ਸ਼ਮੀਲ
ਪੰਜਾਬ ਦੇ ਇਕ ਵੱਡੇ ਅਦਾਰੇ ਦਾ ਮੁਖੀ ਅਤੇ ਕੁਝ ਹੋਰ ਵਿਅਕਤੀ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਕੁਝ ਸਾਲ ਪਹਿਲਾਂ ਟੋਰਾਂਟੋ ਖੇਤਰ ਵਿਚ ਆਏ ਹੋਏ ਸਨ। ਇਕ ਸ਼ਾਮ ਕਿਸੇ ਦੇ ਘਰ ਸਾਰਾ ਗਰੁੱਪ ਇਕੱਠਾ ਹੋਇਆ ਸੀ ਅਤੇ ਹੋਰ ਵੀ ਲੋਕਲ ਲੋਕ ਪਹੁੰਚੇ ਹੋਏ ਸਨ। ਇਸ ਮਹਿਫਲ ਦੌਰਾਨ ਅਦਾਰੇ ਦੇ ਇਕ ਸੀਨੀਅਰ ਮੈਂਬਰ ਇਸ ਸੰਸਥਾ ਦੇ ਮੁਖੀ ਨਾਲ ਗੱਲਬਾਤ ਕਰ ਰਹੇ ਸਨ। ਪੰਜ-ਦਸ ਮਿੰਟ ਦੀ ਗੱਲਬਾਤ ਵਿਚ ਮੈਂ ਇਕ ਅਜਿਹੀ ਚੀਜ਼ ਦੇਖੀ, ਜਿਹੜੀ ਭਾਰਤ ਵਿਚ ਰਹਿੰਦਿਆਂ ਸ਼ਾਇਦ ਮੇਰੇ ਧਿਆਨ ਵਿਚ ਨਾ ਆਉਂਦੀ। ਆਪਣੇ ਸੱਭਿਆਚਾਰ ਤੋਂ ਦੂਰ ਜਾ ਕੇ ਤੁਸੀਂ ਕਈ ਵਾਰ ਆਪਣੇ ਸੱਭਿਆਚਾਰ ਨੂੰ ਨਵੇਂ ਰੂਪ ਵਿਚ ਦੇਖਣ ਲੱਗਦੇ ਹੋ। ਮੇਰੇ ਨਾਲ ਵੀ ਉਸ ਦਿਨ ਕੁਝ ਅਜਿਹਾ ਹੀ ਹੋਇਆ। ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਜਿਸ ਤਰੀਕੇ ਨਾਲ ਉਹ ਆਪਣੇ ਬੌਸ ਅਤੇ ਅਦਾਰੇ ਦੇ ਮੁਖੀ ਨਾਲ ਗੱਲਬਾਤ ਕਰ ਰਹੇ ਸਨ, ਉਹ ‘ਨੌਰਮਲ’ ਨਹੀਂ ਹੈ। ਪੱਛਮੀ ਸੱਭਿਆਚਾਰ ਮੁਤਾਬਕ ਮੈਨੂੰ ਉਹ ਆਮ ਨਹੀਂ ਲੱਗਿਆ, ਭਾਵੇਂ ਭਾਰਤ ਵਿਚ ਉਹ ਆਮ ਹੀ ਲੱਗਦਾ ਹੋਵੇਗਾ। ਉਨ੍ਹਾਂ ਦੀ ਬੌਡੀ ਲੈਂਗੂਏਜ ਬਹੁਤ ਆਜਜ਼ੀ ਵਾਲੀ ਸੀ। ਜਿਵੇਂ ਕਿਸੇ ਇਤਿਹਾਸਕ ਸੀਰੀਅਲ ਵਿਚ ਕਿਸੇ ਦਰਬਾਨ ਨੂੰ ਰਾਜੇ ਨਾਲ ਗੱਲਬਾਤ ਕਰਦੇ ਹੋਏ ਦੇਖਦੇ ਹਾਂ, ਪਰ ਉਸ ਤੋਂ ਵੀ ਵੱਧ ਓਪਰੀ ਗੱਲ ਇਹ ਲੱਗੀ ਕਿ ਉਹ ਸਰ ਸ਼ਬਦ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਸਨ। ਹਰ ਵਾਕ ਦੇ ਸ਼ੁਰੂ ਵਿਚ, ਇਕ ਦੋ ਵਾਰ ਵਿਚਾਲੇ ਵੀ ਅਤੇ ਅੰਤ ’ਤੇ ਵੀ ਉਹ ਸਰ ਸ਼ਬਦ ਲਾਉਂਦੇ। ਭਾਰਤ ਛੱਡਣ ਤੋਂ ਕੁਝ ਸਾਲ ਬਾਅਦ ਪਹਿਲੀ ਵਾਰ ਮੈਂ ਭਾਰਤ ਦੇ ਕਿਸੇ ਅਦਾਰੇ ਦੇ ਲੋਕਾਂ ਨੂੰ ਇਕ ਜਗ੍ਹਾ ਇਸ ਤਰ੍ਹਾਂ ਇਕੱਠੇ ਰੂਪ ਵਿਚ ਦੇਖਿਆ ਸੀ। ਇਸ ਘਟਨਾ ਤੋਂ ਬਾਅਦ ਮੈਂ ਸਰ ਸ਼ਬਦ ਦੀ ਵਰਤੋਂ ਨੂੰ ਲੈ ਕੇ ਉੱਤਰੀ ਅਮਰੀਕਨ ਅਤੇ ਭਾਰਤੀ ਕਲਚਰ ਵਿਚਕਾਰ ਫ਼ਰਕ ਵੱਲ ਧਿਆਨ ਦੇਣਾ ਸ਼ੁਰੂ ਕੀਤਾ।
ਨਿੱਜੀ ਤੌਰ ’ਤੇ ਪਤਾ ਨਹੀਂ ਕਿਉਂ, ਸਰ ਸ਼ਬਦ ਮੈਨੂੰ ਸ਼ੁਰੂ ਤੋਂ ਹੀ ਓਪਰਾ ਲੱਗਦਾ ਰਿਹਾ। ਆਪਣੀਆਂ ਕਈ ਆਦਤਾਂ ਤੁਸੀਂ ਨਹੀਂ ਦੱਸ ਸਕਦੇ ਕਿ ਕਿੱਥੋਂ ਆਈਆਂ ਅਤੇ ਕਿਵੇਂ ਬਣੀਆਂ। ਇਸ ਕਰਕੇ ਮੈਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਕਿਉਂ ਸੀ, ਪਰ ‘ਸਰ’ ਸ਼ਬਦ ਮੈਨੂੰ ਕੁਝ ਅਜੀਬ ਲੱਗਦਾ ਸੀ। ਭਾਰਤ ਵਿਚ ਆਪਣੀ ਪੜ੍ਹਾਈ ਦੇ ਦਿਨਾਂ ਦੌਰਾਨ ਜਾਂ ਪ੍ਰੋਫੈਸ਼ਨਲ ਲਾਈਫ ਦੌਰਾਨ ਮੈਨੂੰ ਕਾਫ਼ੀ ਕੋਸ਼ਿਸ਼ ਕਰਕੇ ਇਸ ਨੂੰ ਵਰਤਣ ਦੀ ਆਦਤ ਪਾਉਣੀ ਪਈ, ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਇਸ ਨੂੰ ਜਿੰਨਾ ਹੋ ਸਕੇ, ਘੱਟ ਤੋਂ ਘੱਟ ਵਰਤਿਆ ਜਾ ਸਕੇ। ਕੋਸ਼ਿਸ਼ ਕਰਦਾ ਸਾਂ ਕਿ ਇਕ ਦੋ ਵਾਰ ਕਹਿ ਕੇ ਹੀ ਕੰਮ ਚੱਲ ਸਕੇ। ਪਰ ਕੁਝ ਸਾਲ ਕੈਨੇਡਾ ਵਿਚ ਰਹਿਣ ਤੋਂ ਬਾਅਦ ਮੈਨੂੰ ਇਹ ਸ਼ਬਦ ਹੋਰ ਵੀ ਓਪਰਾ ਲੱਗਣ ਲੱਗਿਆ ਹੈ, ਖ਼ਾਸ ਕਰਕੇ ਜਦੋਂ ਇੰਡੀਅਨ ਟੈਲੀਵਿਜ਼ਨ ਚੈਨਲਾਂ ’ਤੇ ਕਿਸੇ
ਫੰਕਸ਼ਨ ਦੌਰਾਨ ਇਸ ਨੂੰ ਵਰਤੇ ਜਾਂਦੇ ਹੋਏ ਦੇਖਦਾ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਵਿਚ ਕੁਝ ਗ਼ਲਤ ਜਾਂ ਠੀਕ ਹੈ। ਹਰ ਕਲਚਰ ਦੀਆਂ ਆਪਣੀਆਂ ਪ੍ਰਥਾਵਾਂ ਹੁੰਦੀਆਂ ਹਨ। ਜੇ ਭਾਰਤ ਵਿਚ ਇਸ ਦੀ ਵਰਤੋਂ ਵੱਧ ਹੁੰਦੀ ਹੈ ਤਾਂ ਇਸ ਨੂੰ ਪੱਛਮੀ ਨਜ਼ਰੀਏ ਨਾਲ ਜੱਜ
ਨਹੀਂ ਕਰਨਾ ਚਾਹੀਦਾ। ਇੱਥੇ ਗੱਲ ਕਰਨ ਦਾ ਮਕਸਦ ਸਿਰਫ਼ ਇਕ ਸਮਾਜਿਕ ਰੁਝਾਨ ਦੇ ਤੌਰ ’ਤੇ ਇਸ ਦੀ ਪੱਛਮੀ ਕਲਚਰ ਨਾਲ ਤੁਲਨਾ ਕਰਨਾ ਹੈ, ਸਿਰਫ਼ ਸਮਝਣ ਦੇ ਮਕਸਦ ਨਾਲ।
‘ਸਰ’ ਸ਼ਬਦ ਮੂਲ ਰੂਪ ਵਿਚ ਕੋਈ ਭਾਰਤੀ ਸ਼ਬਦ ਨਹੀਂ ਹੈ। ਬ੍ਰਿਟਿਸ਼ ਰਾਜ ਦੌਰਾਨ ਪੱਛਮ ’ਚੋਂ ਹੀ ਇਹ ਭਾਰਤ ਵਿਚ ਆਇਆ। ਇਸ ਦੀ ਸ਼ੁਰੂਆਤ ਬ੍ਰਿਟਿਸ਼ ਸ਼ਾਹੀਤੰਤਰ ਵਿਚ ਹੋਈ, ਜਿੱਥੇ ਇਸ ਦੀ ਵਰਤੋਂ ਆਪਣੇ ਤੋਂ ਉੱਚੇ ਅਹੁਦੇ ਵਾਲੇ ਲੋਕਾਂ ਲਈ ਕੀਤੀ ਜਾਂਦੀ ਸੀ ਅਤੇ ਇਹ ਸਰਕਾਰੀ ਟਾਈਟਲ ਵੀ ਰਿਹਾ। ਜਿਵੇਂ ਬ੍ਰਿਟਿਸ਼ ਰਾਜ ਦੌਰਾਨ ਬਹੁਤ ਸਾਰੇ ਲੋਕਾਂ ਨੂੰ ‘ਸਰ’ ਦੀ ਉਪਾਧੀ ਦਿੱਤੀ ਗਈ ਸੀ। ਸਮਾਂ ਪੈਣ ਨਾਲ ਪੱਛਮੀ ਜਗਤ ਵਿਚ ਜਾਂ ਖ਼ਾਸ ਕਰਕੇ ਉੱਤਰੀ ਅਮਰੀਕਾ ਵਿਚ ਇਸ ਦੀ ਵਰਤੋਂ ਕਾਫ਼ੀ ਘਟਦੀ ਗਈ ਹੈ। ਉੱਤਰੀ ਅਮਰੀਕਾ ਦਾ ਕਲਚਰ ਬ੍ਰਿਟਿਸ਼ ਕਲਚਰ ਦੇ ਮੁਕਾਬਲੇ ਬਹੁਤ ਗ਼ੈਰ-ਰਸਮੀ ਹੈ। ਭਾਵੇਂ ਉੱਤਰੀ ਅਮਰੀਕ ਵਿਚ ਅਜੇ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ, ਪਰ ਬਹੁਤ ਖ਼ਾਸ ਥਾਵਾਂ ’ਤੇ ਅਤੇ ਬਹੁਤ ਰਸਮੀ ਮੌਕਿਆਂ ’ਤੇ ਇਸ ਦੀ ਵਰਤੋਂ ਹੁੰਦੀ ਹੈ। ਕਾਰਪੋਰੇਟ ਕਲਚਰ ਵਿਚ ਤਾਂ ਇਹ ਲਗਭਗ ਖ਼ਤਮ ਹੋ ਚੁੱਕਾ ਹੈ। ਕੈਨੇਡਾ ਦੇ ਐਜੂਕੇਸ਼ਨ ਸਿਸਟਮ ਵਿਚ ਵੀ ਇਹ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ।
ਕੈਨੇਡਾ ਵਿਚ ਇਸ ਦੀ ਵਰਤੋਂ ਕਈ ਵਾਰ ਬਹੁਤ ਅਜੀਬ ਤਰੀਕੇ ਨਾਲ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ ’ਤੇ ਤੁਸੀਂ ਕਿਸੇ ਨੂੰ ਕੁਝ ਅਸੁਖਾਵਾਂ ਕਹਿਣਾ ਹੈ, ਪਰ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਰੁੱਖਾ ਨਹੀਂ ਬੋਲ ਸਕਦੇ ਤਾਂ ਅਗਲੇ ਨੂੰ ‘ਸਰ’ ਕਹਿ ਕੇ ਉਸ ਤੋਂ ਬਾਅਦ ਅਗਲੀ ਗੱਲ ਜ਼ਰਾ ਸਖ਼ਤ ਸ਼ਬਦਾਂ ਵਿਚ ਕਹਿ ਦਿੱਤੀ ਜਾਂਦੀ ਹੈ। ਜਾਂ ਜੇ ਰਾਹ ਜਾਂਦੇ ਤੁਹਾਨੂੰ ਕਿਸੇ ਪੁਲੀਸ ਵਾਲੇ ਨੇ ਕਿਸੇ ਡਰਾਈਵਿੰਗ ਨਾਲ ਸਬੰਧਤ ਗ਼ਲਤੀ ਕਾਰਨ ਰੋਕਿਆ ਹੈ ਅਤੇ ਉਹ ਕਨੂੰਨਨ ਤੁਹਾਨੂੰ ਸਖ਼ਤ ਨਹੀਂ ਬੋਲ ਸਕਦਾ। ਅਜਿਹੇ ਮੌਕੇ ਵੀ ਤੁਸੀਂ ਪੁਲੀਸ ਅਫ਼ਸਰ ਦੇ ਮੂੰਹੋਂ ‘ਸਰ’ ਸ਼ਬਦ ਸੁਣ ਸਕਦੇ ਹੋ। ਜਾਂ ਕਈ ਵਾਰ ਮੈਂ ਕਿਸੇ ਕੇਸ ਵਿਚ ਕਿਸੇ ਅਦਾਲਤੀ ਫ਼ੈਸਲੇ ਦੀ ਰਿਪੋਰਟ ਪੜ੍ਹਦਾ ਹਾਂ। ਜੱਜ ਸਜ਼ਾ ਸੁਣਾਉਣ ਵੇਲੇ ਮੁਜ਼ਰਮ ਲਈ ਕੁਝ ਸਖ਼ਤ ਸ਼ਬਦ ਵਰਤਦਾ ਹੈ, ਪਰ ਜ਼ੁਬਾਨ ਦੀ ਮਰਿਆਦਾ ਕਾਇਮ ਰੱਖਣ ਲਈ ਉਸ ਨੂੰ ‘ਸਰ’ ਕਹਿਕੇ ਸੰਬੋਧਨ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਊੱਤਰੀ ਅਮਰੀਕਨ ਸੱਭਿਆਚਾਰ ਵਿਚ ਕੁਝ ਹੱਦ ਤਕ ਇਹ ਕੋਰਾ ਅਤੇ ਰੁੱਖਾ ਜਿਹਾ ਸ਼ਬਦ ਵੀ ਬਣ ਚੁੱਕਾ ਹੈ।
ਪਰ ਜਦੋਂ ਅਸੀਂ ਪਿਛਲੇ ਕੁਝ ਦਹਾਕਿਆਂ ਦੇ ਭਾਰਤੀ ਰੁਝਾਨਾਂ ਨੂੰ ਦੇਖਦੇ ਹਾਂ ਤਾਂ ਨਾ ਸਿਰਫ਼ ਸਰ ਸ਼ਬਦ ਦੀ ਵਰਤੋਂ ਵਧੀ ਹੈ, ਬਲਕਿ ਇਸਨੇ ਕਈ ਅਜਿਹੇ ਰੂਪ ਵੀ ਲੈ ਲਏ ਹਨ, ਜਿਹੜੇ ਘੱਟੋ ਘੱਟ ਉੱਤਰੀ ਅਮਰੀਕਾ ਵਿਚ ਬਹੁਤ ਓਪਰੇ ਲੱਗਦੇ ਹਨ। ਇਹ ਰੁਝਾਨ ਨਾ ਸਿਰਫ਼ ਸਿੱਖਿਆ ਅਦਾਰਿਆਂ ਅਤੇ ਦਫ਼ਤਰਾਂ ਵਿਚ ਦਿਸਦੇ ਹਨ, ਬਲਕਿ ਟੈਲੀਵਿਜ਼ਨ ਸ਼ੋਅ’ਜ਼ ਅਤੇ ਫ਼ਿਲਮ ਐਵਾਰਡ ਫੰਕਸ਼ਨਾਂ ਵਿਚ ਵੀ ਦਿਸਦੇ ਹਨ। ਭਾਰਤ ਵਿਚ ਇਸ ਦੀ ਜਿੰਨੀ ਵਰਤੋਂ ਹੁੰਦੀ ਹੈ, ਉਹ ਕਈ ਵਾਰ ਬੇਲੋੜੀ ਵੀ ਲੱਗਦੀ ਹੈ। ਗੱਲਬਾਤ ਵਿਚ ਕਿਸੇ ਲਈ ਵਾਰ ਵਾਰ ਸਰ ਸ਼ਬਦ ਦੀ ਵਰਤੋਂ ਕਰਨਾ ਬੇਲੋੜਾ ਲੱਗਦਾ ਹੈ। ਇਹ ਸਤਿਕਾਰ ਨਹੀਂ, ਚਾਪਲੂਸੀ ਹੈ। ਜਾਂ ਬੇਵਜ੍ਹਾ ਦਾ ਡਰ ਜਾਂ ਹੀਣ ਭਾਵਨਾ ਹੈ।
ਸਤਿਕਾਰ ਵਿਚੋਂ ਹੀ ‘ਬਹੁਤ ਜ਼ਿਆਦਾ ਸਤਿਕਾਰ’ ਵਾਲਾ ਸ਼ਬਦ ‘ਸਰ ਜੀ’ ਬਣ ਗਿਆ ਹੈ। ਇਹ ਨਿਰੋਲ ਭਾਰਤੀ ਖੋਜ ਹੈ। ਸਾਡੇ ਲੋਕਾਂ ਨੂੰ ਲੱਗਿਆ ਕਿ ਇਕੱਲਾ ਸਰ ਕਹਿਣ ਨਾਲ ਵੀ ਸ਼ਾਇਦ ਗੱਲ ਨਹੀਂ ਬਣੀ, ਇਸ ਕਰਕੇ ਸਰ ਨਾਲ ‘ਜੀ’ ਸ਼ਬਦ ਲਾ ਦਿੱਤਾ ਅਤੇ ਸਰ ਜੀ ਬਣ ਗਿਆ। ਸਰ ਦਾ ਇਹ ਰੂਪ ਭਾਰਤ ਦੀ ਦੇਣ ਹੈ ਅਤੇ ਇਸ ਨੂੰ ਇਕ ਵੱਖਰੇ ਸ਼ਬਦ ਵਜੋਂ ਇੰਟਰਨੈਸ਼ਨਲ ਡਿਕਸ਼ਨਰੀਜ਼ ਵਿਚ ਸਥਾਨ ਮਿਲਣਾ ਚਾਹੀਦਾ ਹੈ।
