ਮਾਨਸਾ: ਨੰਬਰਦਾਰ ਯੂਨੀਅਨ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨੰਬਰਦਾਰ ਭਵਨ ਵਿੱਚ ਧਰਨਾ ਦਿੱਤਾ ਗਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਨੰਬਰਦਾਰਾਂ ਦਾ ਮਾਣਭੱਤਾ ਸਹੀ ਸਮੇਂ-ਸਿਰ ਨਹੀਂ ਪਾਇਆ ਜਾਂਦਾ ਅਤੇ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਾਜ਼ਰ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਨੰਬਰਦਾਰਾਂ ਨੂੰ 2000/-ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ,ਪਰ ਮਾਣ ਭੱਤਾ ਤਾਂ ਕੀ ਦੇਣਾ ਸੀ ਜੋ ਪਹਿਲਾਂ ਮਾਣ ਭੱਤਾ ਦਿੱਤਾ ਜਾਂਦਾ ਸੀ,ਉਹ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਨੰਬਰਦਾਰ ਬਾਹਰਲੇ ਪਿੰਡਾਂ ਦੀ ਗਵਾਹੀ ਦਿੰਦੇ ਹਨ,ਉਹ ਆਪਣੇ ਪਿੰਡ ਲੈਵਲ ’ਤੇ ਹੀ ਗਵਾਹੀ ਦੇ ਸਕਦੇ ਹਨ ਅਤੇ ਮਾਨਸਾ ਵਿੱਚ ਜੋ ਐੱਮਸੀ ਗਵਾਹੀ ਪਾ ਰਹੇ ਹਨ,ਉਹ ਸਰਾਸਰ ਗਲਤ ਹੈ ਅਤੇ ਇੱਥੇ ਨੰਬਰਦਾਰਾਂ ਹੀ ਗਵਾਹੀ ਮੰਨੀ ਜਾਵੇ। ਇਸ ਮੌਕੇ ਸਤਨਾਮ ਸਿੰਘ ਭੁਪਾਲ,ਕਰਮ ਸਿੰਘ ਅਤਲਾ,ਸਿਮਰਜੀਤ ਕੌਰ ਬਹਿਣੀਵਾਲ,ਹਰਿੰਦਰ ਕੌਰ ਲੱਲੂਆਣਾ ਹਾਜ਼ਰ ਸਨ। -ਪੱਤਰ ਪ੍ਰੇਰਕ