ਪੱਤਰ ਪ੍ਰੇਰਕ
ਭੁੱਚੋ ਮੰਡੀ, 25 ਅਗਸਤ
ਕਾਂਗਰਸ ਪਾਰਟੀ ਨੇ ਵਿਕਾਸ ਕੰਮਾਂ ਵਿੱਚ ਤੇਜ਼ੀ ਦਿਖਾ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਹੁਣੇ ਤੋਂ ਹੀ ਤਿਆਰੀ ਵਿੱਢ ਦਿੱਤੀ ਹੈ। ਇਸ ਦੇ ਤਹਿਤ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਭੁੱਚੋ ਮੰਡੀ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਅਤੇ ਹੱਲ ਕਰਵਾਈਆਂ ਜਾ ਰਹੀਆਂ ਸਮੱਸਿਆਵਾਂ ਦਾ ਹਵਾਲਾ ਦੇ ਕੇ ਵੋਟ ਬੈਂਕ ਨੂੰ ਪੈਰਾਂ ਸਿਰ ਕਰਨ ਦਾ ਯਤਨ ਕੀਤਾ। ਇਸ ਮੌਕੇ ਵਿਧਾਇਕ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਆਪਣੀ ਸਰਕਾਰ ਤੋਂ ਮਗਨਰੇਗਾ ਦੀ ਤਰਜ਼ ’ਤੇ ਗਰੀਬ ਔਰਤਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਵਾ ਦੇਣ। ਵਾਰਡ ਨੰਬਰ 5 ਦੇ ਵਾਸੀਆਂ ਨੇ ਮੰਗ ਪੱਤਰ ਦੇ ਕੇ ਰਿਹਾਇਸ਼ੀ ਮਕਾਨਾਂ ਵਿੱਚ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਅਤੇ ਖੋਖੇ ਚੁਕਵਾਉਣ ਦੀ ਮੰਗ ਕੀਤੀ। ਇਸ ਸਬੰਧੀ ਵਿਧਾਇਕ ਨੇ ਚੌਕੀ ਇੰਚਾਰਜ਼ ਨੂੰ ਹਦਾਇਤ ਜਾਰੀ ਕਰ ਦਿੱਤੀ।
ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਬਠਿੰਡਾ(ਪੱਤਰ ਪ੍ਰੇਰਕ): ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਗੋਨਿਆਣਾ ਬਲਾਕ ਦੇ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਲੱਖਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਨੇ ਕੋਠੇ ਫੂਲਾ ਸਿੰਘ ’ਚ ਨਵੇਂ ਕਮਰਿਆਂ, ਕੋਠੇ ਲਾਲ ਸਿੰਘ ਵਾਲਾ ਵਿੱਚ ਛੱਪੜ ਦੀ ਚਾਰਦੀਵਾਰੀ, ਕੋਠੇ ਸੰਧੂਆ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ ਜਦਕਿ ਕੋਠੇ ਕੌਰ ਸਿੰਘ ਤੇ ਦਾਨ ਸਿੰਘ ਵਾਲਾ ਦੇ ਨਵੇਂ ਬਣੇ ਬੱਸ ਅੱਡਿਆਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਬਲਹਾੜ ਮਹਿਮਾ, ਆਕਲੀਆ ਕਲਾਂ, ਅਕਲੀਆ ਖੁਰਦ ਤੇ ਕਿਲੀ ਨਿਹਾਲ ਸਿੰਘ ਵਾਲਾ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।