ਵਾਰ-ਵਾਰ ਆ ਖਲੋਂਦੀ ਸੀ- ਕੀ ਭਾਰਤ ਦੇਸ਼ ਅੰਗਰੇਜ਼ਾਂ ਦੇ ਜਾਣ ਉਪਰੰਤ ਪੂਰੀ ਤਰ੍ਹਾਂ ਆਜ਼ਾਦ ਹੋ ਜਾਵੇਗਾ? ਕੀ ਗ਼ਰੀਬ ਅਤੇ ਦੁਖਿਆਰੇ-ਦੁਰਕਾਰੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਮਿਲ ਜਾਣਗੇ? ਉਸ ਲਈ ਅਸਲੀ ਆਜ਼ਾਦੀ ਦਾ ਅਰਥ ਸਮਾਜਵਾਦੀ ਭਾਰਤ ਦੀ ਸਥਾਪਨਾ ਕਰਨਾ ਸੀ, ਜਿਸ ਵਿਚ ਬਰਾਬਰੀ ਅਤੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਦੀ ਕਲਪਨਾ ਸ਼ਾਮਲ ਸੀ।
ਹਰਗੁਣਪ੍ਰੀਤ ਸਿੰਘ, ਪਟਿਆਲਾ
ਕਾਰਪੋਰੇਟ ਜਗਤ ਅਤੇ ਆਮ ਲੋਕ
17 ਅਗਸਤ ਨੂੰ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ‘ਕੇਂਦਰ ਵੱਲੋਂ ਕਾਰਪੋਰੇਟਾਂ ਨੂੰ ਗੱਫਿਆਂ ਦੀ ਤਿਆਰੀ’ ਪੜ੍ਹਿਆ। ਸੱਚਮੁਚ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਕਾਰਪੋਰੇਟ ਜਗਤ ਦੀ ਹਮਾਇਤੀ ਰਹੀ ਹੈ ਅਤੇ ਇੰਜ ਮਹਿਸੂਸ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਨਹੀਂ, ਸਗੋਂ ਵੱਡੇ-ਵੱਡੇ ਅਮੀਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਤੇ ਨੁਮਾਇੰਦਗੀ ਕਰਨ ’ਚ ਲੱਗੀ ਹੋਈ ਹੈ। ਅੱਜ ਕਿਸਾਨ, ਛੋਟੇ ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ ਸਭ ਦੀ ਮਾਲੀ ਹਾਲਤ ਬੇਹੱਦ ਤਰਸਯੋਗ ਹੈ ਪਰ ਕੇਂਦਰ ਸਰਕਾਰ ਨੂੰ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ। ਕੇਂਦਰ ਸਰਕਾਰ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੇ ਗੱਫੇ ਲੁਟਾਉਣ ਦੀ ਬਜਾਏ ਆਮ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ, ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਆਤਮ-ਹੱਤਿਆਵਾਂ ਕਰਨ ਨੂੰ ਮਜਬੂਰ ਹੋ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿਚ ਮੋਹਰੀ ਰੋਲ ਦੇਣਾ ਚਾਹੀਦਾ ਹੈ।