ਪਰ ਭਾਰਤ ਵਿਚ ਗੱਲ ਇਸ ਤੋਂ ਵੀ ਅੱਗੇ ਨਿਕਲ ਗਿਆ ਹੈ। ਇਹ ਸਿਰਫ਼ ਸੰਬੋਧਨੀ ਸ਼ਬਦ ਨਹੀਂ ਰਿਹਾ, ਜਿਵੇਂ ਕਿਸੇ ਨੂੰ ਸੰਬੋਧਨ ਕਰਨ ਵੇਲੇ ਅਸੀਂ ਸਰ ਕਹਿੰਦੇ ਹਾਂ। ਭਾਰਤ ਵਿਚ ਇਸ ਦੀ ਵਰਤੋਂ ਹੁਣ ਇਕ ਪੜਨਾਵ ਵਜੋਂ ਵੀ ਹੋ ਰਹੀ ਹੈ। ਜਿਵੇਂ ‘ਸਰ ਨੇ ਇਹ ਗੱਲ ਕਹੀ’। ਜਾਂ ‘ਸਰ ਕਿੱਥੇ ਨੇ?’ ਜਾਂ ‘ਸਾਡੇ ਸਰ ਬਹੁਤ ਸਖ਼ਤ ਨੇ’ ਆਦਿ। ਇਹ ਇਸ ਸ਼ਬਦ ਦੀ ਬੜੀ ਨਿਵੇਕਲੀ ਵਰਤੋਂ ਹੈ। ਸ਼ਬਦਾਂ ਅਤੇ ਭਾਸ਼ਾ ਦਾ ਇਹ ਬੜਾ ਦਿਲਚਸਪ ਵਰਤਾਰਾ ਹੈ। ਕਮਾਲ ਦੀ ਗੱਲ ਹੈ ਕਿ ਵਾਇਆ ਭਾਰਤ ਇਹ ਹੁਣ ਵਾਪਸ ਕੈਨੇਡਾ ਆਉਣ ਲੱਗਾ ਹੈ। ਬਹੁਤ ਵੱਡੀ ਗਿਣਤੀ ਵਿਚ ਲੋਕ ਹੁਣ ਭਾਰਤ ਤੋਂ ਕੈਨੇਡਾ ਆ ਰਹੇ ਹਨ ਅਤੇ ਉਨ੍ਹਾਂ ਦੀ ਜ਼ੁਬਾਨ ’ਤੇ ਇਹ ਸ਼ਬਦ ਚੜ੍ਹਿਆ ਹੈ। ਉਹ ਇੱਥੇ ਆ ਕੇ ਵੀ ਆਪਣੀ ਇਸ ਆਦਤ ਮੁਤਾਬਕ ਇਸ ਨੂੰ ਵਰਤਦੇ ਰਹਿੰਦੇ ਹਨ। ਜਿਨ੍ਹਾਂ ਦਫ਼ਤਰਾਂ ਵਿਚ ਭਾਰਤ ’ਚੋਂ ਨਵੇਂ ਆਏ ਪ੍ਰੋਫੈਸ਼ਨਲਜ਼ ਜ਼ਿਆਦਾ ਹੋਣ, ਉੱਥੇ ਕੈਨੇਡਾ ਵਿਚ ਵੀ ਸਰ ਸ਼ਬਦ ਆਮ ਨਾਲੋਂ ਵੱਧ ਸੁਣਨ ਲੱਗਿਆ ਹੈ। ਭਾਸ਼ਾ ਅਤੇ ਸ਼ਬਦਾਂ ਦੀ ਇਹ ਅਜੀਬ ਖੇਡ ਹੈ। ਸਰ ਸ਼ਬਦ ਦੇ ਇਸ ਸਫ਼ਰ ਨੂੰ ਸ਼ਾਇਦ ਭਾਰਤ ਵਿਚ ਰਹਿੰਦੇ ਹੋਏ ਮੈਂ ਨਾ ਦੇਖ ਸਕਦਾ।