ਯਸ਼ਪਾਲ ਮਾਹਵਰ, ਸ੍ਰੀ ਮੁਕਤਸਰ ਸਾਹਿਬ
ਡਾ. ਅੰਬੇਡਕਰ ਅਤੇ ਪਾਕਿਸਤਾਨ
15 ਅਗਸਤ ਦੇ ਅੰਕ ਵਿਚ ਸਾਰੇ ਲੇਖ ਜਾਣਕਾਰੀ ਭਰਪੂਰ ਅਤੇ ਿਦਲਚਸਪ ਸਨ। ਹਰੀਸ਼ ਪੁਰੀ ਦੇ ਲੇਖ ‘1947 ਪੰਜਾਬ ਦੀ ਵੰਡ: ਅਛੂਤ ਦਲਿਤਾਂ ਦੀ ਹੋਣੀ’ ਵਿਚ ਪਾਕਿਸਤਾਨ ਬਾਰੇ ਡਾਕਟਰ ਬੀਆਰ ਅੰਬੇਡਕਰ ਦੇ ਵਿਚਾਰ ਪਹਿਲੀ ਵਾਰ ਸਾਹਮਣੇ ਆਏ ਹਨ। 23 ਮਾਰਚ 1940 ਨੂੰ ਲਾਹੌਰ ਵਿਚ ਮੁਸਲਿਮ ਲੀਗ ਦੁਆਰਾ ਪਾਕਿਸਤਾਨ ਬਣਾਉਣ ਦੀ ਮੰਗ ਦਾ ਮਤਾ ਪਾਸ ਹੋਣ ਤੋਂ ਬਾਅਦ ਡਾ. ਅੰਬੇਡਕਰ ਨੇ ਦਸੰਬਰ 1940 ਵਿਚ ਇਸ ਬਾਰੇ ਆਪਣੀ ਕਿਤਾਬ ‘ਥੌਟਸ ਔਨ ਪਾਕਿਸਤਾਨ’ (ਪਾਕਿਸਤਾਨ ਬਾਰੇ ਵਿਚਾਰ) ਛਪਵਾਈ ਸੀ। ਲੇਖਕ ਅਨੁਸਾਰ ਉਨ੍ਹਾਂ ਨੇ ਪਾਕਿਸਤਾਨ ਬਣਾਉਣਾ ਲਾਜ਼ਮੀ ਦੱਿਸਆ ਸੀ ਅਤੇ ਉਹ ਆਪਣੇ ਆਪ ਨੂੰ ‘ਪਾਕਿਸਤਾਨ ਦਾ ਫਿ਼ਲਾਸਫ਼ਰ’ ਐਲਾਨ ਕੇ ਇਹ ਕਹਿੰਦੇ ਸਨ: ‘‘ਇਹ ਮੇਰੀ ਕਿਤਾਬ ਹੀ ਸੀ, ਜਿਸ ਨੇ ਜਿਨਾਹ ਨੂੰ ਪਾਕਿਸਤਾਨ ਦੀ ਮੰਗ ਬਾਰੇ ਵਿਚਾਰ ਅਤੇ ਨੁਕਤੇ ਸੁਝਾਏ ਸਨ।’’ ਇਨ੍ਹਾਂ ਤੱਥਾਂ ਦੀ ਸਚਾਈ ਬਾਰੇ ਹੋਰ ਅੱਗੇ ਘੋਖ ਹੋਣੀ ਚਾਹੀਦੀ ਹੈ।
ਬਸੰਤ ਸਿੰਘ ਬਰਾੜ, ਬਠਿੰਡਾ
ਧੀਆਂ ਦੇ ਗੀਤ
15 ਅਗਸਤ ਨੂੰ ਇੰਟਰਨੈੱਟ ’ਤੇ ਸਤਰੰਗ ਮੈਗਜ਼ੀਨ ’ਤੇ ਕਰਨੈਲ ਸਿੰਘ ਸੋਮਲ ਦਾ ਲੇਖ ‘ਧੀਆਂ ਜੰਮੀਆਂ ਦੇ ਸੁਖ’ ਪੜ੍ਹਿਆ। ਉਨ੍ਹਾਂ ਬਦਲ ਰਹੀ ਸੋਚ ਦੇ ਆਧਾਰ ’ਤੇ ਧੀਆਂ ਦੇ ਦੁੱਖ ਨੂੰ ਸੁਖ ਵਿਚ ਬਦਲ ਕੇ ਧੀਆਂ ਦੇ ਹੱਕ ਵਿਚ ਵਜ਼ਨ ਦਿੱਤਾ ਹੈ। 1990 ਤੋਂ ਲੈ ਕੇ 2000 ਤੱਕ ਦੇ ਅੰਦਾਜ਼ਨ ਸਮੇਂ ਵਿਚ ਪੰਜਾਬ ‘ਕੁੜੀ ਮਾਰ’ ਬਣ ਗਿਆ ਸੀ। ਇਨ੍ਹਾਂ ਸਮਿਆਂ ’ਚ ਮੈਂ ਪੰਜਾਬੀਆਂ ਦੀਆਂ ਧੀਆਂ ਸਬੰਧੀ ਮਾਨਸਿਕਤਾ ਅਤੇ ਲੋਕ-ਗੀਤਾਂ ਨੂੰ ਛਾਣਿਆ; ਧੀ ਜੰਮਣ ਦੇ ਹੱਕ ਵਿਚ ਕੋਈ ਹੇਕ ਨਹੀਂ ਲੱਭੀ। ‘ਇਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤਾ ਕਰਦਾ’ ਆਦਿ ਦੀ ਭਰਮਾਰ ਸੀ। ਮਹਿਸੂਸ ਹੋਇਆ, ਪੰਜਾਬੀ ਬਜ਼ੁਰਗਾਂ ਨੇ ਧੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਦੋ ਨੰਬਰ ’ਤੇ ਰੱਖਿਆ। ਕੇਵਲ ਇਕ ਲੋਕ-ਗੀਤ ਦੀ ਤੁਕ ਹੀ ਮਿਲੀ, ਜਿਸ ਵਿਚੋਂ ‘ਧੀ ਦੇ ਜੀ ਆਇਆਂ’ ਦੇ ਦਰਸ਼ਨ ਹੁੰਦੇ ਹਨ: ਜੀ ਵੀਰਾ ਜੀ! ਤੈਂਡੇ ਘਰ ਜੰਮੇ ਧੀ। ਮੇਰੀ ਲੱਗੇ ਸਕੀ ਭਤੀਜੀ। ਮੈਨੂੰ ਆਖੇ ਭੂਆ ਜੀ! … ਇਹ ਤੁਕ ਵੀ ਧੀ ਵੱਲੋਂ ਹੈ। ਧੀਆਂ ਦੀਆਂ ਪ੍ਰਾਪਤੀਆਂ ਤੇ ਮਾਪਿਆਂ ਵੱਲੋਂ ਦਿੱਤਾ ਲਾਡ ਪਿਆਰ ਵਿਤਕਰੇ ਨੂੰ ਖ਼ਤਮ ਕਰਨ ਵੱਲ ਵਧ ਰਿਹਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਡਾ. ਕਰਨੈਲ ਿਸੰਘ ਸੋਮਲ ਦੀ ਰਚਨਾ ‘ਧੀਆਂ ਜੰਮੀਆਂ ਦੇ ਸੁਖ’ ਕਾਰਗਰ ਸੁਨੇਹਾ ਦੇਣ ਵਾਲੀ ਲਿਖਤ ਹੈ। ਧੀਆਂ-ਪੁੱਤਰਾਂ ਦੀ ਇਕੋ ਜਿਹੀ ਪਰਵਰਿਸ਼ ਨਾਲ ਸਮਾਜਿਕ ਤਾਣੇ-ਬਾਣੇ ’ਚੋਂ ਗਾਇਬ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਜੇ ਹਰ ਕੋਈ ਲੇਖ ’ਚ ਜ਼ਿਕਰ ਕੀਤੀ ਸੋਚ ਅਤੇ ਨਜ਼ਰੀਆ ਅਪਣਾ ਲਵੇ ਤਾਂ ਕਈ ਬੁਰਾਈਆਂ ਤੋਂ ਸਹਿਜੇ ਹੀ ਛੁਟਕਾਰਾ ਮਿਲ ਜਾਵੇਗਾ।
ਪਰਮਬੀਰ ਕੌਰ, ਲੁਧਿਆਣਾ
ਲੀਡਰਸ਼ਿਪ ਦਾ ਮਸਲਾ
13 ਅਗਸਤ ਨੂੰ ਡਾ. ਅਸ਼ਵਨੀ ਕੁਮਾਰ ਦੀ ਲਿਖਤ ‘ਕਿਹੋ ਜਿਹੀ ਹੋਵੇ ਦੁਨੀਆਂ ਦੀ ਲੀਡਰਸ਼ਿਪ’ ਪੜ੍ਹੀ। ਲੇਖਕ ਅੱਜ ਦੇ ਪ੍ਰਸੰਗ ਵਿਚ ਬਿਲਕੁਲ ਦਰੁਸਤ ਹਨ। ਅੱਜ ਦੀ ਲੀਡਰਸ਼ਿਪ ਸਮੂਹਿਕ ਲੋਕਾਈ ਨੂੰ ਜਵਾਬਦੇਹ ਹੋਣ ਦੀ ਬਜਾਏ, ਆਪਣੇ ਆਪ ਨੂੰ ਹੀ ਸਰਬਵਿਆਪਕ ਮੰਨ ਜਵਾਬ ਦਿੰਦੀ ਪ੍ਰਤੀਤ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਨਿਆਂ ਅਤੇ ਸਹੂਲਤਾਂ ਦੀ ਵਧੇਰੇ ਜ਼ਰੂਰਤ ਹੈ, ਉਨ੍ਹਾਂ ਵੱਲ ਤਵੱਜੋ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਨਾਬਰਾਬਰੀ ਦਾ ਪਾੜਾ ਦਿਨੋ-ਦਿਨ ਵਧ ਰਿਹਾ ਹੈ। ਚੰਗੀ ਅਤੇ ਜਵਾਬਦੇਹ ਲੀਡਰਸ਼ਿਪ ਸਮਾਜ, ਦੇਸ਼ ਅਤੇ ਸੰਸਾਰ ਲਈ ਸੁੱਖ, ਸ਼ਾਂਤੀ, ਖੇੜਾ ਅਤੇ ਅਨੰਦ ਲਿਆ ਸਕਦੀ ਹੈ।
ਨਾਇਬ ਸਿੰਘ ਬਹਿਣੀਵਾਲ, ਈਮੇਲ